ਚੰਡੀਗੜ੍ਹ : ਆਪਣੇ ਵੱਖਰੇ ਅੰਦਾਜ਼ ‘ਚ ਸੰਸਦ ਅੰਦਰ ਪੰਜਾਬ ਦੇ ਮੁੱਦੇ ਚੁੱਕਣ ਵਾਲੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਹਰ ਦਿਨ ਸੁਰਖੀਆਂ ‘ਚ ਰਹਿੰਦੇ ਹਨ। ਮਾਨ ਦਾ ਬੋਲਣ ਅਤੇ ਆਪਣੀ ਗੱਲ ਰੱਖਣ ਦਾ ਤਰੀਕਾ ਹੀ ਅਜਿਹਾ ਹੈ ਕਿ ਗੱਲ ਸੁਣ ਕੇ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਵੀ ਹਾਸਾ ਆ ਜਾਂਦਾ ਹੈ ਤੇ ਇਸ ਦੌਰਾਨ ਉਹ ਆਪਣੇ ਚੁੱਕੇ ਮੁੱਦੇ ਦੀ ਗੱਲ ਕਦੋਂ ਕਹਿ ਜਾਂਦੇ ਹਨ ਪਤਾ ਹੀ ਨਹੀਂ ਚਲਦਾ।ਭਾਰਤੀ ਸੰਸਦ ਅੰਦਰ ਹੁਣ ਇੱਕ ਵਾਰ ਫਿਰ ਭਗਵੰਤ ਮਾਨ ਦੀ ਗੂੰਜ ਸੁਣਾਈ ਦੇ ਰਹੀ ਹੈ। ਜੀ ਹਾਂ ਇੰਨੀ ਦਿਨੀ ਸੰਸਦ ਦਾ ਮਾਨਸੂਨ ਇਜ਼ਲਾਸ ਚੱਲ ਰਿਹਾ ਹੈ ਤੇ ਜਿਸ ਵਿੱਚ ਬਾਦਲ (ਹਰਸਿਮਰਤ) ਤਾਂ ਭਾਵੇਂ ਸੱਤਾਧਾਰੀ ਕੁਰਸੀਆਂ ‘ਤੇ ਬੈਠੇ ਹਨ, ਪਰ ਮਾਨ ਰੂਪੀ ਬੱਦਲ ਦੀ ਗਰਜ਼ ਸੰਸਦ ਅੰਦਰ ਵਿਰੋਧੀ ਖੇਮੇਂ ਵਾਲੇ ਪਾਸਿਓਂ ਸਾਫ ਸੁਣਾਈ ਦੇ ਰਹੀ ਹੈ। ਇਸ ਵਾਰ ਭਗਵੰਤ ਮਾਨ ਨੇ ਪੰਜਾਬ ‘ਚ ਫੈਲ ਰਹੀ ਕੈਂਸਰ ਦੀ ਬਿਮਾਰੀ ਦਾ ਮੁੱਦਾ ਜ਼ੋਰਾਂ–ਸ਼ੋਰਾਂ ਨਾਲ ਚੁੱਕਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਪੰਜਾਬ ‘ਚ ਕੈਂਸਰ ਦੇ ਮਰੀਜਾਂ ਦਾ ਇਲਾਜ਼ ਨਹੀਂ ਹੋ ਰਿਹਾ ।
ਰਵਨੀਤ ਬਿੱਟੂ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਮਾਨ ਨੇ ਦਾਅਵਾ ਕੀਤਾ ਕਿ ਜੇਕਰ ਪੂਰੇ ਦੇਸ਼ ਅੰਦਰ ਸਭ ਤੋਂ ਵੱਧ ਅਨਾਜ ਪੈਦਾ ਕਰਨ ਦੀ ਗੱਲ ਕਰੀਏ ਤਾਂ ਉਹ ਸੰਗਰੂਰ ਅੰਦਰ ਪੈਦਾ ਹੁੰਦਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਇੱਥੋਂ ਦੀ ਮੂਣਕ ਤਹਿਸੀਲ ਅੰਦਰ ਕੈਂਸਰ ਦੇ ਮਰੀਜ਼ ਵੀ ਸਭ ਤੋਂ ਵੱਧ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਤੋਂ ਬੀਕਾਨੇਰ ਨੂੰ ਜਿਹੜੀ ਟ੍ਰੇਨ ਜਾਂਦੀ ਹੈ ਲੋਕਾਂ ਨੇ ਉਸ ਦਾ ਨਾਮ ਹੀ ਕੈਂਸਰ ਐਕਸਪ੍ਰੈਸ ਰੱਖਿਆ ਹੋਇਆ ਹੈ। ਉਨ੍ਹਾਂ ਸਵਾਲ ਕੀਤਾ ਕਿ, ਕੀ ਪੰਜਾਬ ਅੰਦਰ ਕੈਂਸਰ ਦਾ ਕੋਈ ਹਸਪਤਾਲ ਬਣਾਉਣ ਦੀ ਕੋਈ ਯੋਜਨਾ ਹੈ? ਉਨ੍ਹਾਂ ਕਿਹਾ ਕਿ ਜਿਸ ਪੰਜਾਬ ਦੇ ਲੋਕਾਂ ਨੇ 90 ਪ੍ਰਤੀਸ਼ਤ ਕੁਰਬਾਨੀਆਂ ਦਿੱਤੀਆਂ, ਅੱਜ ਉਨ੍ਹਾਂ ਨੂੰ ਇਵੇਂ ਹੀ ਮਰਨ ਲਈ ਛੱਡ ਦਿੱਤਾ ਗਿਆ ਹੈ।
ਉੱਧਰ ਦੂਜੇ ਪਾਸੇ ਭਗਵੰਤ ਮਾਨ ਦੇ ਬਿਆਨ ‘ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਨੂੰ ਗੁੱਸਾ ਆ ਗਿਆ, ਅਤੇ ਉਨ੍ਹਾਂ ਨੇ ਸੰਸਦ ‘ਚ ਹੀ ਮਾਨ ਨੂੰ ਜਵਾਬ ਦਿੰਦਿਆਂ ਨਾਲ ਹੀ ਨਾਲ ਕੈਪਟਨ ਸਰਕਾਰ ਨੂੰ ਵੀ ਨਿਸ਼ਾਨੇ ‘ਤੇ ਲਿਆ। ਹਰਸਿਮਰਤ ਕੌਰ ਬਾਦਲ ਨੇ ਬੋਲਦਿਆਂ ਕਿਹਾ ਕਿ ਜਿਸ ਵੇਲੇ ਉਹ 2009 ‘ਚ ਸੰਸਦ ਮੈਂਬਰ ਬਣੇ ਸਨ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਕੈਂਸਰ ਰਿਸਰਚ ਐਂਡ ਡਾਇਗਨੋਸਟਿਕ ਸੈਂਟਰ ਬਠਿੰਡਾ ‘ਚ ਬਣਵਾਇਆ ਸੀ। ਇੱਥੇ ਹੀ ਉਨ੍ਹਾਂ ਕੈਪਟਨ ਸਰਕਾਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਹ ਹਸਪਤਾਲ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਸੀ ਪਰ ਅੱਜ ਦੀ ਮੌਜੂਦਾ ਕੈਪਟਨ ਸਰਕਾਰ ਨੇ ਸਾਰੇ ਫੰਡ ਰੋਕ ਦਿੱਤੇ, ਜਿਸ ਨਾਲ ਉੱਥੇ ਰਿਸਰਚ ਤਾਂ ਕੀ ਚੱਲਣੀ ਸੀ ਇਲਾਜ ਦਾ ਕੰਮ ਵੀ ਬੰਦ ਹੋ ਗਿਆ।
ਦੱਸ ਦਈਏ ਕਿ ਸੰਸਦ ਦੇ ਇਸ ਪਹਿਲੇ ਸੈਸ਼ਨ ‘ਚ ਭਗਵੰਤ ਮਾਨ ਨੇ ਪੰਜਾਬ ਦੀ ਜਵਾਨੀ, ਕਿਸਾਨੀ ਅਤੇ ਮਨਰੇਗਾ ਮਜ਼ਦੂਰਾਂ ਦਾ ਮੁੱਦਾ ਚੱਕਿਆ ਹੈ, ਜਿਸ ‘ਤੇ ਹਰਸਿਮਰਤ ਕੌਰ ਬਾਦਲ ਵੀ ਮਾਨ ਨੂੰ ਮੋੜਵਾਂ ਜਵਾਬ ਦੇਣੋਂ ਪਿੱਛੇ ਨਹੀਂ ਰਹੇ।
ਮਾਨ ਨੇ ਸੰਸਦ ਦੇ ਸਦਨ ‘ਚ ਹੋਰ ਕੀ ਕੀ ਮੁੱਦੇ ਚੁੱਕੇ ਤੇ ਕਿਹੜੀ ਗੱਲ ‘ਤੇ ਹਰਸਿਮਰਤ ਤੇ ਮਾਨ ਹੋਏ ਆਹਮੋ ਸਾਹਮਣੇ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।
https://youtu.be/GMqLRG8TXRY