ਪਠਲਾਵਾ ਦੇ ਸਬ ਸੈਂਟਰ ’ਚ ਮੈਡੀਕਲ ਟੀਮ ਸਥਾਈ ਤੌਰ ‘ਤੇ ਤਾਇਨਾਤ

TeamGlobalPunjab
2 Min Read

ਬੰਗਾ : ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਇੱਥੇ ਦੱਸਿਆ ਕਿ ਕੋਵਿਡ-19 ਦੇ ਪਾਜ਼ੇਟਿਵ ਕੇਸਾਂ ਤੋਂ ਬਾਅਦ ਸੀਲ ਕੀਤੇ ਪਠਲਾਵਾ ਪਿੰਡ ਦੇ ਲੋਕਾਂ ਦੀ ਸਿਹਤ ਜਾਂਚ ਲਈ ਪਠਲਾਵਾ ਦੇ ਸਬ ਸੈਂਟਰ ’ਚ ਸਥਾਈ ਟੀਮ ਅੱਜ ਸ਼ਾਮ ਤੋਂ ਹੀ ਕਾਰਜਸ਼ੀਲ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਪਠਲਾਵਾ ਅਤੇ ਮਾਹਿਲ ਗਹਿਲਾਂ ਵਿਖੇ 24 ਘੰਟੇ ਲਈ ਮੈਡੀਕਲ ਟੀਮਾਂ ਪਹਿਲਾਂ ਤੋਂ ਹੀ ਤਾਇਨਾਤ ਹਨ ਪਰੰਤੂ ਪਿੰਡ ਪਠਲਾਵਾ ਦੇ ਵਸਨੀਕਾਂ ਵੱਲੋਂ ਪਿੰਡ ’ਚ ਬਣੇ ਸਬ ਸੈਂਟਰ ਨੂੰ ਪੱਕੇ ਰੂਪ ’ਚ ਚਾਲੂ ਕਰਨ ਦੀ ਕੀਤੀ ਜਾ ਰਹੀ ਮੰਗ ’ਤੇ ਇਹ ਪ੍ਰਬੰਧ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੈਡੀਕਲ ਟੀਮ ਦੇ ਨਾਲ-ਨਾਲ ਮੰਗਲਵਾਰ ਤੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਮੱਦਦ ਨਾਲ ਇੱਕ ਸਪੈਸ਼ਲਿਸਟ ਡਾਕਟਰ ਵੀ ਰੋਜ਼ਾਨਾ ਪਠਲਾਵਾ ਜਾਵੇਗਾ ਅਤੇ ਮਰੀਜ਼ਾਂ ਦੀ ਜਾਂਚ ਕਰੇਗਾ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਨੂੰ ਲੋੜੀਂਦੇ ਨਿਰਦੇਸ਼ ਦੇ ਦਿੱਤੇ ਗਏ ਹਨ ਅਤੇ ਉਨ੍ਹਾਂ ਵੱਲੋਂ ਮੌਕੇ ’ਤੇ ਆਪਣੇ ਪ੍ਰਤੀਨਿਧ ਵਜੋਂ ਡਾ. ਦਵਿੰਦਰ ਢਾਂਡਾ ਨੂੰ ਰੋਜ਼ਾਨਾ ਭੇਜਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਪਠਲਾਵਾ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਸ ਮੁਸ਼ਕਿਲ ਦੀ ਘੜੀ ’ਚ ਸਮੁੱਚਾ ਪ੍ਰਸ਼ਾਸਨ ਉਨ੍ਹਾਂ ਦੀ ਮੱਦਦ ’ਤੇ ਹੈ ਅਤੇ ਨਵਾਂਸ਼ਹਿਰ ਵਿਖੇ ਆਈਸੋਲੇਸ਼ਨ ’ਚ ਰੱਖੇ ਗਏ ਪਿੰਡ ਦੇ ਮਰੀਜ਼ਾਂ ’ਚੋਂ ਵੀਰਵਾਰ ਨੂੰ ਦੋ ਹਫ਼ਤੇ ਦਾ ਸਮਾਂ ਪੂਰਾ ਕਰਨ ਵਾਲੇ ਮਰੀਜ਼ਾਂ ਦਾ ਕੋਵਿਡ-19 ਟੈਸਟ ਫ਼ਿਰ ਤੋਂ ਕਰਵਾਇਆ ਜਾ ਰਿਹਾ ਹੈ।

Share this Article
Leave a comment