ਫ਼ਰੀਦਕੋਟ : ਬਰਗਾੜੀ, ਇਸ ਇਲਾਕੇ ਦਾ ਨਾਮ ਸੁਣਦਿਆਂ ਹੀ ਸਾਡੇ ਜ਼ਹਿਨ ਵਿੱਚ ਚੱਲਣ ਲੱਗ ਪੈਂਦੀਆਂ ਹਨ ਸਾਲ 2015 ਦੌਰਾਨ ਵਾਪਰੀਆਂ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ, ਜਿਸ ਵਿੱਚ ਨਾ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ ਗਈ, ਬਲਕਿ ਇਸ ਬੇਅਦਬੀ ਦੇ ਕਸੂਰਵਾਰਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੀਆਂ ਸਿੱਖ ਜਥੇਬੰਦੀਆਂ ਦੇ ਲੋਕਾਂ ਨੂੰ ਪੁਲਿਸ ਦੇ ਬਾਰੂਦੀ ਕਹਿਰ ਦਾ ਸ਼ਿਕਾਰ ਹੋ ਕੇ ਆਪਣੇ 2 ਸਿੰਘਾਂ ਦੀ ਜਾਨ ਗਵਾਉਣੀ ਪਈ ਤੇ ਕਈ ਸਦਾ ਲਈ ਅਪਾਹਜ ਹੋ ਗਏ। 4 ਸਾਲ ਬਾਅਦ ਹੁਣ ਇੱਕ ਸਿੱਖ ਨੌਜਵਾਨ ‘ਤੇ ਬਰਗਾੜੀ ‘ਚ ਫਿਰ ਗੋਲੀਆਂ ਚੱਲੀਆਂ ਹਨ। ਦਮਦਮੀ ਟਕਸਾਲ ਸਿੱਖ ਜਥੇਬੰਦੀ ਨਾਲ ਸਬੰਧਤ ਦੱਸੇ ਜਾ ਰਹੇ ਇਸ ਸਿੱਖ ਨੌਜਵਾਨ ਦੀ ਪਹਿਚਾਣ ਪ੍ਰਿਤਪਾਲ ਸਿੰਘ ਵਜੋਂ ਹੋਈ ਹੈ ਤੇ ਪਤਾ ਲੱਗਾ ਹੈ ਕਿ ਜਦੋਂ ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾਈਆਂ ਤਾਂ ਉਸ ਵੇਲੇ ਉਹ ਆਪਣੀ ਗੱਡੀ ‘ਚ ਸਵਾਰ ਹੋ ਕੇ ਕਿਧਰੇ ਜਾ ਰਿਹਾ ਸੀ। ਪ੍ਰਤੱਖ ਦਰਸ਼ੀਆਂ ਅਨੁਸਾਰ ਜਿਨ੍ਹਾਂ ਲੋਕਾਂ ਨੇ ਪ੍ਰਿਤਪਾਲ ‘ਤੇ ਗੋਲੀ ਚਲਾਈ ਉਨ੍ਹਾਂ ਦੀ ਨੀਅਤ ਇਸ ਨੌਜਵਾਨ ਨੂੰ ਜਾਨੋਂ ਮਾਰਨ ਦੀ ਸੀ ਕਿਉਂਕਿ ਗੋਲੀਆਂ ਗੱਡੀ ਦੇ ਅਗਲੇ ਸ਼ੀਸ਼ੇ ‘ਤੇ ਡਰਾਇਵਰ ਅਤੇ ਕਡੰਕਟਰ ਸਾਇਡ ‘ਤੇ ਉਸ ਜਗ੍ਹਾ ਮਾਰੀਆਂ ਗਈਆਂ ਜਿਸ ਜਗ੍ਹਾ ਡਰਾਇਵਰ ਜਾਂ ਕਡੰਕਟਰ ਦਾ ਮੂੰਹ ਹੁੰਦਾ ਹੈ। ਕਿਸ਼ਮਤ ਚੰਗੀ ਹੋਣ ਕਾਰਨ ਇਹ ਸਿੱਖ ਨੌਜਵਾਨ ਤਾਂ ਵਰ੍ਹਦੀਆਂ ਗੋਲੀਆਂ ਵਿੱਚ ਵੀ ਬਚ ਗਿਆ, ਪਰ ਉਸ ਦੀ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ ਤੇ ਉਹ ਨਾ ਸਿਰਫ ਤੁਰੰਤ ਮੌਕੇ ‘ਤੇ ਪਹੁੰਚ ਗਈ ਬਲਕਿ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਲਈ ਸ਼ਹਿਰ ਵਿੱਚ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ। ਖ਼ਬਰ ਲਿਖੇ ਜਾਣ ਤੱਕ ਮਾਮਲੇ ਦੀ ਤਫਤੀਸ਼ ਜਾਰੀ ਸੀ। ਪੁਲਿਸ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਇਹ ਹਮਲਾਵਰ ਕੌਣ ਸਨ? ਕਿੱਥੋਂ ਆਏ ਸਨ? ਕਿਹੜੀ ਜਥੇਬੰਦੀ ਨਾਲ ਸਬੰਧ ਰਖਦੇ ਸਨ? ਤੇ ਇਨ੍ਹਾਂ ਵੱਲੋਂ ਪ੍ਰਿਤਪਾਲ ਸਿੰਘ ‘ਤੇ ਗੋਲੀ ਕਿਉਂ ਚਲਾਈ ਗਈ?