ਵਿਭਾਗ ਬਦਲਣ ਤੋਂ ਨਾਰਾਜ਼ ਸਿੱਧੂ ਦਿੱਲੀ ਪਹੁੰਚੇ, ਕਰਨਗੇ ਰਾਹੁਲ ਨਾਲ ਮੁਲਾਕਾਤ

TeamGlobalPunjab
2 Min Read

ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਵਜ਼ਾਰਤ ਵਿੱਚ ਕੀਤੇ ਗਏ ਫੇਰਬਦਲ ਦੌਰਾਨ ਨਵਜੋਤ ਸਿੰਘ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਖੋ ਲਏ ਜਾਣ ਤੋਂ ਨਾਰਾਜ਼ ਹੋਏ ਸਿੱਧੂ ਨੇ ਆਪਣੇ ਨਵੇਂ ਬਿਜਲੀ ਵਿਭਾਗ ਦਾ ਚਾਰਜ ਲੈਣ ਦੀ ਬਜਾਏ ਨਵੀਂ ਦਿੱਲੀ ਦਾ ਰੁੱਖ ਕਰ ਲਿਆ ਹੈ। ਪਤਾ ਲੱਗਾ ਹੈ ਕਿ ਸਿੱਧੂ ਉੱਥੇ ਕੁੱਲ ਹਿੰਦ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲ ਕੇ ਕੈਪਟਨ ਵੱਲੋਂ ਉਨ੍ਹਾਂ ਦਾ ਵਿਭਾਗ ਖੋ ਲਏ ਜਾਣ ‘ਤੇ ਨਰਾਜ਼ਗੀ ਪ੍ਰਗਟ ਕਰਨ ਗਏ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਮੰਤਰੀ ਮੰਡਲ ‘ਚ ਕੈਪਟਨ ਵੱਲੋਂ ਕੀਤੇ ਗਏ ਫੇਰਬਦਲ ਤੋਂ ਪਹਿਲਾਂ ਇਹ ਬਿਆਨ ਦਿੱਤਾ ਸੀ ਕਿ ਮੁੱਖ ਮੰਤਰੀ ਵਿਭਾਗਾਂ ਵਿੱਚ ਫੇਰਬਦਲ ਕਰਕੇ ਆਪਣਾ ਫੈਸਲਾ ਲੈਣ ਤੇ ਉਸ ਤੋਂ ਬਾਅਦ ਉਹ ਆਪਣਾ ਫੈਸਲਾ ਲੈਣਗੇ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ  ਰਾਹੁਲ ਗਾਂਧੀ ਨਵਜੋਤ ਸਿੰਘ  ਸਿੱਧੂ ਦੀ ਨਰਾਜ਼ਗੀ ਦੂਰ ਕਰਨ ਵਿੱਚ ਕਾਮਯਾਬ ਨਹੀਂ ਰਹਿੰਦੇ ਤਾਂ ਸਿੱਧੂ ਕੋਈ ਵੱਡਾ ਫੈਸਲਾ ਲੈ ਸਕਦੇ ਹਨ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਂਲ ਗੱਲਬਾਤ ਕਰਦਿਆਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਹੁਰਾਂ ਦਾ ਸਤਿਕਾਰ ਜਰੂਰ ਕਰਦੇ ਹਨ ਪਰ ਜੋ ਨਵਜੋਤ ਸਿੰਘ ਸਿੱਧੂ ਨਾਮ ਉਨ੍ਹਾਂ ਦੇ ਪਿਤਾ ਨੇ ਦਿੱਤਾ ਹੈ ਉਹ ਉਸ ਨੂੰ ਦਾਗ ਨਹੀਂ ਲੱਗਣ ਦੇਣਗੇ। ਕੈਪਟਨ ਸਿੱਧੂ ਦੀ ਇਹ ਸਿਆਸੀ ਜੰਗ ਹੁਣ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਅਤੇ ਪੰਜਾਬ ਨੂੰ ਕਿਹੜੇ ਨਵੇਂ ਸਿਆਸੀ ਸਮੀਕਰਨ ਦਿਖਾਵੇਗੀ ਕੀ ਰਾਹੁਲ ਗਾਂਧੀ ਸਿੱਧੂ ਦਾ ਕੈਪਟਨ ਬਣ ਕੇ ਵਿਖਾਉਣਗੇ? ਜਾਂ ਪੰਜਾਬ ਦਾ ਕੈਪਟਨ ਸਿੱਧੂ ਦੇ ਜੁਮਲਿਆਂ ‘ਤੇ ਭਾਰੀ ਪਏਗਾ ਇਹ ਦੇਖਣ ਲਈ ਨਾਂ ਸਿਰਫ ਕਾਂਗਰਸੀ ਬਲਕਿ ਅਕਾਲੀ ਵੀ ਆਪਣੇ ਦੀਦੇ ਲਾਈ ਬੈਠੇ ਹਨ।

 

 

Share this Article
Leave a comment