ਨਵੀਂ ਦਿੱਲੀ : ਇੱਥੋਂ ਦੇ ਮੁਖਰਜੀ ਨਗਰ ਇਲਾਕੇ ਵਿੱਚ ਥਾਣੇ ਦੇ ਬਾਹਰ ਇੱਕ ਸਿੱਖ ਡਰਾਈਵਰ ਦੀ ਕੁੱਟਮਾਰ ਦੇ ਮਾਮਲੇ ਨੇ ਹੁਣ ਨਵਾਂ ਹੀ ਰੰਗ ਲੈਣਾ ਸ਼ੁਰੂ ਕਰ ਦਿੱਤਾ ਹੈ। ਜਿੱਥੇ ਸਿੱਖ ਜਥੇਬੰਦੀਆਂ ਇਸ ਮਾਮਲੇ ਵਿੱਚ ਪੁਲਿਸ ਵਾਲਿਆਂ ਨੂੰ ਭੰਡਦਿਆਂ ਉਨ੍ਹਾਂ ਦਾ ਪਿੱਟ ਸਿਆਪਾ ਕਰ ਰਹੀਆਂ ਹਨ, ਉੱਥੇ ਦੂਜ਼ੇ ਪਾਸੇ ਦੋਸ਼ਾਂ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੀ ਨਹੀਂ ਬਚ ਸਕੇ। ਇੱਥੋਂ ਤੱਕ ਕਿ ਸਿਰਸਾ ਨੂੰ ਥਾਣੇ ਦੇ ਬਾਹਰ ਧਰਨਾ ਲਾਈ ਬੈਠੀ ਸੰਗਤ ਦੇ ਵਿਚਕਾਰ ਪਹੁੰਚਣ ‘ਤੇ ਧੱਕਾ ਮੁੱਕੀ ਦਾ ਸ਼ਿਕਾਰ ਹੁੰਦਿਆਂ ਗਾਲ੍ਹਾਂ ਦੀ ਬੌਛਾਰ ਵੀ ਸਹਿਣੀ ਪਈ। ਇਸ ਦੌਰਾਨ ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਜਿੱਥੇ ਆਪਣੇ ਵਿਰੋਧ ਦਾ ਕਾਰਨ ਦੱਸਿਆ, ਉੱਥੇ ਉਨ੍ਹਾਂ ਦਾਅਵਾ ਕੀਤਾ ਕਿ ਸਿੱਖ ਡਰਾਇਵਰ ਵਿਰੁੱਧ ਇਰਾਦਾ ਕਤਲ ਦੀ ਧਾਰਾ ਨਹੀਂ ਲਗਾਈ ਗਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸਿੱਖ ਸੰਗਤ ਵੱਲੋਂ ਵਿੱਢੇ ਗਏ ਸੰਘਰਸ਼ ਦੀ ਜਿੱਤ ਤੁਸੀਂ ਇੱਥੋਂ ਮਹਿਸੂਸ ਕਰ ਸਕਦੇ ਹੋ ਕਿ ਜਿਸ ਥਾਣੇ ਵਿੱਚ ਉਹ ਪੁਲਿਸ ਵਾਲੇ ਡਿਊਟੀਆਂ ‘ਤੇ ਤੈਨਾਤ ਸੀ, ਉਸੇ ਥਾਣੇ ਵਿੱਚ ਸਰਬਜੀਤ ਸਿੰਘ ਦੀ ਸ਼ਿਕਾਇਤ ‘ਤੇ ਉਨ੍ਹਾਂ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਗਿਆ ਹੈ। ਮਨਜਿੰਦਰ ਸਿੰਘ ਸਿਰਸਾ ਦੇ ਅਨੁਸਾਰ ਜਿਹੜੇ ਲੋਕ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ, ਉਹ ਛੁੱਟ ਭਈਏ ਆਗੂ ਹਨ ਤੇ ਉਨ੍ਹਾਂ ਦਾ ਕੰਮ ਹੀ ਉਨ੍ਹਾਂ (ਸਿਰਸਾ) ਦੇ ਖਿਲਾਫ ਬੋਲ ਕੇ ਆਪਣਾ ਤੋਰੀ ਫੁਲਕਾ ਚਲਾਉਣਾ ਹੈ।
ਭਾਜਪਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਇਸ ਸਬੰਧ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਲਾਈਵ ਹੋ ਕੇ ਪਾਈ ਵੀਡੀਓ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਬਜੀਤ ਸਿੰਘ ਨੇ ਪਰਚਾ ਦਰਜ ਕਰਵਾਉਂਣ ਲਈ ਜਿਹੜੀ ਸ਼ਿਕਾਇਤ ਦਰਜ ਕਰਵਾਈ ਸੀ ਉਸ ‘ਚ ਉਸ ਨੇ ਦੋਸ਼ ਲਾਇਆ ਹੈ ਕਿ ਜਿਨ੍ਹਾਂ ਪੁਲਿਸ ਵਾਲਿਆਂ ਨੇ ਉਸ ‘ਤੇ ਹਮਲਾ ਕੀਤਾ ਸੀ ਉਨ੍ਹਾਂ ਵਿੱਚੋਂ ਤਿੰਨਾ ਨੂੰ ਉਹ ਨਾਂ ਤੋਂ ਜਾਣਦਾ ਹੈ ਤੇ ਬਾਕੀਆਂ ਦੇ ਚਿਹਰੇ ਉਹ ਵੀਡੀਓ ਦੇਖ ਕੇ ਪਹਿਚਾਣ ਸਕਦਾ ਹੈ। ਸ਼ਿਕਾਇਤ ਅਨੁਸਾਰ ਸਰਬਜੀਤ ਨੇ ਇਨ੍ਹਾਂ ਤਿੰਨਾਂ ਦੀ ਪਛਾਣ ਵੀ ਦੱਸੀ ਹੈ ਜਿਸ ਵਿੱਚ ਇੱਕ ਜਿਹੜਾ ਸਭ ਤੋਂ ਪਹਿਲਾਂ ਆਉਂਦਾ ਹੈ, ਦੂਜਾ ਜਿਹੜਾ ਠੁਡੇ ਮਾਰਦਾ ਹੈ ਤੇ ਤੀਜੇ ਇੱਕ ਹੋਰ ਵਿਅਕਤੀ ਦੀ ਪਹਿਚਾਣ ਵੀ ਉਸ ਨੇ ਇਸ ਸ਼ਿਕਾਇਤ ਵਿੱਚ ਦਰਜ ਕਰਵਾਈ ਹੈ।
ਉਨ੍ਹਾਂ ਕਿਹਾ ਕਿ ਉਹ ਇਸ ਗੱਲ ਦੀ ਜਿੰਮੇਵਾਰੀ ਆਪਣੇ ਉੱਤੇ ਲੈਂਦਿਆਂ ਦਾਅਵਾ ਕਰਦੇ ਹਨ ਕਿ ਜਿਹੜੀ ਸ਼ਿਕਾਇਤ ਸਰਬਜੀਤ ਸਿੰਘ ਵੱਲੋਂ ਪੁਲਿਸ ਵਾਲਿਆਂ ਨੂੰ ਦਿੱਤੀ ਗਈ ਹੈ ਉਸ ਦੇ ਇੱਕ ਇੱਕ ਅੱਖਰ ਦੇ ਅਧਾਰ ‘ਤੇ ਪੁਲਿਸ ਨੇ ਇਨ੍ਹਾਂ ਤਿੰਨਾਂ ਤੋਂ ਇਲਾਵਾ ਵੀਡੀਓ ਵਿਚ ਦਿਖਾਈ ਦੇ ਰਹੇ ਕੁਝ ਹੋਰ ਪੁਲਿਸ ਵਾਲਿਆਂ ਖਿਲਾਫ ਵੀ ਪਰਚਾ ਦਰਜ ਕੀਤਾ ਗਿਆ ਹੈ। ਇੱਥੇ ਹੀ ਉਨ੍ਹਾਂ ਖੁਲਾਸਾ ਕਰਦਿਆਂ ਕਿਹਾ ਕਿ ਜਿਹੜੇ ਲੋਕ ਇਹ ਕਹਿੰਦੇ ਹਨ ਕਿ ਸਰਬਜੀਤ ‘ਤੇ ਤਾਂ ਪਹਿਲਾਂ ਹੀ ਕਈ ਮੁਕੱਦਮੇਂ ਦਰਜ ਹਨ ਉਨ੍ਹਾਂ ਨੂੰ ਉਹ ਕਹਿਣਾ ਚਾਹੁੰਦੇ ਹਨ ਕਿ ਜਿਹੜੇ ਮੁਕੱਦਮੇ ਸਰਬਜੀਤ ਦੇ ਖਿਲਾਫ ਪਹਿਲਾਂ ਦਰਜ ਹਨ, ਉਹ ਮੁਕੱਦਮੇ ਪੁਲਿਸ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੇ ਕਿ ਉਹ ਸਰਬਜੀਤ ਨੂੰ ਸ਼ਰੇਆਮ ਸੜਕ ‘ਤੇ ਇਸ ਤਰ੍ਹਾਂ ਜਾਨਵਰਾਂ ਵਾਂਗ ਕੁੱਟਣ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਘਟਨਾ ਤੋਂ ਬਾਅਦ ਸਰਬਜੀਤ ‘ਤੇ ਮੁਕੱਦਮਾਂ ਨੰਬਰ 245/19 ਅਤੇ ਸਰਬਜੀਤ ਦੀ ਸ਼ਿਕਾਇਤ ‘ਤੇ ਪੁਲਿਸ ਵਾਲਿਆਂ ਦੇ ਖਿਲਾਫ ਮੁਕੱਦਮਾਂ ਨੰਬਰ 247/19 ਦਰਜ ਕੀਤਾ ਗਿਆ ਹੈ। ਸਿਰਸ ਨੇ ਕਿਹਾ ਕਿ, ” ਜਿਹੜੀ ਐਫਆਈਆਰ ਸਰਬਜੀਤ ਦੇ ਖਿਲਾਫ ਦਰਜ ਕੀਤੀ ਗਈ ਹੈ ਉਸ ਵਿੱਚ ਮੈਂ ਖੁਦ ਦੇਖਿਆ ਹੈ ਕਿ ਉਸ ‘ਚ ਕਿਤੇ ਵੀ ਸਰਬਜੀਤ ਦੇ ਖਿਲਾਫ ਧਾਰਾ 307 ਨਹੀਂ ਲਗਾਈ ਗਈ।” ਸਿਰਸਾ ਨੇ ਲਾਈਵ ਬੋਲਦਿਆਂ ਇਸ ਸਾਰੀ ਘਟਨਾ ਦੀ ਬਾਰੀਕੀ ਨਾਲ ਜਾਣਕਾਰੀ ਦਿੱਤੀ ਅਤੇ ਕਈ ਹੋਰ ਖੁਲਾਸੇ ਵੀ ਕੀਤੇ।
ਦੱਸ ਦਈਏ ਕਿ ਇੱਥੋਂ ਦੇ ਮੁਖਰਜੀ ਨਗਰ ਇਲਾਕੇ ਵਿੱਚ ਥਾਣੇ ਦੇ ਬਾਹਰ ਇੱਕ ਸਿੱਖ ਡਰਾਈਵਰ ਦੀ ਕੁੱਟਮਾਰ ਤੋਂ ਸ਼ੁਰੂ ਹੋਇਆ ਝਗੜਾ ਜੰਗਲ ਦੀ ਅੱਗ ਵਾਂਗ ਲਗਾਤਾਰ ਫੈਲਦਾ ਜਾ ਰਿਹਾ ਹੈ। ਇਸ ਵਿਵਾਦ ‘ਚ ਜਿੱਥੇ ਸਿਆਸਤਦਾਨ ਅਤੇ ਕਲਾਕਾਰ ਆਪਣੀ ਸ਼ਮੂਲੀਅਤ ਕਰ ਚੁਕੇ ਹਨ, ਉੱਥੇ ਹੀ ਇਸ ਵਿਵਾਦ ‘ਚ ਆਮ ਲੋਕਾਂ ਵੱਲੋਂ ਵਧ ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਮੁਖਰਜੀ ਨਗਰ ਇਲਾਕੇ ‘ਚ ਭਾਈ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ‘ਚ ਲੋਕਾਂ ਵੱਲੋਂ ਦੱਬ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਉੱਥੇ ਹੀ ਆਮ ਲੋਕਾਂ ਵੱਲੋਂ ਭਾਜਪਾ ਵਿਧਾਇਕ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਕੀਤੇ ਜਾ ਰਹੇ ਜ਼ਬਰਦਸਤ ਵਿਰੋਧ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੀ ਸਿਰਸਾ ਨੂੰ ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਪਾ ਕੇ ਆਪਣੀ ਸਫਾਈ ਦੇਣੀ ਪਈ ਹੈ। ਉਨ੍ਹਾਂ ਇਸ ਵੀਡੀਓ ਵਿੱਚ ਇਹ ਵੀ ਕਿਹਾ ਕਿ, “ਪਿਛਲੇ ਦਿਨੀ ਜੋ ਮੁਖਰਜੀ ਇਲਾਕੇ ‘ਚ ਸਿੱਖ ਡਰਾਇਵਰ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਉਸ ‘ਚ ਦੁਨੀਆਂ ਭਰ ਦੇ ਸਿੱਖਾਂ ਨੇ ਸਾਡਾ ਬਹੁਤ ਸਾਥ ਦਿੱਤਾ ਕਿਸੇ ਨੇ ਇਹ ਲੜਾਈ ਆਪਣੇ ਘਰ ਬੈਠ ਕੇ ਲੜੀ ਤੇ ਕਿਸੇ ਨੇ ਸੋਸ਼ਲ ਮੀਡੀਆ ਜ਼ਰੀਏ।” ਸਿਰਸਾ ਨੇ ਕਿਹਾ ਕਿ ਜਦੋਂ ਕੋਈ ਕਿਸੇ ‘ਤੇ ਜ਼ੁਲਮ ਕਰਦਾ ਹੈ ਤੇ ਜਿਸ ਵਿਅਕਤੀ ‘ਤੇ ਉਹ ਜ਼ੁਲਮ ਕੀਤਾ ਜਾ ਰਿਹਾ ਹੈ ਅੱਗੋਂ ਉਹ ਜ਼ੁਲਮ ਨਹੀਂ ਸਹਾਰਦਾ ਤਾਂ ਸਾਰੀ ਦੁਨੀਆਂ ਦਾ ਫਰਜ਼ ਬਣਦਾ ਹੈ ਕਿ ਜ਼ੁਲਮ ਖਿਲਾਫ ਅਵਾਜ਼ ਚੁੱਕਣ ਵਾਲੇ ਉਸ ਵਿਅਕਤੀ ਦਾ ਸਾਥ ਦੇਵੇ।
ਇਸ ਤੋਂ ਇਲਾਵਾ ਸਿਰਸਾ ਵੱਲੋਂ ਇਸ ਵੀਡੀਓ ਵਿੱਚ ਹੋਰ ਕੀ ਕੀ ਕਿਹਾ ਗਿਆ ਹੈ ਇਹ ਜਾਣਨ ਲਈ ਹੇਠ ਦਿੱਤੀ ਵੀਡੀਓ ‘ਤੇ ਕਲਿੱਕ ਕਰੋ।
https://youtu.be/Rpb3WqhyrKo