ਦਿੱਲੀ ਚੱਲੋ ਦੀ ਤਿਆਰੀ ਜ਼ੋਰਾਂ ‘ਤੇ ਭਾਕਿਯੂ ਵੱਲੋਂ 112 ਜ਼ਿਲ੍ਹਿਆਂ ਦੇ 318 ਪਿੰਡਾਂ ‘ਚ ਤੀਜੇ ਦਿਨ ਵੀ ਰੋਹ ਭਰਪੂਰ ਮੁਜ਼ਾਹਰੇ

TeamGlobalPunjab
2 Min Read

ਚੰਡੀਗੜ੍ਹ: ਕੇਂਦਰ ਦੇ ਤਿੰਨੇ ਕਾਲੇ ਖੇਤੀ ਕਾਨੂੰਨ, ਬਿਜਲੀ ਬਿੱਲ 2020 ਅਤੇ ਪਰਾਲ਼ੀ ਆਰਡੀਨੈਂਸ ਰੱਦ ਕਰਾਉਣ ਲਈ 26-27 ਨਵੰਬਰ ਨੂੰ ਦਿੱਲੀ ਚੱਲੋ ਦੀ ਜ਼ੋਰਦਾਰ ਤਿਆਰੀ ਲਈ ਭਾਕਿਯੂ (ਏਕਤਾ ਉਗਰਾਹਾਂ)ਵੱਲੋਂ “ਪਿੰਡ ਜਗਾਓ, ਪਿੰਡ ਹਿਲਾਓ ਮੁਹਿੰਮ” ਦੌਰਾਨ ਅੱਜ ਤੀਜੇ ਦਿਨ ਵੀ 12 ਜਿਲ੍ਹਿਆਂ ਦੇ ਹੋਰ 318 ਪਿੰਡਾਂ ਵਿੱਚ ਔਰਤ ਮੁਜ਼ਾਹਰੇ, ਨੁੱਕੜ ਨਾਟਕ,ਝੰਡਾ ਮਾਰਚ ਤੇ ਮਸ਼ਾਲ ਮਾਰਚ ਕੀਤੇ ਗਏ।

ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪਿੰਡਾਂ ਅੰਦਰ ਕਿਸਾਨਾਂ ਮਜ਼ਦੂਰਾਂ ਖਾਸ ਕਰਕੇ ਨੌਜਵਾਨਾਂ ਤੇ ਔਰਤਾਂ ਵਿੱਚ ਮੋਦੀ ਭਾਜਪਾ ਹਕੂਮਤ ਵਿਰੁੱਧ ਅੰਤਾਂ ਦਾ ਰੋਹ ਅਤੇ ਦਿੱਲੀ ਚੱਲੋ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਦਿਨ ਰਾਤ ਇੱਕ ਕਰ ਰਹੀਆਂ ਤਿਆਰੀ ਟੀਮਾਂ ਨੂੰ ਲੋਕਾਂ ਵੱਲੋਂ ਸੰਘਰਸ਼ ਫੰਡ, ਰਾਸ਼ਨ/ਬਾਲਣ ਅਤੇ ਕੰਬਲ ਵਗੈਰਾ ਵੀ ਵਿਤ ਮੂਜਬ ਦਿਲ ਖੋਲ੍ਹ ਕੇ ਦਿੱਤੇ ਜਾ ਰਹੇ ਹਨ। ਬੱਸਾਂ,ਟਰੱਕਾਂ ਤੇ ਤਰਪਾਲ ਛੱਤਾਂ ਵਾਲੀਆਂ ਟਰਾਲੀਆਂ ਦੇ ਇੰਤਜ਼ਾਮ ਸੈਂਕੜਿਆਂ ਦੀ ਗਿਣਤੀ ਵਿੱਚ ਕੀਤੇ ਜਾ ਚੁੱਕੇ ਹਨ ਅਤੇ ਹੋਰ ਵੀ ਕੀਤੇ ਜਾ ਰਹੇ ਹਨ।

26 ਨਵੰਬਰ ਨੂੰ12 ਵਜੇ ਤੱਕ ਇਕੱਠੇ ਹੋ ਕੇ ਦਿੱਲੀ ਵੱਲ ਕੂਚ ਕਰਨ ਲਈ ਮਿਥੀਆਂ ਗਈਆਂ ਥਾਂਵਾਂ ਡੱਬਵਾਲੀ ਤੇ ਖਨੌਰੀ ਵਿਖੇ ਦੋ ਲੱਖ ਦੀ ਗਿਣਤੀ ਦਾ ਟੀਚਾ ਵਧਣ ਦੇ ਅੰਦਾਜ਼ੇ ਬਣ ਰਹੇ ਹਨ। ਪੰਜਾਬ ਭਰ ਦੀਆਂ ਤਿਆਰੀਆਂ ਦੇ ਠੋਸ ਜਾਇਜ਼ੇ 24 ਨਵੰਬਰ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਸੂਬਾਈ ਪ੍ਰੈੱਸ ਕਾਨਫਰੰਸ ਵਿੱਚ ਨਸ਼ਰ ਕੀਤੇ ਜਾਣਗੇ। ਜਥੇਬੰਦੀ ਵੱਲੋਂ ਹਰਿਆਣਾ ਸਰਕਾਰ ਨੂੰ ਈਮੇਲ ਰਾਹੀਂ ਲਿਖਤੀ ਅਪੀਲ 20 ਨਵੰਬਰ ਨੂੰ ਭੇਜ ਕੇ ਮੰਗ ਕੀਤੀ ਗਈ ਹੈ ਕਿ 26 ਨੂੰ ਡੱਬਵਾਲੀ ਤੇ ਖਨੌਰੀ ਤੋਂ ਦਿੱਲੀ ਜਾਣ ਵਾਲੇ ਸ਼ਾਂਤਮਈ ਕਿਸਾਨ ਕਾਫਲਿਆਂ ਨੂੰ ਹਰਿਆਣੇ ਵਿੱਚ ਦੀ ਬੇਰੋਕ-ਟੋਕ ਲੰਘਣ ਦਿੱਤਾ ਜਾਵੇ।

Share this Article
Leave a comment