ਪੰਜਾਬ ਨੂੰ ਕਾਂਗਰਸ ਅਤੇ ਬਾਦਲਾਂ ਨੇ ਇੱਕ ਦੂਜੇ ਤੋਂ ਵੱਧ ਕੇ ਲੁੱਟਿਆ: ਕੁਲਤਾਰ ਸਿੰਘ ਸੰਧਵਾਂ

TeamGlobalPunjab
4 Min Read

ਚੰਡੀਗੜ – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਈ.ਡੀ ਦੇ ਛਾਪੇ ਵਿੱਚ ਮੁੱਖ ਮੰਤਰੀ ਚੰਨੀ ਦੇ ਰਿਸਤੇਦਾਰਾਂ ਕੋਲੋਂ ਬਰਾਮਦ ਰਕਮ ਬਾਰੇ ਅਕਾਲੀ ਦਲ ਬਾਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਗਏ ਬਿਆਨ ‘ਤੇ ਬੀਬਾ ਬਾਦਲ ਦੀ ਸਖ਼ਤ ਅਲੋਚਨਾ ਕੀਤੀ ਹੈ। ਜ਼ਿਕਰਯੋਗ ਹੈ ਕਿ ‘ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰੇਤ ਮਾਫੀਆ ਚਲਾ ਰਹੇ ਹਨ ਅਤੇ ਚੰਨੀ ਦੇ ਛੋਟੇ ਜਿਹੇ ਕਾਰਜਕਾਲ ਵਿੱਚ ਉਸ ਦੇ ਰਿਸਤੇਦਾਰਾਂ ਨੇ ਕਰੋੜਾਂ ਰੁਪਏ ਇੱਕਠੇ ਕੀਤੇ ਹਨ’ ਬਾਰੇ ਟਿੱਪਣੀ ਕਰਦਿਆਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ, ”ਬੀਬਾ ਹਰਸਿਮਰਤ ਕੌਰ ਬਾਦਲ ਆਪਣੇ ਤਜ਼ਰਬੇ ਨਾਲ ਮੁੱਖ ਮੰਤਰੀ ਚੰਨੀ ਦੀ ਲੁੱਟ ਬਾਰੇ ਗੱਲ ਕਰ ਰਹੀ ਹੈ, ਕਿਉਂਕਿ ਬਾਦਲ ਪਰਿਵਾਰ ਦਹਾਕਿਆਂ ਤੋਂ ਪੰਜਾਬ ਨੂੰ ਲੁੱਟਦਾ ਆ ਰਿਹਾ। ਈ.ਡੀ. ਦੀ ਛਾਪੇਮਾਰੀ ਵਿੱਚ ਚੰਨੀ ਦੀ ਰੱਖੀ ਗਈ ਰਕਮ ਦਾ ਪਰਦਾਫ਼ਾਸ਼ ਹੋਇਆ ਹੈ, ਪਰ ਹਰਸਿਮਰਤ ਕੌਰ ਬਾਦਲ ਨੂੰ ਪੰਜਾਬ ਦੀ ਜਨਤਾ ਨੂੰ ਦੱਸਣਾ ਚਾਹੀਦਾ ਹੈ ਕਿ ਬਾਦਲ ਪਰਿਵਾਰ ਨੇ ਆਪਣੇ 15 ਸਾਲਾਂ ਦੇ ਰਾਜਕਾਲ ਕਿੰਨੇ ਕਰੋੜ ਰੁਪਏ ਪੰਜਾਬ ਵਿਚੋਂ ਲੁੱਟੇ ਹਨ।”

ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਾਦਲ ਪਰਿਵਾਰ ਸੂਬੇ ਵਿੱਚ ਹਰ ਤਰਾਂ ਰੇਤ, ਡਰੱਗ, ਟਰਾਂਸਪੋਰਟ, ਕੇਬਲ ਮਾਫੀਆ ਦਾ ਸਰਪ੍ਰਸਤ ਰਿਹਾ ਹੈ। ਇਸ ਲਈ ਹੁਣ ਜਦੋਂ ਈ.ਡੀ. ਨੇ ਮੁੱਖ ਮੰਤਰੀ ਚੰਨੀ ਦੇ ਰਿਸਤੇਦਾਰਾਂ ਤੋਂ ਕਰੋੜਾਂ ਰੁਪਏ ਜਬਤ ਕੀਤੇ ਹਨ ਤਾਂ ਇਸ ਬਾਰੇ ਹਰਸਿਮਰਤ ਕੌਰ ਬਾਦਲ ਦੀ ਪ੍ਰਤੀਕਿਰਿਆ ਹਾਸੋਹੀਣੀ ਹੈ। ਸਾਰਾ ਪੰਜਾਬ ਬਾਦਲ ਪਰਿਵਾਰ ਦੇ ਭ੍ਰਿਸ਼ਟਾਚਾਰ ਅਤੇ ਮਾਫੀਆ ਰਾਜ ਬਾਰੇ ਚੰਗੀ ਤਰਾਂ ਜਾਣਦਾ ਹੈ। ਉਨਾਂ ਕਿਹਾ ਕਿ ਬਾਦਲ ਪਰਿਵਾਰ ਸੂਬੇ ਵਿੱਚ ਹਰ ਤਰਾਂ ਦੇ ਗੈਰ ਕਾਨੂੰਨੀ ਕਾਰੋਬਾਰਾਂ ਦਾ ਸਰਗਣਾ ਰਿਹਾ ਹੈ ਅਤੇ ਉਸ ਨੇ ਲੁਧਿਆਣਾ ਸਿਟੀ ਸੈਂਟਰ ਘੋਟਾਲੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਭਾਈ ਦੀ ਮਦਦ ਕੀਤੀ ਸੀ। ਸੰਧਵਾਂ ਨੇ ਕਿਹਾ ਕਿ ਬਾਦਲ ਪਰਿਵਾਰ ਦਾ ਮਾਨ ਸਨਮਾਨ ਮਾਫੀਆ, ਡਰੱਗ, ਭ੍ਰਿਸ਼ਟਾਚਾਰ ਅਤੇ ਬੇਅਦਬੀ ਦੇ ਦੋਸ਼ਾਂ ਕਾਰਨ ਇਸ ਕਦਰ ਖ਼ਤਮ ਹੋ ਗਿਆ ਹੈ ਕਿ ਉਨਾਂ ਕੋਲ ਦੂਜੇ ਰਾਜਨੀਤਿਕ ਆਗੂਆਂ ਨੂੰ ਸਵਾਲ ਕਰਨ ਦਾ ਕੋਈ ਨੈਤਿਕ ਹੱਕ ਨਹੀਂ ਬਚਇਆ।

ਹਰਸਿਮਰਤ ਕੌਰ ਬਾਦਲ ਵੱਲੋਂ ਭਗਵੰਤ ਮਾਨ ਨੂੰ ਰਬੜ ਦੀ ਮੋਹਰ ਕਹੇ ਜਾਣ ‘ਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਦੇ ਕਿਸਾਨਾਂ ਅਤੇ ਖੇਤੀ ਨੂੰ ਨਰਿੰਦਰ ਮੋਦੀ ਅਤੇ ਭਾਜਪਾ ਕੋਲ ਵੇਚ ਦਿੱਤਾ ਸੀ। ਬੀਬਾ ਬਾਦਲ ਦੇ ਭਰਾ ਬਿਕਰਮ ਮਜੀਠੀਆ ‘ਤੇ ਡਰੱਗ ਤਸਕਰੀ ਦੇ ਦੋਸ਼ ਲੱਗੇ ਹਨ। ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਨਾਂਅ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਪੁਲੀਸ ਗੋਲੀ ਕਾਂਡ ਵਿੱਚ ਆਉਂਦੇ ਹਨ, ਪਰ ਬੀਬਾ ਬਾਦਲ ਭਗਵੰਤ ਮਾਨ ਨੂੰ ਰਬੜ ਦੀ ਮੋਹਰ ਕਹਿਣ ਦੀ ਗੁਸਤਾਖ਼ੀ ਕਰ ਰਹੀ ਹੈ। ਜਦੋਂ ਕਿ ਇੱਕਲੇ ਭਗਵੰਤ ਮਾਨ ਨੇ ਸੰਸਦ ਵਿੱਚ ਕਿਸਾਨਾਂ ਦੇ ਮੁੱਦਿਆਂ ਨੂੰ ਉਠਾਇਆ ਸੀ ਅਤੇ ਪੰਜਾਬ ਦੇ ਲੋਕਾਂ ਨਾਲ ਸੰਬੰਧਿਤ ਕਿਸੇ ਵੀ ਹੋਰ ਮੁੱਦੇ ਨੂੰ ਉਠਾਉਣ ਤੋਂ ਵੀ ਮਾਨ ਕਦੇ ਪਿੱਛੇ ਨਹੀਂ ਹਟੇਗਾ। ਸੰਧਵਾਂ ਨੇ ਕਿਹਾ ਕਿ ਹੁਣ ਜਦੋਂ ਪੰਜਾਬ ਦੇ ਲੋਕ ਕਾਂਗਰਸੀ ਆਗੂਆਂ, ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਦੇ ਭ੍ਰਿਸ਼ਟਾਚਾਰ ਤੋਂ ਚੰਗੀ ਤਰਾਂ ਵਾਕਿਫ਼ ਹੋ ਗਏ ਹਨ ਤਾਂ ਉਹ ਇਨਾਂ ਆਗੂਆਂ ਅਤੇ ਪਰਿਵਾਰਾਂ ‘ਤੇ ਕਦੇ ਭਰੋਸਾ ਨਹੀਂ ਕਰਨਗੇ। ਸਗੋਂ ਵਿਧਾਨ ਸਭਾ ਚੋਣਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ, ਜਿਹੜੀ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਖ਼ਤਮ ਕਰੇਗੀ।

Share this Article
Leave a comment