‘ਭਾਜਪਾ ਦੱਸੇ ਤਾਂ ਸਹੀ ਕਿ ਨੋਟਬੰਦੀ ਦਾ ਦੇਸ਼ ਨੂੰ ਕੀ ਫਾਇਦਾ ਹੋਇਆ’ : ਅਖਿਲੇਸ਼ ਯਾਦਵ

TeamGlobalPunjab
2 Min Read

ਲਖਨਊ : ਦੇਸ਼ ਅੰਦਰ ਨੋਟਬੰਦੀ ਦੇ ਪੰਜ ਸਾਲ ਪੂਰੇ ਹੋ ਚੁੱਕੇ ਹਨ, ਇਸ ਮੁੱਦੇ ‘ਤੇ ਵਿਰੋਧੀ ਧਿਰਾਂ ਲਗਾਤਾਰ ਕੇਂਦਰ ਦੀ ਭਾਜਪਾ ਸਰਕਾਰ ਨੂੰ ਘੇਰ ਰਹੀਆਂ ਹਨ।ਕਾਂਗਰਸ, ਸ਼ਿਵ ਸੈਨਾ, ਐਨ.ਸੀ.ਪੀ. ਤੋਂ ਬਾਅਦ ਹੁਣ ਸਮਾਜਵਾਦੀ ਪਾਰਟੀ ਨੇ ਨੋਟਬੰਦੀ ਲਈ ਕੇਂਦਰ ਦੀ ਭਾਜਪਾ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ। ਉਨ੍ਹਾਂ ਦੇਸ਼ ਦੀ ਮਾੜੀ ਅਰਥ-ਵਿਵਸਥਾ ਦੀ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।

ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਭਾਜਪਾ ਨੂੰ ਦੱਸਣਾ ਚਾਹੀਦਾ ਹੈ ਕਿ ਨੋਟਬੰਦੀ ਦਾ ਦੇਸ਼ ਨੂੰ ਕੀ ਫਾਇਦਾ ਹੋਇਆ ? ਅਖਿਲੇਸ਼ ਨੇ ਤੰਜ਼ ਕੱਸਦਿਆਂ ਕਿਹਾ ਕਿ ਭਾਜਪਾ ਦੇ ਦਿਖਾਏ ਸੁਪਨੇ ਅਧੂਰੇ ਹੀ ਰਹਿ ਗਏ। ਉਸ ਦੇ ਯਤਨਾਂ ਤੋਂ ਸਿਰਫ਼ ਅਮੀਰਾਂ ਨੂੰ ਹੀ ਫ਼ਾਇਦਾ ਹੋਇਆ ਹੈ। ਨੋਟਬੰਦੀ ਦੌਰਾਨ ਕਈ ਲੋਕਾਂ ਦੀ ਜਾਨ ਗਈ ਪਰ ਅਜਿਹੇ ਲੋਕਾਂ ਦੀ ਮਦਦ ਸਿਰਫ਼ ਸਮਾਜਵਾਦੀ ਪਾਰਟੀ ਨੇ ਕੀਤੀ ਹੈ।

ਮੰਗਲਵਾਰ ਨੂੰ ਲਖਨਊ ਸਥਿਤ ਪਾਰਟੀ ਦਫਤਰ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਪਾ ਪ੍ਰਧਾਨ ਨੇ ਕਿਹਾ ਕਿ ‘ਭਾਜਪਾ ਨੂੰ ਉਸ ਕੈਸ਼ੀਅਰ ਦਾ ਜਨਮਦਿਨ ਮਨਾਉਣਾ ਚਾਹੀਦਾ ਹੈ, ਜਿਸ ਦਾ ਜਨਮ ਨੋਟਬੰਦੀ ਦੌਰਾਨ ਲਾਈਨ ‘ਚ ਖੜ੍ਹੇ ਹੋ ਕੇ ਹੋਇਆ ਸੀ।’

ਅਖਿਲੇਸ਼ ਯਾਦਵ ਨੇ ਕਿਸਾਨਾਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਕਿਸਾਨਾਂ ਨੂੰ ਲਾਭ ਦੇਣ ਦੀ ਬਜਾਏ ਉਨ੍ਹਾਂ ਨੂੰ ਕੁਚਲਿਆ ਜਾ ਰਿਹਾ ਹੈ। ਇਹ ਪਹਿਲੀ ਵਾਰ ਹੈ ਜਦੋਂ ਸਿਆਸੀ ਪਾਰਟੀਆਂ ਨੂੰ ਵੋਟਰ ਸੂਚੀਆਂ ਨਹੀਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਹ ਸਪੱਸ਼ਟ ਨਹੀਂ ਹੈ ਕਿ ਕਿੰਨੇ ਲੋਕਾਂ ਦੇ ਨਾਮ ਕੱਟੇ ਗਏ ਅਤੇ ਕਿੰਨੇ ਲੋਕਾਂ ਨੂੰ ਜੋੜਿਆ ਗਿਆ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਕਮਿਸ਼ਨ ਨੇ ਸੂਚੀ ਨਾ ਦਿੱਤੀ ਤਾਂ ਸਮਾਜਵਾਦੀ ਪਾਰਟੀ ਚੋਣ ਕਮਿਸ਼ਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰੇਗੀ।

- Advertisement -

 

ਇਸ ਦੌਰਾਨ ਸਮਾਜਵਾਦੀ ਪਾਰਟੀ (ਸਪਾ) ਦਾ ਕੁਨਬਾ ਉਸ ਸਮੇਂ ਹੋਰ ਮਜ਼ਬੂਤ ਹੋਇਆ ਜਦੋਂ ਅਖਿਲੇਸ਼ ਯਾਦਵ ਨੇ ਬਸਪਾ ਅਤੇ ਭਾਜਪਾ ਦੇ ਵੱਡੇ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ ।

ਮੰਗਲਵਾਰ ਨੂੰ ਬਸਪਾ ਦੀ ਦਿਵਿਆ ਗੰਗਵਾਰ ਸਮੇਤ ਕਈ ਨੇਤਾ ਸਪਾ ‘ਚ ਸ਼ਾਮਲ ਹੋ ਗਏ। ਭਾਜਪਾ ਦੇ ਸਾਬਕਾ ਮੰਤਰੀ ਹਰੀ ਓਮ ਉਪਾਧਿਆਏ ਵੀ ਸਮਰਥਕਾਂ ਸਮੇਤ ਸਪਾ ਵਿੱਚ ਸ਼ਾਮਲ ਹੋ ਗਏ।

Share this Article
Leave a comment