ਚੰਡੀਗੜ੍ਹ : ਜਿੱਥੇ ਇੱਕ ਪਾਸੇ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਲਈ ਬਣੀ ਐਸ ਆਈ ਟੀ ਲਗਾਤਾਰ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਪੁੱਛ-ਗਿੱਛ ਕਰਨ ‘ਚ ਲੱਗੀ ਹੋਈ ਹੈ ਉੁੱਥੇ ਦੂਜੇ ਪਾਸੇ ਇਨ੍ਹਾਂ ਨੂੰ ਹਾਈ ਕੋਰਟ ਵੱਲੋਂ ਰਾਹਤ ਮਿਲਣ ਦੀਆਂ ਖ਼ਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇੰਸਪੈਕਟਰ ਪ੍ਰਦੀਪ ਸਿੰਘ ਤੋਂ ਬਾਅਦ ਹਾਈਕੋਰਟ ਤੋਂ ਇਸ ਵਾਰ ਇਹ ਰਾਹਤ ਫਾਜ਼ਿਲਕਾ ਦੇ ਸਾਬਕਾ ਐਸ ਪੀ ਬਿਕਰਮਜੀਤ ਸਿੰਘ ਨੂੰ ਮਿਲੀ ਹੈ ਜਿਸ ਦੀ ਗ੍ਰਿਫਤਾਰੀ ‘ਤੇ ਅਦਾਲਤ ਨੇ 21 ਮਈ ਤੱਕ ਰੋਕ ਲਾ ਦਿੱਤੀ ਹੈ।
ਦੱਸ ਦਈਏ ਕਿ ਬਹਿਬਲ ਕਲਾਂ ਗੋਲੀ ਕਾਂਡ ਮਾਮਲਿਆਂ ‘ਚ ਪੁਲਿਸ ਮੁਲਾਜ਼ਮਾਂ ਵਿੱਚੋਂ ਐਸ ਆਈ ਟੀ ਨੇ ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾਂ ਨੂੰ ਤਾਂ ਪਿਛਲੀ 25 ਜਨਵਰੀ ਨੂੰ ਹੀ ਗ੍ਰਿਫਤਾਰ ਕਰ ਲਿਆ ਸੀ। ਜਿਸ ਤੋਂ ਬਾਅਦ ਐਸਪੀ ਬਿਕਰਮਜੀਤ, ਸਬ-ਇੰਸਪੈਕਟਰ ਅਮਰਜੀਤ ਕੁਲਾਰ ਤੇ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਵੀ ਜਵਾਬ ਤਲਬੀ ਲਈ ਐਸ ਆਈ ਟੀ ਅੱਗੇ ਹਾਜ਼ਰ ਹੋਣ ਲਈ ਕਿਹਾ ਗਿਆ ਸੀ ਪਰ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਜਵਾਬ ਤਲਬੀ ਲਈ ਹਾਜ਼ਰ ਹੋਣ ਤੋਂ ਟਾਲਾ ਵੱਟਿਆ ਕਿਉਂਕਿ ਇਨ੍ਹਾਂ ਨੂੰ ਇਹ ਯਕੀਨ ਸੀ ਕਿ ਜੇਕਰ ਉਹ ਸਿੱਟ ਅੱਗੇ ਪੇਸ਼ ਹੋਏ ਤਾਂ ਉਨ੍ਹਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਇਸ ਦੇ ਨਾਲ ਹੀ ਇਨ੍ਹਾਂ ਪੁਲਿਸ ਅਧਿਕਾਰੀਆਂ ਨੇ ਗ੍ਰਿਫਤਾਰੀ ਤੋਂ ਬਚਣ ਲਈ ਅਦਾਲਤ ‘ਚ ਵੀ ਅਰਜ਼ੀਆਂ ਦਾਇਰ ਕੀਤੀਆਂ ਸਨ ਪਰ ਹੇਠਲੀ ਅਦਾਲਤ ਨੇ ਇਨ੍ਹਾਂ ਦੀਆਂ ਅਰਜ਼ੀਆਂ ਨੂੰ ਨਾ-ਮਨਜ਼ੂਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਇਹ ਲੋਕ ਹਾਈਕੋਰਟ ਦੀ ਸ਼ਰਣ ‘ਚ ਜਾ ਪਹੁੰਚੇ। 13 ਫਰਵਰੀ ਨੂੰ ਉੱਥੇ ਪਾਈ ਗਈ ਅਰਜ਼ੀ ਤਹਿਤ ਪਹਿਲਾਂ ਪ੍ਰਦੀਪ ਸਿੰਘ ਨੂੰ ਹਾਈ ਕੋਰਟ ਵੱਲੋਂ ਗ੍ਰਿਫਤਾਰੀ ‘ਤੇ 21 ਮਈ ਤੱਕ ਦੀ ਰੋਕ ਵਾਲੀ ਰਾਹਤ ਮਿਲੀ ਅਤੇ ਹੁਣ ਸਾਬਕਾ ਐਸ ਪੀ ਬਿਕਰਮਜੀਤ ਸਿੰਘ ਦੀ ਗ੍ਰਿਫਤਾਰੀ ‘ਤੇ ਵੀ ਅਦਾਲਤ ਨੇ 21 ਮਈ ਤੱਕ ਦੀ ਹੀ ਰੋਕ ਲਾ ਦਿੱਤੀ ਹੈ। ਅਦਾਲਤ ਨੇ ਇਸ ਸਬੰਧ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਭੇਜ ਕੇ ਜਵਾਬ ਤਲਬੀ ਕੀਤੀ ਹੈ ਤੇ ਸਰਕਾਰ ਦੇ ਜਵਾਬ ਤੋਂ ਬਾਅਦ ਹੀ ਅੱਗੇ ਕੋਈ ਫੈਸਲਾ ਆਉਣ ਦੀ ਉਮੀਦ ਹੈ।