ਪਟਨਾ ਸਾਹਿਬ : ਚੋਰੀ ਦੀਆਂ ਵਾਰਦਾਤਾਂ ਤਾਂ ਤੁਸੀਂ ਬਹੁਤ ਸੁਣੀਆਂ ਹੋਣਗੀਆਂ ਤੇ ਇਹ ਵੀ ਸੁਣਿਆ ਹੋਵੇਗਾ ਕਿ ਉਹ ਚੋਰੀ ਕਰਨ ਵਾਲੇ ਇਨਸਾਨ ਹੀ ਹੁੰਦੇ ਨੇ। ਪਰ ਕੀ ਕਦੇ ਚੂਹਿਆਂ ਵੱਲੋਂ ਚੋਰੀ ਕੀਤੇ ਜਾਣ ਬਾਰੇ ਸੁਣਿਆ ਹੈ ਜੇ ਨਹੀਂ, ਤਾਂ ਆਓ ਅੱਜ ਅਸੀਂ ਦਸਦੇ ਹਾਂ ਤੁਹਾਨੂੰ ਇੱਕ ਅਜਿਹੀ ਘਟਨਾ। ਇਹ ਕੋਈ ਅਫਵਾਹ ਨਹੀਂ ਬਲਕਿ ਸੱਚ ਹੈ। ਇਹ ਘਟਨਾ ਹੈ ਬਿਹਾਰ ‘ਚ ਪੈਂਦੇ ਪਟਨਾ ਸਾਹਿਬ ਦੀ ਜਿੱਥੇ ਕੁਝ ਚੂਹਿਆਂ ਵੱਲੋਂ ਬੇਸ਼ਕਿਮਤੀ ਹੀਰੇ ਚੋਰੀ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ।
ਜਾਣਕਾਰੀ ਮੁਤਾਬਿਕ ਪਟਨਾ ਸਾਹਿਬ ‘ਚ ਇੱਕ ਸੁਨਿਆਰੇ ਦੀ ਦੁਕਾਨ ‘ਚ ਉਸ ਵੇਲੇ ਭੜਥੂ ਪੈ ਗਿਆ ਜਦੋਂ ਉਸ ਦੇ ਅਥਾਹ ਕੀਮਤੀ ਹੀਰੇ ਗਾਇਬ ਹੋ ਗਏ। ਇਸ ਸਬੰਧੀ ਪਹਿਲਾਂ ਤਾਂ ਦੁਕਾਨ ਮਾਲਕ ਵੱਲੋਂ ਆਪਣੇ ਹੀ ਕਰਮਚਾਰੀਆਂ ‘ਤੇ ਸ਼ੱਕ ਜ਼ਾਹਰ ਕੀਤਾ ਪਰ ਜਦੋਂ ਇਸ ਸਬੰਧੀ ਜਾਂਚ ਕੀਤੀ ਗਈ ਤਾਂ ਉਹ ਨਿਰਦੋਸ਼ ਸਾਬਤ ਹੋਏ। ਇਸ ਤੋਂ ਬਾਅਦ ਜਦੋਂ ਇਸ ਦੁਕਾਨ ‘ਚ ਲੱਗੇ ਕੈਮਰਿਆਂ ਦੀ ਫੂਟੇਜ਼ ਦੇਖੀ ਗਈ ਤਾਂ ਦੇਖਣ ਵਾਲੇ ਸਾਰੇ ਹੱਕੇ-ਬੱਕੇ ਰਹਿ ਗਏ ਕਿ ਹੀਰੇ ਕਿਸੇ ਇਨਸਾਨ ਵੱਲੋਂ ਚੋਰੀ ਨਹੀਂ ਕੀਤੇ ਗਏ ਬਲਕਿ ਇੱਕ ਚੂਹੇ ਵੱਲੋਂ ਚੋਰੀ ਕੀਤੇ ਗਏ ਸਨ ਤੇ ਇਹ ਚੂਹਾ ਹੀਰਿਆਂ ਦਾ ਪੈਕਟ ਮੂੰਹ ਰਾਹੀਂ ਫੜ੍ਹ ਕੇ ਕਿਸੇ ਛੱਤ ਵਾਲੀ ਸੀਲਿੰਗ ‘ਚ ਜਾ ਛੁਪਿਆ ਹੈ ਜਿਸ ਕਾਰਨ ਹੁਣ ਹੀਰੇ ਲੱਭਣ ‘ਚ ਕਾਫੀ ਪ੍ਰੇਸ਼ਾਨੀ ਆ ਰਹੀ ਹੈ।
ਦੱਸ ਦਈਏ ਕਿ ਬਿਹਾਰ ‘ਚ ਚੂਹਿਆਂ ਵੱਲੋਂ ਵਾਪਰੀ ਇਹ ਕੋਈ ਪਹਿਲੀ ਘਟਨਾ ਨਹੀਂ ਬਲਕਿ ਇਸ ਤੋਂ ਪਹਿਲੀ ਵੀ ਕਈ ਵਾਰ ਚੂਹਿਆਂ ਦੀਆਂ ਬਿਹਾਰ ‘ਚ ਕਈ ਘਟਨਾਵਾਂ ਜਿਵੇਂ ਕਿ ਚੂਹਿਆਂ ਵੱਲੋਂ ਸਰਕਾਰੀ ਸ਼ਰਾਬ ਪੀਤੇ ਜਾਣਾ ਜਾਂ ਫਿਰ ਪਾਣੀ ਦਾ ਕੋਈ ਬੰਨ੍ਹ ‘ਚ ਖੁੱਡਾਂ ਬਣਾ ਕੇ ਤੋੜ ਦੇਣਾ ਤੇ ਹੜ੍ਹ ਲਿਆਉਣਾ ਆਦਿ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਨੇ। ਤੇ ਹੁਣ ਤਾਂ ਹੱਦ ਹੀ ਹੋ ਗਈ ਕਿ ਬਿਹਾਰ ਦੇ ਪਟਨਾ ਸਾਹਿਬ ‘ਚ ਚੂਹਿਆਂ ਵੱਲੋਂ ਚੋਰੀ ਵੀ ਕੀਤੀ ਗਈ ਹੈ।