ਲਓ! ਮੁਹੰਮਦ ਸਦੀਕ ਨੇ ਸਟੇਜ ‘ਤੇ ਚੜ੍ਹ ਕੇ ਚਾੜ੍ਹ ਤਾ ਚੰਨ! ਜਿਉਂਦੀ ਜਾਗਦੀ ਸੋਨੀਆਂ ਗਾਂਧੀ ਨੂੰ ਪਤੰਦਰ ਦੇ ਗਿਆ ਸ਼ਹੀਦ ਕਰਾਰ, ਨੇੜੇ ਖੜ੍ਹੇ ਆਗੂ ਤੋਂ ਖਾਣੀ ਪਈ ਕੂਹਣੀ

TeamGlobalPunjab
4 Min Read

ਫ਼ਰੀਦਕੋਟ :  ਇੰਨੀ ਦਿਨੀਂ ਪੰਜਾਬ ਅੰਦਰ ਆਏ ਦਿਨ ਕੋਈ ਨਾ ਕੋਈ ਸਿਆਸਤਦਾਨ ਆਪਣੇ ਦਿੱਤੇ ਪੁੱਠੇ ਸਿੱਧੇ ਬਿਆਨਾਂ ਕਾਰਨ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਹਾਲਾਤ ਇਹ ਹਨ, ਕਿ ਕਈ ਵਾਰ ਤਾਂ ਸੂਬੇ ਦੇ ਸਿਆਸਤਦਾਨਾਂ ਦੀ ਜ਼ੁਬਾਨ ਫਿਸਲਣ ਅਤੇ ਸ਼ਬਦਾਂ ਦਾ ਹੇਰ ਫੇਰ ਹੋਣ ਕਾਰਨ ਉਹ ਇੱਥੋਂ ਤੱਕ ਵਿਵਾਦਾਂ ਵਿੱਚ ਘਿਰ ਜਾਂਦੇ ਹਨ ਕਿ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਉਹ ਬਿਆਨ ਇੰਨੀ ਤੇਜੀ ਨਾਲ ਘੁੰਮਦੇ ਹਨ ਕਿ ਨਾ ਚਾਹੁੰਦੇ ਹੋਏ ਵੀ ਇਹ ਆਗੂ ਮਜ਼ਾਕ ਦਾ ਪਾਤਰ ਬਣ ਰਹੇ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਜਿਹੜੇ ਕਾਂਗਰਸੀ ਕੇਂਦਰੀ ਮੰਤਰੀ ਅਤੇ ਅਕਾਲੀ ਦਲ ਦੀ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਨੂੰ ਚਟਕਾਰੇ ਲੈ ਲੈ ਕੇ ਦੇਖਦਿਆਂ ਅੱਗੇ ਸ਼ੇਅਰ ਕਰ ਰਹੇ ਸਨ, ਹੁਣ ਉਨ੍ਹਾਂ ਕਾਂਗਰਸੀਆਂ ਦੇ ਆਪਣੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਦੀ ਜ਼ੁਬਾਨ ਨੇ ਵੀ ਫਿਸਲ ਕੇ ਅਕਾਲੀਆਂ ਨੂੰ ਕਾਂਗਰਸੀਆਂ ਤੋਂ ਬਦਲਾ ਲੈਣ ਦਾ ਮੌਕਾ ਦੇ ਦਿੱਤਾ ਹੈ। ਜੀ ਹਾਂ! ਅਸੀਂ ਗੱਲ ਕਰ ਰਹੇ ਹਾਂ ਇੱਕ ਅਜਿਹੀ ਵੀਡੀਓ ਦੀ ਜਿਹੜੀ ਕਿ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਸਟੇਜ਼ ‘ਤੇ ਭਾਸ਼ਣ ਦਿੰਦੇ ਮੁਹੰਮਦ ਸਦੀਕ ਨੇ ਜਦੋਂ ਜਿਉਂਦੀ ਜਾਗਦੀ ਸੋਨੀਆਂ ਗਾਂਧੀ ਨੂੰ ਫਿਸਲੀ ਜ਼ੁਬਾਨ ਕਾਰਨ ਸ਼ਹੀਦ ਕਰਾਰ ਦਿੱਤਾ, ਤਾਂ ਉਨ੍ਹਾਂ ਨੂੰ ਆਪਣੇ ਨਾਲ ਖੜ੍ਹੇ ਸਾਥੀ ਕੋਲੋਂ ਚੇਤਾਵਨੀ ਦੀ ਕੂਹਣੀ ਖਾਣੀ ਪਈ।

ਕੁੱਲ 10 ਸਕਿੰਟ ਦੇ ਇਸ ਵੀਡੀਓ ਕਲਿੱਪ ਵਿੱਚ ਮੁਹੰਮਦ ਸਦੀਕ ਕੁਝ ਚਿੱਟੇ ਕੱਪੜਿਆਂ ਵਾਲੇ ਕਾਂਗਰਸੀ ਆਗੂਆਂ ਨਾਲ ਲਾਈਨ ਬੰਨ੍ਹ ਕੇ ਖੜ੍ਹੇ ਭਾਸ਼ਣ ਦਿੰਦੇ ਦਿਖਾਈ ਦਿੰਦੇ ਹਨ, ਤੇ ਭਾਸ਼ਣ ਦੌਰਾਨ ਇਹ ਕਹਿ ਦਿੰਦੇ ਹਨ ਕਿ ਉਸ ਵੇਲੇ ਸ੍ਰੀਮਤੀ ਸੋਨੀਆਂ ਗਾਂਧੀ ਸ਼ਹੀਦ ਹੋ ਗਏ ਸਨ। ਇਹ ਸੁਣ ਕੇ ਨਾ ਸਿਰਫ ਉਨ੍ਹਾਂ ਨਾਲ ਲਾਈਨ ਬੰਨ੍ਹ ਕੇ ਖੜ੍ਹੇ ਚਿੱਟਕੱਪੜੀਏ ਕਾਂਗਰਸੀ ਆਗੂ ਹੱਸ ਪੈਂਦੇ ਹਨ, ਬਲਕਿ ਹਾਸੇ ਦੀ ਅਵਾਜ਼ ਇੰਨੀ ਉੱਚੀ ਸੁਣਾਈ ਦਿੰਦੀ ਹੈ, ਕਿ ਉਸ ਤੋਂ ਪਤਾ ਲੱਗਦਾ ਹੈ, ਕਿ ਮੁਹੰਮਦ ਸਦੀਕ ਵੱਲੋਂ ਸੋਨੀਆਂ ਗਾਂਧੀ ਨੂੰ ਸ਼ਹੀਦ ਕਰਾਰ ਦੇਣ ‘ਤੇ ਸਾਹਮਣੇ ਪੰਡਾਲ ‘ਚ ਬੈਠੇ ਲੋਕਾਂ ਦਾ ਹਾਸਾ ਵੀ ਨਹੀਂ ਰੁਕ ਸਕਿਆ। ਇਸ ਤੋਂ ਬਾਅਦ ਸਦੀਕ ਨੇ ਭਾਵੇਂ ਅਗਲੇ ਹੀ ਪਲ ਆਪਣੀ ਗੱਲ ਨੂੰ ਦਰੁਸਤ ਕਰਦਿਆਂ ਸੋਨੀਆਂ ਗਾਂਧੀ ਦੀ ਜਗ੍ਹਾ ਇੰਦਰਾ ਗਾਂਧੀ ਨੂੰ ਸ਼ਹੀਦ ਕਰਾਰ ਦੇਣ ਵਾਲੀ ਆਪਣੀ ਗੱਲ ਪੂਰੀ ਕਰ ਦਿੱਤੀ, ਪਰ ਦੋਸ਼ ਹੈ ਕਿ ਹਰਸਿਮਰਤ ਕੌਰ ਬਾਦਲ ਦੀ ਫਿਸਲੀ ਜ਼ੁਬਾਨ ਤੋਂ ਬਾਅਦ ਵਾਇਰਲ ਹੋਈ ਵੀਡੀਓ ਤੋਂ ਖਿਝੇ ਬੈਠੇ ਅਕਾਲੀਆਂ ਨੂੰ ਇਹ ਵੀਡੀਓ ਉਸ ਦੇ ਜਵਾਬ ਦੇ ਰੂਪ ਵਿੱਚ ਮਿਲ ਗਈ ਤੇ ਉਨ੍ਹਾਂ ਨੇ ਇਸ ਵੀਡੀਓ ਦੇ ਉਸ 10 ਸਕਿੰਟ ਵਾਲੇ ਹਿੱਸੇ ‘ਤੇ ਕੈਂਚੀ ਫੇਰ ਕੇ ਇਸ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ।

ਦੱਸ ਦਈਏ ਕਿ ਬੀਤੇ ਦਿਨੀਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਵੀ ਇੱਕ ਅਜਿਹੀ ਹੀ ਵੀਡੀਓ ਵਾਇਰਲ ਹੋਈ ਸੀ ਜਿਸ ਕਾਰਨ ਉਹ ਪੰਜਾਬੀਆਂ ਵਿੱਚ ਆਪਣੀ ਅੰਗ੍ਰੇਜ਼ੀ ਕਾਰਨ ਮਜ਼ਾਕ ਦਾ ਪਾਤਰ ਬਣ ਗਈ ਸੀ ਇਸ ਵੀਡੀਓ ਵਿੱਚ ਹਰਸਿਮਰਤ ਬਠਿੰਡਾ ਦੇ ਡੀਸੀ ਨੂੰ ਫੋਨ ਤੇ ਅੰਗ੍ਰੇਜ਼ੀ ਵਿੱਚ, “ਦੇਅਰ ਇਜ਼ ਬਿਗ ਟੋਆ ਇਨ ਦੀ ਸੜਕ ਕਹਿੰਦੀ ਨਜ਼ਰ ਆਈ ਤੇ ਜਿਉਂ ਹੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਇਰਲ ਹੋਈ ਮਿੰਟਾਂ ਸਕਿੰਟਾਂ ਵਿੱਚ ਹੀ ਇਸ ਨੇ ਲੱਖਾਂ ਲੋਕਾਂ ਦੇ ਮੋਬਾਇਲਾਂ ਅੰਦਰ ਪਹੁੰਚਣ ਦਾ ਸਫਰ ਤੈਅ ਕਰ ਲਿਆ।

ਹੁਣ ਆਪਣੇ ਭਾਸ਼ਣ ਚ ਰੁੱਝੇ ਮਸ਼ਹੂਰ ਪੰਜਾਬੀ ਲੋਕ ਗਾਇਕ ਤੇ ਲੋਕ ਸਭਾ ਮੈਂਬਰ ਮੁਹੰਮਦ ਸਦੀਕ ਦੀ ਜ਼ੁਬਾਨ ਵੀ ਫਿਸਲੀ ਹੈ, ਤੇ ਉਹ ਵੀ ਹਰਸਿਮਰਤ ਵਾਂਗ ਹੀ ਮਜ਼ਾਕ ਦਾ ਪਾਤਰ ਬਣ ਰਹੇ ਹਨ। ਭਾਵੇਂ ਕਿ ਉਸ ਘਟਨਾ ਤੋਂ ਬਾਅਦ ਨਾ ਤਾਂ ਹਰਸਿਮਰਤ ਨੇ ਕਿਸੇ ਦਾ ਕੁਝ ਵਿਗਾੜਿਆ ਹੈ ਤੇ ਸ਼ਾਇਦ ਨਾ ਹੀ ਮੁਹੰਮਦ ਸਦੀਕ ਕੁਝ ਵਿਗਾੜ ਪਾਉਣਗੇ, ਪਰ ਅਜਿਹੀਆਂ ਵਾਇਰਲ ਹੋ ਰਹੀਆਂ ਵੀਡੀਓ ਨੂੰ ਦੇਖ ਕੇ ਇੰਨਾ ਜਰੂਰ ਕਿਹਾ ਜਾ ਰਿਹਾ ਹੈ ਕਿ ਸਿਆਸਤਦਾਨਾਂ ਦੇ ਫੈਸਲਿਆਂ ਕਾਰਨ ਸੜਕਾਂ ‘ਤੇ ਡਾਂਗਾਂ ਖਾਂਦੇ ਲੋਕਾਂ ਨੂੰ ਆਗੂਆਂ ਦੀਆਂ ਅਜਿਹੀਆਂ ਗਲਤੀਆਂ ਕਾਰਨ ਹੀ ਸਹੀ ਕੁਝ ਖੁਸ਼ ਹੋਣ ਦਾ ਮੌਕਾ ਤਾਂ ਦੇ ਹੀ ਦਿੱਤਾ ਹੈ।

- Advertisement -

Share this Article
Leave a comment