ਚੰਡੀਗੜ੍ਹ : ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਪਿਛਲੇ ਕੁਝ ਦਿਨਾਂ ਤੋਂ ਛੁੱਟੀਆਂ ਦੌਰਾਨ ਹਿਮਾਚਲ ਦੀਆਂ ਠੰਡੀਆਂ ਘਾਟੀਆਂ ਵਿੱਚ ਗਏ ਹੋਏ ਸਨ, ਉਹ ਅੱਜ ਛੁੱਟੀਆਂ ਖਤਮ ਹੋਣ ਤੋਂ ਬਾਅਦ ਚੰਡੀਗੜ੍ਹ ਵਾਪਸ ਪਰਤ ਰਹੇ ਹਨ ਜਿਨ੍ਹਾਂ ਦਾ ਭਲਕੇ ਦਿੱਲੀ ਜਾਣ ਦਾ ਪ੍ਰੋਗਰਾਮ ਹੈ। ਅਧਿਕਾਰਿਤ ਤੌਰ ‘ਤੇ ਤਾਂ ਉਹ ਦਿੱਲੀ ਨੀਤੀ ਉਦਯੋਗ ਦੀ ਬੈਠਕ ਵਿੱਚ ਹਿੱਸਾ ਲੈਣ ਜਾ ਰਹੇ ਹਨ, ਪਰ ਕਿਹਾ ਜਾ ਰਿਹਾ ਹੈ ਕਿ ਇਸ ਦੌਰਾਨ ਕੈਪਟਨ ਦੀ ਮੁਲਾਕਾਤ ਦਿੱਲੀ ‘ਚ ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ ਨਾਲ ਵੀ ਹੋਣ ਦੀ ਸੰਭਾਵਨਾ ਹੈ ਜਿਨ੍ਹਾਂ ‘ਤੇ ਕੁੱਲ ਹਿੰਦ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕੈਪਟਨ ਸਿੱਧੂ ਵਿਵਾਦ ਨੂੰ ਹੱਲ ਕਰਨ ਦੀ ਜਿੰਮੇਵਾਰੀ ਪਾਈ ਹੈ। ਸੂਤਰਾਂ ਅਨੁਸਾਰ ਸ਼ਾਇਦ ਇਸੇ ਲਈ ਇੱਕ ਹੋਰ ਦਿਨ ਬੀਤ ਜਾਣ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਨੇ ਅਜੇ ਤੱਕ ਬਿਜਲੀ ਮਹਿਕਮੇਂ ਦਾ ਚਾਰਜ ਨਹੀਂ ਸੰਭਾਲਿਆ ਹੈ। ਸ਼ਾਇਦ ਉਹ ਇਸ ਇੰਤਜਾਰ ਵਿੱਚ ਹਨ ਕਿ ਅਹਿਮਦ ਪਟੇਲ ਉਨ੍ਹਾਂ ਵੱਲੋਂ ਦਿੱਤੀ ਗਈ ਲਿਖਤੀ ਸ਼ਿਕਾਇਤ ਦਾ ਕੋਈ ਹੱਲ ਕੱਢਣ।
ਦੱਸ ਦਈਏ ਕਿ ਬੀਤੇ ਦਿਨੀਂ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਜ਼ਾਰਤੀ ਫੇਰਬਦਲ ਕਰਦਿਆਂ ਉਸ ਨਵਜੋਤ ਸਿੰਘ ਸਿੱਧੂ ਤੋਂ ਉਨ੍ਹਾਂ ਦਾ ਸਥਾਨਕ ਸਰਕਾਰਾਂ ਵਿਭਾਗ ਖੋਹ ਕੇ ਉਨ੍ਹਾਂ ਨੂੰ ਬਿਜਲੀ ਮਹਿਕਮਾਂ ਦੇ ਦਿੱਤਾ ਸੀ, ਜਿਸ ਸਿੱਧੂ ਬਾਰੇ ਕੈਪਟਨ ਨੇ ਲੰਘੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਿਹਾ ਸੀ ਕਿ ਸਿੱਧੂ ਦੇ ਵਿਭਾਗ ਦੀ ਸ਼ਹਿਰਾਂ ਅੰਦਰ ਮਾੜੀ ਕਾਰਗੁਜਾਰੀ ਕਾਰਨ ਹੀ ਕਾਂਗਰਸ ਪਾਰਟੀ ਨੂੰ ਸ਼ਹਿਰਾਂ ਅੰਦਰ ਘੱਟ ਵੋਟਾਂ ਪਈਆਂ ਹਨ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਭਾਵੇਂ ਪੱਤਰਕਾਰ ਸੰਮੇਲਨ ਕਰ ਕਰ ਕੇ ਕੈਪਟਨ ਵੱਲੋਂ ਕੀਤੇ ਗਏ ਦਾਅਵਿਆਂ ਨੂੰ ਗਲਤ ਠਹਿਰਾਉਣ ਦੀ ਸਬੂਤਾਂ ਸਮੇਤ ਕੋਸ਼ਿਸ਼ ਕੀਤੀ ਸੀ, ਪਰ ਕੈਪਟਨ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ ਤੇ ਸਿੱਧੂ ਤੋਂ ਉਨ੍ਹਾਂ ਦਾ ਸਥਾਨਕ ਸਰਕਾਰਾਂ ਵਿਭਾਗ ਖੋ ਲਿਆ ਗਿਆ। ਇਸ ਤੋਂ ਨਰਾਜ਼ ਹੋਏ ਸਿੱਧੂ ਨੇ ਦਿੱਲੀ ਵਿੱਚ ਰਾਹੁਲ ਅਤੇ ਪ੍ਰਿਯੰਕਾਂ ਵਾਡਰਾ ਨੂੰ ਮਿਲ ਕੇ ਉਨ੍ਹਾਂ ਨੂੰ ਇਸ ਮਾਮਲੇ ‘ਤੇ ਲਿਖਤੀ ਸ਼ਿਕਾਇਤ ਦਿੱਤੀ ਸੀ ਜਿਸ ਬਾਰੇ ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਇਸ ਮਸਲੇ ਨੂੰ ਹੱਲ ਕਰਨ ਲਈ ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ ਦੀ ਡਿਊਟੀ ਲਗਾਈ ਹੈ। ਪਰ ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਛੁੱਟੀ ‘ਤੇ ਹੋਣ ਕਾਰਨ ਜਿੱਥੇ ਇਹ ਮਸਲਾ ਵਿੱਚੇ ਲਟਕਿਆ ਰਿਹਾ ਉੱਥੇ ਦੂਜੇ ਪਾਸੇ ਸਿੱਧੂ ਨੇ ਵੀ ਨਵੇਂ ਵਿਭਾਗ ਦੀ ਜਿੰਮੇਵਾਰੀ ਨਹੀਂ ਸੰਭਾਲੀ।
ਕੁੱਲ ਮਿਲਾ ਕੇ ਜਿੱਥੇ ਹੁਣ ਕੈਪਟਨ ਦੀਆਂ ਛੁੱਟੀਆਂ ਖਤਮ ਹੋ ਗਈਆਂ ਹਨ ਤੇ ਉਹ ਸੂਬੇ ‘ਚ ਵਾਪਸ ਪਰਤ ਰਹੇ ਹਨ ਉੱਥੇ ਉਨ੍ਹਾਂ ਦਾ ਦਿੱਲੀ ਜਾਣ ਦਾ ਪ੍ਰੋਗਰਾਮ ਵੀ ਅਗਲੇ ਹੀ ਦਿਨ ਤੈਅ ਹੋਇਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਕੈਪਟਨ ਦੀ ਇਸ ਦਿੱਲੀ ਫੇਰੀ ਦੌਰਾਨ ਕੀ ਉਹ ਅਹਿਮਦ ਪਟੇਲ ਨਾਲ ਮਿਲਦੇ ਹਨ ਜਾਂ ਨਹੀਂ? ਜੇਕਰ ਮਿਲਦੇ ਹਨ ਤਾਂ ਫਿਰ ਸਿੱਧੂ ਮਸਲੇ ਦਾ ਹੱਲ ਕਿਸ ਰੂਪ ‘ਚ ਨਿੱਕਲ ਕੇ ਸਾਹਮਣੇ ਆਉਂਦਾ ਹੈ, ਨਹੀਂ ਤਾਂ ਸੂਤਰ ਇਹ ਦਾਅਵਾ ਤਾਂ ਕਰ ਰਹੀ ਹਨ ਕਿ ਜੇਕਰ ਸਿੱਧੂ ਮਸਲੇ ਦਾ ਹੱਲ ਨਾ ਨਿੱਕਲਿਆ ਤਾਂ ਉਹ ਵਜ਼ਾਰਤ ਵਿੱਚੋਂ ਅਸਤੀਫਾ ਦੇ ਦੇਣਗੇ। ਯਾਨੀਕਿ ਦੋਨਾਂ ਹਾਲਾਤਾਂ ਵਿੱਚ ਆਉਣ ਵਾਲਾ ਸਮਾਂ ਪੰਜਾਬ ਦੇ ਸਿਆਸੀ ਮਾਹੌਲ ਨੂੰ ਗਰਮਾ ਸਕਦਾ ਹੈ।ਸੋ ਜਿੱਥੇ ਮੌਸਮੀ ਗਰਮੀ ਨਾਲ ਵਧਦੇ ਪਾਰੇ ‘ਤੇ ਰੱਬ ਨੇ ਮੀਂਹ ਦੇ ਛਿੱਟੇ ਮਾਰ ਕੇ ਇਸ ਨੂੰ ਠੰਡਾ ਕਰਨ ਦਾ ਇੰਤਜਾਮ ਕੀਤਾ ਹੈ ਇਸੇ ਤਰ੍ਹਾਂ ਕੈਪਟਨ ਸਿੱਧੂ ਵਿਵਾਦ ਨਾਲ ਸੂਬੇ ਦੇ ਚੜ੍ਹੇ ਸਿਆਸੀ ਪਾਰੇ ਨੂੰ ਅਹਿਮਦ ਪਟੇਲ ਕਿਹੜਾ ਛਿੱਟਾ ਮਾਰਦੇ ਹਨ ਇਹ ਵੇਖਣ ਲਈ ਪੰਜਾਬ ਦੇ ਸਮਾਜਿਕ ਅਤੇ ਸਿਆਸੀ ਹਲਕਿਆਂ ਦੇ ਲੋਕਾਂ ਨੇ ਬਿਨਾਂ ਝਪਕੇ ਦੀਦੇ ਲਾਏ ਹੋਏ ਹਨ।