ਲਓ ਬਈ ! ਸਿੱਧੂ ਦੀ 75-25 ਵਾਲੀ ਗੱਲ ‘ਤੇ ਲੱਗ ਗਈ ਮੋਹਰ, ਕੈਪਟਨ ਤੇ ਬਾਦਲ ਨੇ ਮਾਂਜ ਤਾ ਘੁਬਾਇਆ ? ਰਾਹੁਲ ਨੂੰ ਦੱਸ ‘ਤੇ ਰਲੇ ਹੋਏ ਲੋਕਾਂ ਦੇ ਨਾਂ !

TeamGlobalPunjab
8 Min Read

ਫਿਰੋਜ਼ਪੁਰ : ਇੰਝ ਜਾਪਦਾ ਹੈ ਜਿਵੇਂ ਕਾਂਗਰਸ ਪਾਰਟੀ ਦੇ ਹਲਕਾ ਫਿਰੋਜ਼ਪੁਰ ਤੋਂ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨਵਜੋਤ ਸਿੰਘ ਸਿੱਧੂ ਦੇ 75-25 ਵਾਲੇ ਬਿਆਨ ਦੇ ਹੱਕ ਵਿੱਚ ਨਿੱਤਰ ਆਏ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਸ਼ੇਰ ਸਿੰਘ ਘੁਬਾਇਆ ਨੇ ਮੀਡੀਆ ਨੂੰ ਇਹ ਬਿਆਨ ਦਿੱਤਾ ਹੈ ਕਿ ਉਨ੍ਹਾਂ ਨੂੰ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਕਾਂਗਰਸੀ ਆਗੂਆਂ ਨੇ ਹੀ ਵਿਰੋਧੀਆਂ ਨਾਲ ਮਿਲ ਕੇ ਹਰਾਇਆ ਹੈ।ਇੱਥੇ ਹੀ ਬੱਸ ਨਹੀਂ ਘੁਬਾਇਆ ਨੇ ਆਪਣੀ ਇਸ ਨਰਾਜ਼ਗੀ ਦੇ ਚਲਦਿਆਂ ਕੁੱਲ ਹਿੰਦ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਇੱਕ ਈ-ਮੇਲ ਭੇਜ ਕੇ ਇਸ ਸਾਰੇ ਮਾਮਲੇ ਦੀ ਸ਼ਿਕਾਇਤ ਵੀ ਕੀਤੀ ਹੈ। ਈ-ਮੇਲ ‘ਚ ਘੁਬਾਇਆ ਨੇ ਉਨ੍ਹਾਂ ਕਾਂਗਰਸੀ ਆਗੂਆਂ ਦੇ ਨਾਮ ਵੀ ਲਏ ਹਨ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਇਨ੍ਹਾਂ ਲੋਕਾਂ ਨੇ ਹੀ ਵਿਰੋਧੀਆਂ ਨਾਲ ਮਿਲਕੇ ਘੁਬਾਇਆ ਨੂੰ ਹਰਾਇਆ ਹੈ।
ਮੀਡੀਆ ਨਾਲ ਰੂਬਰੂ ਹੰੁਦਿਆਂ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਉਨ੍ਹਾਂ ਨੇ ਫਿਰੋਜ਼ਪੁਰ ਹਲਕੇ ‘ਚ 10 ਸਾਲ ਕੰਮ ਕੀਤਾ ਹੈ ਤੇ ਉਨ੍ਹਾਂ ਕਦੇ ਉਮੀਦ ਵੀ ਨਹੀਂ ਕੀਤੀ ਸੀ ਕਿ ਉਨ੍ਹਾਂ ਨੂੰ ਆਪਣੇ ਹੀ ਘਰ ਵਿੱਚ ਇੰਨੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਏਗਾ। ਘੁਬਾਇਆ ਨੇ ਇਲਜ਼ਾਮ ਲਗਾਇਆ ਕਿ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਕਈ ਕਾਂਗਰਸ ਆਗੂਆਂ ਨੇ ਆਪੋ ਆਪਣੇ ਵਿਧਾਨ ਸਭਾ ਹਲਕਿਆਂ ਦੇ ਕਾਂਗਰਸੀ ਸਮੱਰਥਕਾਂ ਨੂੰ ਇਹ ਨਿਰਦੇਸ਼ ਦਿੱਤੇ ਸਨ ਕਿ ਉਹ ਲੋਕ ਘੁਬਾਇਆ ਨੂੰ ਵੋਟ ਨਾ ਪਾਉਣ ਤੇ ਨਾ ਪੈਣ ਦੇਣ। ਸ਼ੇਰ ਸਿੰਘ ਘੁਬਾਇਆ ਨੇ ਖੁਲਾਸਾ ਕੀਤਾ ਇਸ ਮਾਮਲੇ ‘ਚ ਉਨ੍ਹਾਂ ਨੇ ਕੁਲ ਹਿੰਦ ਕਾਂਗਰਸ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਇੱਕ ਈ-ਮੇਲ ਜ਼ਰੀਏ ਸ਼ਿਕਾਇਤ ਭੇਜਕੇ ਉਨ੍ਹਾਂ ਲੋਕਾਂ ਦੇ ਨਾਂਅ ਵੀ ਦੱਸੇ ਹਨ ਜਿਹੜੇ ਉਨ੍ਹਾਂ ਦੀ ਹਾਰ ਲਈ ਜ਼ਿੰਮੇਵਾਰ ਹਨ। ਘੁਬਾਇਆ ਨੇ ਇਹ ਵੀ ਕਿਹਾ ਕਿ ਇਸ ਬਾਬਤ ਉਹ ਬਹੁਤ ਜ਼ਲਦ ਰਾਹੁਲ ਗਾਂਧੀ ਨੂੰ ਮਿਲਣ ਜਾ ਰਹੇ ਹਨ।
ਫਿਰੋਜ਼ਪੁਰ ਤੋਂ ਹਾਰੇ ਸ਼ੇਰ ਸਿੰਘ ਘੁਬਾਇਆ ਨੇ ਇਸ ਮੌਕੇ ਉਨ੍ਹਾਂ ਲੋਕਾਂ ਦੇ ਮੀਡੀਆਂ ਨੂੰ ਨਾਂਅ ਦੱਸਣ ਤੋਂ ਇਨਕਾਰ ਕਰ ਦਿੱਤਾ ਜਿੰਨ੍ਹਾਂ ਬਾਰੇ ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਘੁਬਾਇਆ ਦੇ ਵਿਰੁਧ ਕੰਮ ਕੀਤਾ ਹੈ। ਇੱਥੇ ਤੁਹਾਨੂੰ ਦੱਸ ਦਈਏ ਕਿ ਸ਼ੇਰ ਸਿੰਘ ਘੁਬਾਇਆ ਹਲਕਾ ਫਿਰੋਜ਼ਪੁਰ ਤੋਂ ਸਾਲ 2009 ਤੇ 2014 ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ 2 ਵਾਰ ਸੰਸਦੀ ਚੋਣਾਂ ਜਿੱਤ ਚੁੱਕੇ ਹਨ ਤੇ ਇਸ ਵਾਰ ਦੀਆਂ ਚੋਣਾਂ ਤੋਂ ਪਹਿਲਾਂ ਘੁਬਾਇਆ ਨੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਸੀ। ਇਸ ਤੋਂ ਬਾਅਦ ਭਾਵੇ ਕਿ ਫਿਰੋਜ਼ਪੁਰ ਹਲਕੇ ਤੋਂ ਟਿਕਟ ਲੈਣ ਲਈ ਕਾਂਗਰਸ ਪਾਰਟੀ ਦੇ ਹੋਰ ਬਹੁਤ ਸਾਰੇ ਲੋਕਾਂ ਨੇ ਟਿਕਟ ਲੈਣ ਲਈ ਦਾਅਵੇਦਾਰੀਆਂ ਪੇਸ਼ ਕੀਤੀਆਂ ਸਨ ਪਰ ਇਸ ਦੇ ਬਾਵਜੂਦ ਪਾਰਟੀ ਹਾਈਕਮਾਡ ਨੇ ਸ਼ੇਰ ਸਿੰਘ ਘੁਬਾਇਆ ਦੇ ਨਾਂਅ ‘ਤੇ ਮੋਹਰ ਲਾ ਦਿੱਤੀ। ਇੱਥੇ ਹੀ ਆ ਕੇ ਪੇਚ ਫਸ ਗਿਆ ਤੇ ਜਿਹੜੇ ਲੋਕ ਹਲਕਾ ਫਿਰੋਜ਼ਪੁਰ ਤੋਂ ਟਿਕਟ ਮਿਲਣ ਦੀ ਆਸ ਲਗਾਈ ਬੈਠੇ ਸਨ ਦੋਸ਼ ਹੈ ਕਿ ਉਨ੍ਹਾਂ ਨੇ ਹੀ ਚੋਣਾਂ ਦੌਰਾਨ ਸ਼ੇਰ ਸਿੰਘ ਘੁਬਾਇਆ ਦਾ ਕੁੰਡਾ ਕਰ ਦਿੱਤਾ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਲੋਕ ਸਭਾ ਹਲਕਾ ਫਿਰੋਜ਼ਪੁਰ ‘ਚ ਕੁੱਲ 9 ਵਿਧਾਨ ਸਭਾ ਹਲਕੇ ਪੈਂਦੇ ਹਨ ਤੇ ਜਿੰਨ੍ਹਾਂ ‘ਚੋਂ 7 ਹਲਕਿਆਂ ‘ਤੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਕਬਜਾ ਕੀਤਾ ਸੀ। ਪਰ ਇਸ ਵਾਰ ਇਹ 9 ਦੇ 9 ਹਲਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੀ ਝੋਲੀ ‘ਚ ਜਾ ਪਏ ਹਨ। ਗੱਲ ਇੱਥੇ ਹੀ ਨਿੱਬੜ ਜਾਂਦੀ ਤਾਂ ਸ਼ਾਇਦ ਘੁਬਾਇਆ ਇਸ ਨੂੰ ਕਿਸਮਤ ਦਾ ਖੇਡ ਮੰਨ ਲੈਂਦੇ ਪਰ ਦੱਸ ਦਈਏ ਫਿਰੋਜ਼ਪੁਰ ਦੇ ਜਿਹੜੇ 7 ਹਲਕਿਆਂ ਚੋਂ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਪੰਜਾਬ ਵਿਧਾਨ ਸਭਾ ‘ਚ ਮੌਜੂਦ ਨੇ ਉਨ੍ਹਾਂ ਚੋਂ ਵੀ 3 ਹਲਕੇ ਅਜਿਹੇ ਹਨ ਜਿੰਨ੍ਹਾਂ ‘ਚੋਂ ਘੁਬਾਇਆ ਕਦੇ ਸੁਫਨੇ ‘ਚ ਵੀ ਹਾਰ ਬਾਰੇ ਨਹੀਂ ਸੋਚ ਸਕਦੇ ਸਨ। ਇਹ 3 ਹਲਕੇ ਹਨ, ਅਬੋਹਰ, ਫਾਜ਼ਿਲਕਾ ਤੇ ਗੁਰੂ ਹਰਿ ਸਹਾਇ। ਜਿੰਨ੍ਹਾਂ ‘ਚੋਂ ਹਲਕਾ ਅਬੋਹਰ ਤੋਂ ਅਰੁਣ ਨਾਰੰਗ ਵਿਧਾਇਕ ਹਨ ਤੇ ਇਹ ਹਲਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਗੜ੍ਹ ਮੰਨਿਆ ਜਾਂਦੈ ਤੇ ਜਾਖੜ ਦੀ ਰਿਹਾਇਸ਼ ਵੀ ਉੱਥੇ ਹੀ ਹੈ। ਹਲਕੇ ਗੁਰੂ ਹਰਿ ਸਹਾਇ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਪੰਜਾਬ ਸਰਕਾਰ ‘ਚ ਕੈਬਨਿਟ ਮੰਤਰੀ ਵੀ ਹਨ ਤੇ ਹਲਕਾ ਫਾਜ਼ਿਲਕਾ ਤੋਂ ਉਨ੍ਹਾਂ ਦੇ ਆਪਣੇ ਪੁੱਤਰ ਅਤੇ ‘ਜੁੱਲੀ ਬਿਸਤਰਾ ਗੋਲ’ ਵਾਲੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵਿਧਾਇਕ ਹਨ।
ਇੰਨ੍ਹਾਂ ਤਿੰਨਾਂ ਹਲਕਿਆਂ ਦੇ ਚੋਣ ਨਤੀਜ਼ੇ ਦੇਖ ਕੇ ਘੁਬਾਇਆ ਨੂੰ ਯਕੀਨ ਹੀ ਨਹੀਂ ਹੋੋਇਆ ਕਿਉਂਕਿ ਰਾਣਾ ਸੋਢੀ ਦੇ ਹਲਕੇ ‘ਚੋਂ ਕਾਂਗਰਸ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ 62,787 ਵੋਟਾਂ ਪਈਆਂ ਸਨ ਪਰ ਇਸ ਵਾਰ ਅੰਕੜਾਂ ਘਟ ਕੇ 55,753 ਵੋਟਾਂ ‘ਤੇ ਸਿਮਟ ਗਿਆ ਹੈ। ਇਸ ਤੋਂ ਵੀ ਵੱਡੀ ਗੱਲ ਉਨ੍ਹਾਂ ਦੇ ਆਪਣੇ ਬੇਟੇ ਦਵਿੰਦਰ ਸਿੰਘ ਘੁਬਾਇਆ ਦੇ ਹਲਕੇ ਫਾਜ਼ਿਲਕਾ ਚੋਂ ਭਾਵੇ ਕਿ ਉਂਨ੍ਹਾਂ ਨੂੰ ਪਿਛਲੀ ਵਾਰ ਦੀਆਂ ਚੋਣਾਂ ਨਾਲੋਂ ਵੱਧ ਪਈਆਂ ਹਨ ਪਰ ਇਸ ਦੇ ਬਾਵਜੂਦ ਘੁਬਾਇਆ ਇਸ ਹਲਕੇ ਤੋਂ ਵੀ ਹਾਰ ਗਏ ਹਨ। ਦਵਿੰਦਰ ਘੁਬਾਇਆ ਨੂੰ ਸਾਲ 2017 ਦੌਰਾਨ 39,276 ਵੋਟਾਂ ਹਾਸਲ ਹੋਈਆਂ ਸਨ ਜਦਕਿ ਇਸ ਵਾਰ 48,992 ਵੋਟਾਂ ਪਈਆਂ।
ਇਸ ਤੋਂ ਇਲਾਵਾ ਸ਼ੇਰ ਸਿੰਘ ਘੁਬਾਇਆ ਦਾ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਤੇ ਦਿਹਾਤੀ ਵਿਚਲੇ ਰਾਏ ਸਿੱਖ ਬਰਾਦਰੀ ਦੇ ਵੋਟਰਾਂ ਅੰਦਰ ਵੀ ਵੱਡਾ ਆਧਾਰ ਸੀ ਪਰ ਇਸ ਦੇ ਬਾਵਜੂਦ ਘੁਬਾਇਆ ਦੀ ਇਥੋਂ ਵੀ ਹਾਰ ਹੋਈ ਹੈ।ਸ਼ੇਰ ਸਿੰਘ ਘੁਬਾਇਆ ਨੂੰ ਸੁਖਬੀਰ ਬਾਦਲ ਨੇ ਫਿਰੋਜ਼ਪੁਰ ਹਲਕੇ ਤੋਂ 1 ਲੱਖ 98 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਹੈ ਤੇ ਇਹ ਸੂਬੇ ‘ਚ ਸਭ ਤੋਂ ਵੱਡੇ ਫਰਕ ਨਾਲ ਹੋਈ ਜਿੱਤ ਮੰਨੀ ਗਈ ਹੈ। ਅਜਿਹੇ ‘ਚ ਘੁਬਾਇਆ ਨੇ ਰੌਲਾ ਪਾ ਕੇ ਵੱਡੇ ਸਵਾਲ ਪੈਦਾ ਕੀਤੇ ਹਨ ਕਿ ਇਹ ਸੰਭਵ ਨਹੀਂ ਹੈ।
ਕੁਲ ਮਿਲਾ ਕੇ ਗੱਲ ਇੱਥੇ ਮੁੱਕਦੀ ਹੈ ਕਿ ਸ਼ੇਰ ਸਿੰਘ ਘੁਬਾਇਆ ਨੇ ਵੀ ਘੁਮਾ ਫਿਰਾ ਕੇ ਗੱਲ ਓਹੀ ਕਹਿ ਦਿੱਤੀ ਹੈ ਜੋ ਪ੍ਰਚਾਰ ਦੇ ਅਖੀਰਲੇ ਦਿਨ ਹਲਕੇ ਬਠਿੰਡਾ ‘ਚ ਭਾਸ਼ਣ ਦਿੰਦਿਆਂ ਨਵਜੋਤ ਸਿੰਘ ਸਿੱਧੂ ਨੇ ਕੀਤੀ ਸੀ ਕਿ ‘ਇਹ ਸਭ ਰਲੇ ਹੋਏ ਹਨ’। ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ, ਕੀ ਇਹ ਸਭ ਵਾਕਿਆ ਹੀ ਰਲੇ੍ਹ ਹੋਏ ਹਨ? ਕੀ ਘੁਬਾਇਆ ਵਾਕਿਆ 75/25 ਖੇਡ ਦਾ ਸ਼ਿਕਾਰ ਹੋ ਗਿਆ ਹੈ? ਕੀ ਘੁਬਾਇਆ ਨਾਲ ਕਾਂਗਰਸੀਆਂ ਨੇ ਧੌਖਾ ਕੀਤਾ ਹੈ? ਜਾਂ ਬੇਅਦਬੀ ਤੇ ਗੋਲੀ ਕਾਂਡ ਦੀਆਂ ਘਟਨਾਵਾਂ ‘ਚ ਘਿਰੇ ਹੋਣ ਦੇ ਬਾਵਜੂਦ ਬਾਦਲਾਂ ਨੂੰ ਇੰਨ੍ਹੀ ਵੱਡੀ ਤਦਾਦ ਵਿੱਚ ਵੋਟਾਂ ਪੈ ਜਾਣੀਆਂ ਇਸ ਗੱਲ ਦਾ ਸਬੂਤ ਹਨ ਕਿ ਲੋਕ ਬੇਅਦਬੀ ਤੇ ਗੋਲੀ ਕਾਂਡ ਦੀਆਂ ਘਟਨਾਵਾਂ ਨੂੰ ਕਿਸਮਤ ਦਾ ਖੇਡ ਮੰਨ ਕੇ ਮੁੜ ਉਨ੍ਹਾਂ ਹੀ ਰਿਵਾਇਤੀ ਪਾਰਟੀਆਂ ਨੂੰ ਵੋਟ ਪਾਉਣ ਲੱਗ ਪਏ ਨੇ ਜਿੰਨ੍ਹਾਂ ਨੂੰ ਵੋਟਾਂ ਪਾਏ ਬਿਨ੍ਹਾਂ ਸੂਬੇ ਦੇ ਲੋਕਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ? ਸਵਾਲ ਵੱਡੇ ਹਨ ਪਰ ਜੁਵਾਬ ਦੇਣ ਵਾਲਾ ਫਿਲਹਾਲ ਕੋਈ ਦਿਖਾਈ ਨਹੀਂ ਦਿੰਦਾ।ਅੰਤ ‘ਚ ਇਹ ਕਿਹਾ ਜਾ ਸਕਦਾ ਹੈ ਕਿ ਇਸ ਸਿਆਸੀ ਬਿੱਲੀ ਦੇ ਗੱਲ ਟੱਲੀ ਬੰਨਣ ਦੀ ਹਿੰਮਤ ਨਵਜੋਤ ਸਿੱਧੂ ਤੋਂ ਬਾਅਦ ਹੁਣ ਸ਼ੇਰ ਸਿੰਘ ਘੁਬਾਇਆ ਨੇ ਦਿਖਾਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਰਾਹੁਲ ਗਾਂਧੀ ਘੁਬਾਇਆ ਦੀ ਸ਼ਿਕਾਇਤ ‘ਤੇ ਕੀ ਕਾਰਵਾਈ ਕਰਦੇ ਹਨ, ਨਹੀਂ ਤਾਂ ਇਹ ਸਿਆਸੀ ਬਿੱਲੀ ਪਹਿਲਾਂ ਨਵਜੋਤ ਸਿੱਧੂ ਨੂੰ ਪੰਜਾ ਮਾਰਕੇ ਥੱਲੇ ਸੁਟਣ ਨੂੰ ਤਿਆਰ ਬੈਠੀ ਸੀ ਤੇ ਹੁਣ ਅਗਲੀ ਵਾਰੀ ਘੁਬਾਇਆ ਦੀ ਵੀ ਹੋ ਸਕਦੀ ਹੈ।

Share this Article
Leave a comment