ਸਰਕਾਰ ਜਾਣ ਤੋਂ ਬਾਅਦ ਬੌਂਦਲੇ ਬਾਦਲਾਂ ਦੀਆਂ ਬੱਸਾਂ ਦੇ ਡਰਾਇਵਰ, ਕਰ ਰਹੇ ਨੇ ਨਿੱਤ ਨਵੇਂ ਕਾਰੇ

TeamGlobalPunjab
2 Min Read

ਸ੍ਰੀ ਮੁਕਤਸਰ ਸਾਹਿਬ : ਬਾਦਲ ਪਰਿਵਾਰ ਦੀਆਂ ਆਰਬਿਟ ਬੱਸਾਂ ਵੱਲੋਂ ਹਰ ਦਿਨ ਕਿਸੇ ਨਾ ਕਿਸੇ ਨੂੰ ਦਰੜ ਦੇਣ ਦੀਆਂ ਖਬਰਾਂ ਪ੍ਰਕਾਸ਼ ਵਿੱਚ ਆਉਂਦੀਆਂ ਹੀ ਰਹਿੰਦੀਆਂ ਹਨ। ਜਿਸ ਦੇ ਚਲਦਿਆਂ ਤਾਜਾ ਮਾਮਲਾ ਕੋਟਕਪੁਰਾ ਰੋਡ ‘ਤੇ ਪੈਂਦੇ ਟੋਲ ਪਲਾਜ਼ਾ ਦੇ ਨੇੜਿਓਂ ਸਾਹਮਣੇ ਆਇਆ ਹੈ ਜਿੱਥੇ ਆਰਬਿਟ ਬੱਸ ਨੇ ਮੋਟਰਸਾਈਕਲ ਸਵਾਰ 4 ਨੌਜਵਾਨਾਂ ਨੂੰ ਦਰੜ ਦਿੱਤਾ। ਜਾਣਕਾਰੀ ਮੁਤਾਬਕ ਮਰਨ ਵਾਲੇ ਚਾਰੋ ਨੌਜਵਾਨ ਮੁਕਤਸਰ ਦੇ ਪਿੰਡ ਵੜਿੰਗ ਦੇ ਰਹਿਣ ਵਾਲੇ ਸਨ ਅਤੇ ਇਨ੍ਹਾਂ ‘ਚ ਅਮਨਦੀਪ ਸਿੰਘ, ਗੁਰਮੁਖ ਸਿੰਘ, ਗੁਰਪ੍ਰੀਤ ਸਿੰਘ, ਅਤੇ ਜੁਗਰਾਜ ਸਿੰਘ ਦੇ ਨਾਮ ਸ਼ਾਮਲ ਹਨ। ਪਤਾ ਇਹ ਵੀ ਲੱਗਾ ਹੈ ਕਿ ਇਹ ਚਾਰੋ ਨੌਜਵਾਨ ਮਜਦੂਰੀ ਲਈ ਮੁਕਤਸਰ ਸਾਹਿਬ ਵੱਲ ਜਾ ਰਹੇ ਸਨ।

ਇਹ ਦੁਰਘਟਨਾ ਉਸ ਵੇਲੇ ਵਾਪਰੀ ਜਦੋਂ ਆਰਬਿਟ ਬੱਸ ਅਬੋਹਰ ਤੋਂ ਲੁਧਿਆਣਾ ਵੱਲ ਜਾ ਰਹੀ ਸੀ, ਤੇ ਜਿਉਂ ਹੀ ਇਹ ਨੌਜਵਾਨ ਟੋਲ ਪਲਾਜਾ ਨੇੜੇ ਪਹੁੰਚੇ ਸਾਹਮਣਿਓਂ ਆ ਰਹੀ ਇੱਕ ਆਰਬਿਟ ਬੱਸ ਉਨ੍ਹਾਂ ਉੱਤੇ ਜਾ ਚੜ੍ਹੀ। ਦੋਸ਼ ਹੈ ਕਿ ਜਿਸ ਵੇਲੇ ਇਹ ਹਾਦਸਾ ਵਾਪਰਿਆ ਇਹ ਮੋਟਰ ਸਾਇਕਲ ਸਵਾਰ ਇੱਕ ਟਰਾਲੇ ਨੂੰ ਓਵਰਟੇਕ ਕਰਨ ਲੱਗੇ ਸਨ ਤਾਂ ਸਾਹਮਣਿਓਂ ਤੇਜ਼ ਰਫਤਾਰ ਆ ਰਹੀ ਆਰਬਿਟ ਬੱਸ ਨਾਲ ਟਕਰਾਅ ਗਏ। ਜਿਸ ਕਾਰਨ ਮੌਕੇ ‘ਤੇ ਹੀ ਉਨ੍ਹਾਂ ਚਾਰਾਂ ਦੀ ਮੌਤ ਹੋ ਗਈ, ਪਰ ਘਟਨਾ ਤੋਂ ਤੁਰੰਤ ਬਾਅਦ ਡਰਾਇਵਰ ਤੇ  ਕਡੰਕਟਰ ਮੌਕੇ ਤੋਂ ਫਰਾਰ ਹੋ ਗਏ ਜਿਸ ਕਾਰਨ ਓਵਰਟੇਕ ਕਰਨ ਵਾਲੀ ਗੱਲ ਲੋਕਾਂ ਨੂੰ ਹਜ਼ਮ ਨਹੀਂ ਆਈ। ਲਿਹਾਜਾ ਉਨ੍ਹਾਂ ਨੇ ਸੜਕ ਜਾਮ ਕਰਕੇ ਧਰਨਾ ਲਾ ਦਿੱਤਾ। ਖ਼ਬਰ ਲਿਖੇ ਜਾਣ ਤੱਕ ਪੁਲਿਸ ਮਾਮਲਾ ਦਰਜ ਕਰ ਲਿਆ ਸੀ ਤੇ ਤਫਤੀਸ਼ ਜਾਰੀ ਸੀ

 

Share this Article
Leave a comment