ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਇਜਲਾਸ ‘ਚ ਮਾਹੌਲ ਉਸ ਸਮੇ਼ ਗਰਮਾ ਗਿਆ ਜਦੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਆਮ ਆਦਮੀ ਪਾਰਟੀ ਅਤੇ ਵਿਧਾਨ ਸਭਾ ‘ਚ ਅਸਤੀਫਾ ਦੇ ਚੁੱਕੇ ਹਲਕਾ ਦਾਖਾ ਦੇ ਵਿਧਾਇਕ ਐਚ ਐਸ ਫੂਲਕਾ ਦੀ ਦਿੱਤੀ ਹੋਈ ਸਲਾਹ ‘ਤੇ ਹਾਮੀ ਭਰ ਦਿੱਤੀ। ਜਾਣਕਾਰੀ ਮੁਤਾਬਿਕ ਜਦੋਂ ਐਚ ਐਸ ਫੂਲਕਾ ਨੇ ਵਿਧਾਨ ਸਭਾ ਅੰਦਰ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਬੰਧੀ ਮੁੱਖ ਮੰਤਰੀ ਨੂੰ ਕੇਂਦਰ ਨਾਲ ਮਿਲਣਾ ਚਾਹੀਦਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਲਾਹ ‘ਤੇ ਫੁੱਲ ਚੜ੍ਹਾਉਂਦਿਆਂ ਕਿਹਾ ਕਿ ਉਹ ਜਲਦ ਹੀ ਇਸ ਮਾਮਲੇ ‘ਤੇ ਗੌਰ ਕਰਨਗੇ। ਇਸ ਮਾਮਲੇ ਤੋਂ ਅਕਾਲੀ ਵਿਧਾਇਕਾਂ ਨੂੰ ਇਨ੍ਹਾਂ ਗੁੱਸਾ ਆਇਆ ਕਿ ਉਹ ਵਿਧਾਨ ਸਭਾ ਦੀ ਚਲਦੀ ਕਾਰਵਾਈ ਨੂੰ ਵਿਚਕਾਰ ਹੀ ਛੱਡ ਬਾਹਰ ਚਲੇ ਗਏ।
ਫੂਲਕਾ ਦੀ ਇਸ ਰਾਏ ਨੂੰ ਕੈਪਟਨ ਵੱਲੋਂ ਫੁੱਲ ਚੜ੍ਹਾਏ ਜਾਣ ‘ਤੋਂ ਚੜ੍ਹੀ ਖਿਝ ਅਕਾਲੀ ਵਿਧਾਇਕ ਐਨ ਕੇ ਸ਼ਰਮਾਂ ਨੇ ਐਚ ਐਸ ਫੂਲਕਾ ਦੀ ਵਿਧਾਇਕ ਸਬੰਧੀ ਸਵਾਲ ਛੇੜ ਕੇ ਕੱਢੀ । ਇਸ ਰਾਗ ਤੋਂ ਬਾਅਦ ਐਨ ਕੇ ਸ਼ਰਮਾਂ ਨੇ ਆਮ ਆਦਮੀ ਪਾਰਟੀ ਨੂੰ ਵੀ ਲੰਮੇ ਹੱਥੀ ਲੈਂਦਿਆਂ ਕਾਂਗਰਸ ਪਾਰਟੀ ਦੀ ਬੀ ਟੀਮ ਕਹਿ ਕੇ ਸੰਬੋਧਨ ਕੀਤਾ।
ਅਕਾਲੀ ਵਿਧਾਇਕ ਐਨ ਕੇ ਸ਼ਰਮਾਂ ਦੇ ਫੂਲਕਾ ਤੇ ਕਾਂਗਰਸ ਪਾਰਟੀ ਵਿਰੁੱਧ ਕੀਤੇ ਗਏ ਤਿੱਖੇ ਸ਼ਬਦੀ ਹਮਲਿਆਂ ਦਾ ਜਵਾਬ ਦੇਣ ਲਈ ਅੱਗੇ ਵਧੇ ਕਾਂਗਰਸ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਐਚ ਐਸ ਫੂਲਕਾ ਵੱਲੋਂ ਕੀਤੇ ਗਏ ਚੰਗੇ ਕੰਮਾਂ ਦੀ ਪ੍ਰਸ਼ੰਸ਼ਾ ਕੀਤੀ ਅਤੇ ਇਸ ਦੇ ਨਾਲ ਹੀ ਕਿਹਾ ਕਿ ਫੂਲਕਾ ਨੇ ਜੋ ਸਿੱਖ ਕੌਮ ਲਈ ਕੀਤਾ ਹੈ ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
ਇਸ ਗਰਮਾਏ ਹੋਏ ਮਾਹੌਲ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾ ਜਲਦ ਕਰਵਾਏ ਜਾਣ ਸਬੰਧੀ ਬਿੱਲ ਪਾਸ ਹੋ ਗਿਆ ਅਤੇ ਸਦਨ ਨੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਮੁੱਦੇ ਨੂੰ ਲੈ ਕੇ ਕੇਂਦਰ ਨਾਲ ਗੱਲਬਾਤ ਕਰਨ।
ਇਸ ਮਤੇ ਦੇ ਪਾਸ ਹੋ ਜਾਣ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿ ਇਹ ਸਿੱਖ ਧਰਮ ਦਾ ਮੁੱਦਾ ਹੈ ਅਤੇ ਇਸ ਸਬੰਧੀ ਵਿਧਾਨ ਸਭਾ ਨੂੰ ਫੈਸਲੇ ਕਰਨ ਦਾ ਕੋਈ ਹੱਕ ਨਹੀਂ ਹੈ। ਬਿਕਰਮ ਸਿੰਘ ਮਜੀਠੀਆ ਦੇ ਇਸ ਬਿਆਨ ਤੋਂ ਬਾਅਦ ਵਿਰੋਧੀਆਂ ਨੇ ਇਸ ‘ਤੇ ਸਿਆਸੀ ਤੰਜ਼ ਕਸਣੇ ਸ਼ੁਰੂ ਕਰ ਦਿੱਤੇ ਅਤੇ ਜਿਸ ਦੇ ਚਲਦਿਆਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾਂ ਵੀ ਪਿੱਛੇ ਨਹੀਂ ਰਹੇ ਉਨ੍ਹਾਂ ਕਿਹਾ ਕਿ ਅਕਾਲੀ ਸਿਰਫ ਸ਼੍ਰੋਮਣੀ ਕਮੇਟੀ ‘ਤੇ ਆਪਣਾ ਪ੍ਰਭਾਵ ਰੱਖਣ ਲਈ ਇਹ ਸਾਰਾ ਕੁਝ ਕਰ ਰਹੇ ਹਨ ਤੇ ਇਹ ਸਿਰਫ ਮਗਰਮੱਛ ਦੇ ਹੰਝੂ ਹਨ ਹੋਰ ਕੁਝ ਨਹੀ਼ ।