ਸੁਖਬੀਰ ਬਾਦਲ ਨੇ ਕੀਤਾ ਅਜਿਹਾ ਐਲਾਨ ਕਿ ਵੱਡੇ ਢੀਂਡਸਾ ਜਲਦ ਹੋ ਸਕਦੇ ਹਨ ਅਕਾਲੀ ਦਲ ‘ਚ ਸਰਗਰਮ!

TeamGlobalPunjab
5 Min Read

ਲੁਧਿਆਣਾ : ਇਸ ਵਾਰ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੌਰਾਨ ਕਈ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ ਜਿਨ੍ਹਾਂ ਨੇ ਨਾ ਸਿਰਫ ਸਾਰਿਆਂ ਦੇ ਗਣਿਤ ਵਿਗਾੜ ਦਿੱਤੇ ਹਨ ਜਿਨ੍ਹਾਂ ਨੂੰ ਦੇਖ ਕੇ ਜਿਆਦਾਤਰ ਲੋਕਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਹਨ। ਅਜਿਹੇ ਵਿੱਚ ਜਿੱਥੇ ਇੱਕ ਪਾਸੇ ਲੋਕਾਂ ਦਾ ਧਿਆਨ ਇਸ ਗੱਲ ਵੱਲ ਲੱਗਾ ਹੋਇਆ ਕਿ ਕੈਪਟਨ ਵਜ਼ਾਰਤ ਵਿੱਚੋਂ ਅਸਤੀਫਾ ਦੇ ਚੁਕੇ ਨਵਜੋਤ ਸਿੰਘ ਸਿੱਧੂ ਇਸ ਇਜਲਾਸ ਵਿੱਚ ਹਿੱਸਾ ਲੈਂਦੇ ਹਨ ਉੱਥੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਤਾਜਾ ਤਾਜਾ ਲੋਕ ਸਭਾ ਦੇ ਹਲਕਾ ਫਿਰੋਜ਼ਪੁਰ ਤੋਂ ਸੰਸਦ ਬਣੇ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਅੰਦਰ ਖਾਲੀ ਕੀਤੀ ਆਪਣੀ ਸੀਟ ‘ਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਬਿਠਾ ਕੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਸੁਖਬੀਰ ਬਾਦਲ ਵੱਲੋਂ ਲਏ ਗਏ ਇਸ ਫੈਸਲੇ ਦੀ ਸਿਆਸੀ ਹਲਕਿਆਂ ਵਿੱਚ ਇਹ ਕਹਿ ਕੇ ਪੁਣ-ਛਾਣ ਕੀਤੀ ਜਾ ਰਹੀ ਹੈ ਕਿ ਸੁਖਬੀਰ ਨੇ ਅਜਿਹਾ ਕਰਕੇ ਵੱਡੇ ਢੀਂਡਸਾ ਵੱਲੋਂ ਜਤਾਏ ਜਾ ਰਹੇ ਰੋਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਇਹ ਚਰਚਾ ਸੀ ਕਿ ਸੁਖਬੀਰ ਬਾਦਲ ਆਪਣੇ ਵੱਲੋਂ ਖਾਲੀ ਕੀਤੀ ਗਈ ਕੁਰਸੀ ‘ਤੇ ਆਪਣੇ ਸਾਲੇ ਅਤੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਬਿਠਾਉਣਗੇ।

ਦੱਸ ਦਈਏ ਕਿ ਲੰਘੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਅਸਤੀਫਾ ਦੇ ਦਿੱਤਾ ਸੀ ਤੇ ਬਾਅਦ ਵਿੱਚ ਉਨ੍ਹਾਂ ਨੇ ਮੀਡੀਆ ਦੇ ਕਈ ਹਲਕਿਆਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਇਹ ਕਹਿੰਦਿਆਂ ਨਰਾਜ਼ਗੀ ਜਾਹਰ ਕੀਤੀ ਸੀ ਕਿ ਸੁਖਬੀਰ ਕਾਰਨ ਹੀ ਪਾਰਟੀ ਉਸ ਹਾਲਤ ਵਿੱਚ ਪਹੁੰਚੀ ਹੈ, ਜਿਸ ਕਾਰਨ ਲੋਕ ਅਕਾਲੀ ਦਲ ਤੋਂ ਦੂਰ ਹੁੰਦੇ ਜਾ ਰਹੇ ਹਨ। ਵੱਡੇ ਢੀਂਡਸਾ ਦਾ ਇਹ ਦਾਅਦਾ ਸੀ ਕਿ ਜੇਕਰ ਸੁਖਬੀਰ ਪਾਰਟੀ ਦੀ ਪ੍ਰਧਾਨਗੀ ਛੱਡ ਦੇਣ ਤਾਂ ਉਹ ਲੋਕ ਵੀ ਮੁੜ ਪਾਰਟੀ ਨਾਲ ਜੁੜ ਜਾਣਗੇ ਜਿਹੜੇ ਲੋਕ ਨਾਰਾਜ਼ ਹੋ ਕੇ ਘਰ ਬੈਠ ਗਏ ਹਨ। ਇਸ ਦੌਰਾਨ ਲੋਕ ਸਭਾ ਚੋਣਾਂ ਆਈਆਂ ਤੇ ਸਾਰੇ ਅਕਾਲੀ ਲੀਡਰਾਂ ਤੋਂ ਇਲਾਵਾ ਪਾਰਟੀ ਸੁਪਰੀਮੋਂ ਪ੍ਰਕਾਸ਼ ਸਿੰਘ ਬਾਦਲ ਨੇ ਵੀ ਸੁਖਦੇਵ ਸਿੰਘ ਢੀਂਡਸਾ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਇੱਕੋ ਹੀ ਰਟ ਫੜੀ ਰੱਖੀ ਕਿ ਉਹ ਨਾ ਆਪਣਾ ਅਸਤੀਫਾ ਵਾਪਸ ਲੈਣਗੇ ਤੇ ਨਾ ਹੀ ਉਨ੍ਹਾਂ ਸਮੇਤ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ  ਲੋਕ ਸਭਾ ਚੋਣਾਂ ਲੜੇਗਾ। ਪਰ ਕਹਿੰਦੇ ਨੇ ਸਮਾਂ ਬਹੁਤ ਬਲਬਾਨ ਹੁੰਦਾ ਹੈ ਪਰ ਇਸ ਸਮੇਂ ਇੱਕ ਅਜਿਹੀ ਕਰਵਟ ਲਈ ਕਿ ਆਖਰ ਅਜਿਹੇ ਹਾਲਾਤ ਬਣ ਗਏ ਕਿ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੇ ਪਿਤਾ ਵੱਲੋਂ ਦਿੱਤੇ ਬਚਨ ਨੂੰ ਤੋੜ ਦਿੱਤਾ ਤੇ ਉਸ ਸੁਖਬੀਰ ਦੀ ਗੱਲ ਮੰਨ ਲਈ ਜਿਸ ਦੀ ਉਨ੍ਹਾਂ ਦੇ ਪਿਤਾ ਨਿੰਦਾ ਕਰਦੇ ਆ ਰਹੇ ਸਨ।

ਇਹ ਇੱਕ ਅਜਿਹਾ ਫੈਸਲਾ ਸੀ ਜਿਸ ਨੇ ਲੋਕਾਂ ਵਿੱਚ ਇਹ ਚਰਚਾ ਛੇੜ ਦਿੱਤੀ ਕਿ ਢੀਂਡਸਾ ਪਰਿਵਾਰ ਦੋ ਫਾੜ ਹੋ ਚੁਕਿਆ ਹੈ ਤੇ ਭਗਵੰਤ ਮਾਨ ਵਰਗੇ ਆਗੂਆਂ ਨੇ ਤਾਂ ਸੁਖਬੀਰ ‘ਤੇ ਇੱਥੋਂ ਤੱਕ ਟਿੱਪਣੀਆਂ ਕਰ ਦਿੱਤੀਆਂ ਸੀ ਸੁਖਬੀਰ ਆਪਣੇ ਪਿਤਾ ਦੀ ਗੱਲ ਤਾਂ ਮੰਨਦੇ ਨਹੀਂ ਤੇ ਹੁਣ ਪਰਮਿੰਦਰ ਨੂੰ ਆਪਣੇ ਪਿਤਾ ਦੇ ਖਿਲਾਫ ਭੜਕਾ ਕੇ ਉਨ੍ਹਾਂ ਦੇ ਘਰ ‘ਚ ਵੰਡੀਆਂ ਪਵਾਉਣ ਲੱਗੇ ਹੋਏ ਹਨ। ਇਸ ਸਾਰੀ ਮੁਲਾਖਫਤ ਦੌਰਾਨ ਕੁੱਲ ਮਿਲਾ ਕੇ ਪਰਮਿੰਦਰ ਢੀਂਡਸਾ ਨੇ ਕਿਸੇ ਦੀ ਇੱਕ ਨਾ ਸੁਣੀ ਤੇ ਚੋਣ ਮੈਦਾਨ ਵਿੱਚ ਕੁੱਦ ਪਏ ਤੇ ਆਖਰਕਾਰ ਉਹ ਕੁੱਝ ਹੋਇਆ ਜਿਹੜਾ ਕਿ ਵੱਡੇ ਢੀਂਡਸਾ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਚੋਣਾਂ ਵੇਲੇ ਮਾਹੌਲ ਅਕਾਲੀ ਦਲ ਦੇ ਹੱਕ ਵਿੱਚ ਨਹੀਂ ਹੈ ਤੇ ਪਰਮਿੰਦਰ ਢੀਂਡਸਾ ਨੂੰ ਇਨ੍ਹਾਂ ਚੋਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਪਰਮਿੰਦਰ ਭਗਵੰਤ ਮਾਨ ਤੋਂ ਇਹ ਚੋਣ ਲੱਖ ਤੋਂ ਵੱਧ ਵੋਟਾਂ ਨਾਲ ਹਾਰ ਗਏ ਤੇ ਪਿੱਛੇ ਰਹਿ ਗਈ ਵੱਡੇ ਢੀਂਡਸਾ ਦੀ ਨਰਾਜ਼ਗੀ ਜਿਸ ਨੂੰ ਸੁਖਬੀਰ ਬਾਦਲ ਪਰਮਿੰਦਰ ਢੀਂਡਸਾ ਨੂੰ ਵਿਧਾਨ ਸਭਾ ਅੰਦਰ ਆਪਣੀ ਸੀਟ ਦੇ ਕੇ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਇਹ ਸੀਟ ਉਸ ਵੱਡੇ ਢੀਂਡਸਾ ਦੀ ਨਰਾਜ਼ਗੀ ਦੂਰ ਕਰ ਪਾਵੇਗੀ ਜਾਂ ਨਹੀਂ ਜਿਸ ਵੱਡੇ ਢੀਂਡਸਾ ਦੀ ਗੱਲ ਉਨ੍ਹਾਂ ਦੇ ਆਪਣੇ ਪੁੱਤਰ ਨੇ ਵੀ ਨਹੀਂ ਮੰਨੀ ਇਸ ਗੱਲ ‘ਤੇ ਅਜੇ ਵੀ ਸਵਾਲੀਆ ਨਿਸ਼ਾਨ ਲੱਗਾ ਹੋਇਆ ਹੈ।

Share this Article
Leave a comment