ਮਹਿਲ ਕਲਾਂ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਹਲਕਾ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੰਗਰੂਰ ਤੋਂ ਪ੍ਰਸਿੱਧ ਢੀਂਡਸਾ ਪਰਿਵਾਰ ਵਿਰੁੱਧ ਇੱਕ ਵਾਰ ਫਿਰ ਝਗੜੇ ਵਾਲਾ ਬਿਆਨ ਦਿੱਤਾ ਹੈ। ਮਾਨ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਇਹ ਕਹਿ ਕੇ ਸੰਗਰੂਰ ਤੋਂ ਟਿਕਟ ਦਿੱਤੀ ਹੈ ਕਿ, “ਜਦੋਂ ਮੈਂ ਆਪਣੇ ਪਿਓ ਦੀ ਨਹੀਂ ਮੰਨਦਾ, ਤਾਂ ਤੂੰ ਕਿਉਂ ਇੰਨਾ ਸੋਚਦੈਂ?” ਭਗਵੰਤ ਮਾਨ ਦੇ ਇਸ ਬਿਆਨ ਤੋਂ ਬਾਅਦ ਢੀਂਡਸਿਆਂ ਤੇ ਮਾਨ ਵਿਚਕਾਰ ਸਿਆਸੀ ਤਲਖੀ ਪੂਰੇ ਸਿਖਰਾਂ ‘ਤੇ ਪਹੁੰਚਣ ਦੀ ਉਮੀਦ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਭਗਵੰਤ ਮਾਨ ਢੀਂਡਸਿਆਂ ਦੇ ਖਿਲਾਫ ਇਹ ਬਿਆਨ ਦੇ ਚੁਕਾ ਹੈ, ਕਿ ਸੁਖਬੀਰ ਬਾਦਲ ਪਰਮਿੰਦਰ ਸਿੰਘ ਨੂੰ ਅਕਾਲੀ ਦਲ ਦੀ ਟਿਕਟ ਤੋਂ ਲੜਾ ਕੇ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਦੀ ਪਿਓ ਪੁੱਤਰਾਂ ਵਾਲੀ ਜੋੜੀ ਨੂੰ ਆਪਸ ‘ਚ ਲੜਾ ਕੇ ਢੀਂਡਸਾ ਪਰਿਵਾਰ ‘ਚ ਕਲੇਸ਼ ਪੁਆਉਣਾ ਚਾਹੁੰਦੇ ਹਨ। ਜਿਸ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਉਨ੍ਹਾਂ ਦਾ ਇਹ ਬਿਆਨ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ। ਕਾਂਗਰਸ ਪਾਰਟੀ ਦੇ ਹਲਕਾ ਸੰਗਰੂਰ ਤੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਬਾਰੇ ਬੋਲਦਿਆਂ ਮਾਨ ਨੇ ਕਿਹਾ ਕਿ ਢਿੱਲੋਂ ਸਿਰਫ ਚੋਣਾਂ ਮੌਕੇ ਹੀ ਲੋਕਾਂ ਨੂੰ ਮੂੰਹ ਦਿਖਾਉਂਦਾ ਹੈ, ਤੇ ਉਸ ਤੋਂ ਬਾਅਦ ਕਿਸੇ ਨੂੰ ਨਹੀਂ ਪੁੱਛਦਾ। ਭਗਵੰਤ ਮਾਨ ਨੇ ਕਿਹਾ ਢਿੱਲੋਂ ਕੋਲ ਤਾਂ ਆਪਣੇ ਵਰਕਰਾਂ ਨੁੰ ਮਿਲਣ ਦਾ ਵੀ ਸਮਾਂ ਨਹੀਂ ਹੈ।