ਸਵਾਲ ਹੀ ਪੈਦਾ ਨਹੀਂ ਹੁੰਦਾ, ਮੈਂ ਕਿਉਂ ਭੱਜਾਂ, ਬਠਿੰਡਾ ਤੋਂ ਹੀ ਚੋਣ ਲੜਾਂਗੀ : ਹਰਸਿਮਰਤ ਬਾਦਲ

Prabhjot Kaur
3 Min Read

ਲੁਧਿਆਣਾ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਜਿੱਥੇ ਇੰਨੀ ਦਿਨੀਂ ਬਠਿੰਡਾ ਅੰਦਰ ਚੋਣ ਮੀਟਿੰਗਾਂ ਦਾ ਦੌਰ ਜਾਰੀ ਹੈ, ਉੱਥੇ ਦੂਜੇ ਪਾਸੇ ਸਿਆਸੀ ਮਾਹਰ ਇਸ ਗੱਲ ‘ਤੇ ਨਿਗ੍ਹਾ ਟਿਕਾਈ ਬੈਠੇ ਹਨ ਕਿ ਹਲਕਾ ਬਠਿੰਡਾ ਸਬੰਧੀ ਲਾਏ ਜਾ ਰਹੇ ਅਨੁਮਾਨ ਕਦੋਂ ਖਤਮ ਹੋਣ ਤੇ ਕਦੋਂ ਇਹ ਤਸਵੀਰ ਸਾਫ ਹੋਵੇ ਕਿ ਅਕਾਲੀ ਦਲ ਵੱਲੋਂ ਇੱਥੋਂ ਕੌਣ ਚੋਣ ਲੜ੍ਹਣ ਜਾ ਰਿਹਾ ਹੈ। ਇਸ ਸਬੰਧੀ ਹਰਸਿਮਰਤ ਬਾਦਲ ਸਵਾਲ ਕਰਦੇ ਹਨ ਕਿ, “ਮੈਂ ਅਜਿਹੇ ਹਲਕੇ ਤੋਂ ਚੋਣ ਲੜ੍ਹਨੋ ਕਿਉਂ ਭੱਜਾਂ ਜਿੱਥੇ ਮੈਂ 10 ਸਾਲ ਤੱਕ ਕੰਮ ਕੀਤਾ ਹੋਵੇ? ਕੀ ਮੈਂ ਕਿਸੇ ਦੇ ਖਿਲਾਫ ਕੋਈ ਝੂਠਾ ਪਰਚਾ ਦਰਜ ਕਰਵਾਇਆ ਹੈ? ਕੀ ਮੈਂ ਕਿਸੇ ਨਾਲ ਧੋਖਾ-ਧੜ੍ਹੀ ਕੀਤੀ ਹੈ? ਬਲਕਿ ਇਨ੍ਹਾਂ ਸਾਲਾਂ ਦੌਰਾਨ ਮੈਂ ਆਪਣੇ ਬੱਚਿਆਂ ‘ਤੇ ਧਿਆਨ ਨਾ ਦੇ ਕੇ ਇੱਥੇ ਲਗਾਤਾਰ ਕੰਮ ਕੀਤਾ ਹੈ।” ਉਨ੍ਹਾਂ ਕਿਹਾ ਕਿ, “ਅਜਿਹੇ ਵਿੱਚ ਮੇਰੇ ਇੱਥੋਂ ਭੱਜ ਕੇ ਕਿਤੋਂ ਹੋਰੋਂ ਚੋਣ ਲੜਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।”

ਬਠਿੰਡਾ ਦੀ ਸੰਸਦ ਮੈਂਬਰ ਹਰਸਿਮਰਤ ਬਾਦਲ ਅਨੁਸਾਰ ਹੋਰ ਪਾਰਟੀਆਂ ਇਸ ਗੱਲ ਦੀ ਉਡੀਕ ਕਰ ਰਹੀਆਂ ਹਨ ਕਿ ਉਨ੍ਹਾਂ ਨੂੰ ਕਦੋਂ ਪਤਾ ਲੱਗੇ ਕਿ ਉਹ (ਹਰਸਿਮਰਤ) ਕਿੱਥੋਂ ਚੋਣ ਲੜ ਰਹੀ ਹੈ, ਤੇ ਇਸੇ ਲਈ ਉਨ੍ਹਾਂ ਪਾਰਟੀਆਂ ਨੇ ਅਜੇ ਤੱਕ ਆਪਣੇ ਉਮੀਦਵਾਰ ਵੀ ਨਹੀਂ ਐਲਾਨੇ। ਜਦਕਿ ਕੁਝ ਹੋਰਾਂ ਦਾ ਮੁੱਖ ਮਕਸਦ ਹੀ ਉਨ੍ਹਾਂ (ਹਰਸਿਮਰਤ) ਨੂੰ ਹਰਾਉਣਾ ਹੈ। ਹਰਸਿਮਰਤ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਉਮੀਦਵਾਰੀ ਦਾ ਐਲਾਨ ਹੋਣ ਤੱਕ ਉਹ ਇਨ੍ਹਾਂ ਹਲਾਤਾਂ ‘ਤੇ ਨਜ਼ਰ ਰੱਖ ਰਹੇ ਹਨ।

ਹਰਸਿਮਰਤ ਬਾਦਲ ਅਨੁਸਾਰ ਉਹ ਇਸੇ ਹਲਕੇ ਤੋਂ ਚੋਣ ਲੜ੍ਹਣਗੇ, ਕਿਉਂਕਿ ਬਠਿੰਡਾ ਵਿੱਚ ਉਨ੍ਹਾਂ ਨੇ ਬਹੁਤ ਕੰਮ ਕੀਤਾ ਹੈ। ਉਨ੍ਹਾਂ ਅਨੁਸਾਰ ਜਦੋਂ 10 ਸਾਲ ਪਹਿਲਾਂ ਉਨ੍ਹਾਂ ਨੇ ਇੱਥੋ ਆਪਣੀ ਪਹਿਲੀ ਚੋਣ ਲੜੀ ਸੀ, ਤਾਂ ਉਨ੍ਹਾਂ ਦਾ ਸਭ ਤੋਂ ਛੋਟਾ ਬੱਚਾ ਉਸ ਵੇਲੇ 4 ਸਾਲ ਦਾ ਸੀ ਤੇ ਇੱਕ ਔਰਤ ਹੀ ਸਮਝ ਸਕਦੀ ਹੈ ਕਿ 3 ਬੱਚਿਆਂ ਦੀ ਦੇਖਭਾਲ ਕਰਨਾ ਕਿੰਨਾ ਔਖਾ ਕੰਮ ਹੈ। ਹਰਸਿਮਰਤ ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਕੋਈ ਸਾਂਝਾ ਪਰਿਵਾਰ ਨਹੀਂ ਹੈ, ਜਿਹੜਾ ਕੋਈ ਉਨ੍ਹਾਂ ਦੇ ਬੱਚਿਆਂ ਦੀ ਦੇਖਭਾਲ ਕਰਦਾ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਨਾਤੇ ਉਹ ਇਹ ਕਹਿਣਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਆਪਣੇ ਹਲਕੇ ਰੂਪੀ ਇਸ ਪਰਿਵਾਰ ਨੂੰ ਆਪਣੇ ਪਰਿਵਾਰ ਨਾਲੋਂ ਵੱਧ ਸਮਾਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਇਸ ਬਾਰੇ ਆਖਰੀ ਫੈਸਲਾ ਪਾਰਟੀ ਨੇ ਕਰਨਾ ਹੈ, ਕਿ ਪਾਰਟੀ ਨੇ ਉਨ੍ਹਾਂ ਨੂੰ ਕਿੱਥੋਂ ਚੋਣ ਲੜਾਉਣੀ ਹੈ। ਉਨ੍ਹਾਂ ਕਿਹਾ ਕਿ ਪਾਰਟੀਆਂ ਦਾ ਇੱਕ ‘ਠੱਗਬੰਧਨ’ ਬਣਾਇਆ ਗਿਆ ਹੈ, ਜਿਸ ਦਾ ਇੱਕੋ ਇੱਕ ਮਕਸਦ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾਉਣ। ਇਸੇ ਤਰ੍ਹਾਂ ਬਠਿੰਡਾ ਵਿਖੇ ਵੀ ਸਾਰੀਆਂ ਪਾਰਟੀਆਂ ਟਿਕ-ਟਿਕੀ ਲਾਈ ਬੈਠੀਆਂ ਹਨ ਕਿ ਅਕਾਲੀ ਦਲ ਕਦੋਂ ਉਨ੍ਹਾਂ (ਹਰਸਿਮਰਤ) ਦੀ ਸੀਟ ਐਲਾਨੇ। ਹਰਸਿਮਰਤ ਅਨੁਸਾਰ ਉਨ੍ਹਾਂ ਲੋਕਾਂ ਦਾ ਇੱਕੋ ਮਕਸਦ ਹੈ, ਸਿਰਫ ਉਨ੍ਹਾਂ (ਹਰਸਿਮਰਤ) ਨੂੰ ਹਰਾਉਣਾ।

 

- Advertisement -

Share this Article
Leave a comment