ਮਹਿੰਦਰਪਾਲ ਬਿੱਟੂ ਦੇ ਮਰਨ ਨਾਲ ਕਿਸ ਨੂੰ ਹੋ ਸਕਦਾ ਸੀ ਫਾਇਦਾ, ਬਿੱਟੂ ਦੇ ਪੁੱਤਰ ਦਾ ਵੱਡਾ ਖੁਲਾਸਾ!

TeamGlobalPunjab
3 Min Read

ਕੋਟਕਪੁਰਾ : ਬਰਗਾੜੀ ਬੇਅਦਬੀ ਕਾਂਡ ਕੇਸ ਦੇ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਦੇ ਕਤਲ ਤੋਂ ਬਾਅਦ ਮੀਡੀਆ ਸਾਹਮਣੇ ਆਏ ਉਸ ਦੇ ਪੁੱਤਰ ਰਮਿੰਦਰ ਸਿੰਘ ਨੇ ਮੀਡੀਆ ਸਾਹਮਣੇ ਅਜਿਹੇ ਖੁਲਾਸੇ ਕੀਤੇ ਹਨ ਜਿਸ ਨੂੰ ਜਾਣਨ ਵਾਲਿਆਂ ਦੀ ਹੈਰਾਨੀ ਦਾ ਠਿਕਾਣਾ ਨਹੀਂ ਹੈ। ਰਮਿੰਦਰ ਸਿੰਘ ਦਾ ਦਾਅਵਾ ਹੈ ਕਿ ਆਉਂਦੀ 16 ਜੁਲਾਈ ਨੂੰ ਬਿੱਟੂ ਨੂੰ ਜਮਾਨਤ ਮਿਲ ਜਾਣੀ ਸੀ ਤੇ ਉਸ ਤੋਂ ਪਹਿਲਾਂ ਹੀ ਉਸ ਦੇ ਪਿਤਾ ਦਾ ਕਤਲ ਕਈ ਲੋਕਾਂ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰਦਾ ਹੈ। ਰਮਿੰਦਰ ਸਿੰਘ ਅਨੁਸਾਰ ਉਸ ਦੇ ਪਿਤਾ ਦਾ ਕਤਲ ਇੱਕ ਸਾਜ਼ਿਸ਼ ਤਹਿਤ ਕੀਤਾ ਗਿਆ ਹੈ, ਕਿਉਂਕਿ 3-4 ਮਹੀਨੇ ਪਹਿਲਾਂ ਹੀ ਪੰਜਾਬ ਜੇਲ੍ਹਾਂ ਬਾਰੇ ਡੀਜੀਪੀ ਨੇ ਜੇਲ੍ਹ ਪ੍ਰਸ਼ਾਸਨ ਨੂੰ ਚਿੱਠੀ ਲਿਖ ਕੇ ਇਹ ਚੇਤਾਵਨੀ ਦਿੱਤੀ ਸੀ ਕਿ ਬਿੱਟੂ ਦੀ ਜਾਨ ਨੂੰ ਖਤਰਾ ਹੈ ਪਰ ਇਸ ਦੇ ਬਾਵਜੂਦ ਜਿਸ ਬਿੱਟੂ ਨੂੰ ਜੇਲ੍ਹ ਅੰਦਰ ਵੀ ਕਈ ਤਾਲਿਆਂ ਅੰਦਰ ਬੰਦ ਰੱਖਿਆ ਜਾਂਦਾ ਸੀ ਉਹ ਬਿੱਟੂ ਬਿਨਾਂ ਸੁਰੱਖਿਆ ਮੁਲਾਜ਼ਮਾਂ ਦੇ ਆਪਣੀ ਬੈਰਿਕ ‘ਚੋਂ ਬਾਹਰ ਇਕੱਲਾ ਕਿਵੇਂ ਆ ਗਿਆ? ਰਮਿੰਦਰ ਅਨੁਸਾਰ ਜਿਸ ਜਗ੍ਹਾ ‘ਤੇ ਬਿੱਟੂ ਦਾ ਕਤਲ ਕੀਤਾ ਗਿਆ, ਉਸ ਜਗ੍ਹਾ ਤੋਂ ਜੇਲ੍ਹ ਪ੍ਰਸ਼ਾਸਨ ਦਾ ਦਫਤਰ ਚੰਦ ਕਦਮਾਂ ਦੀ ਦੂਰੀ ‘ਤੇ ਹੈ ਜਿੱਥੇ ਹਰ ਵਕਤ ਜੇਲ੍ਹ ਅਧਿਕਾਰੀ ਤੈਨਾਤ ਰਹਿੰਦੇ ਹਨ, ਪਰ ਇਸ ਦੇ ਬਾਵਜੂਦ ਉਸ ਦੇ ਪਿਤਾ ਨੂੰ 2 ਲੋਕ ਬੇਰਹਿਮੀ ਨਾਲ ਕਤਲ ਕਰਦੇ ਰਹੇ, ਤੇ ਜੇਲ੍ਹ ਪ੍ਰਸ਼ਾਸਨ ਇਸ ਗੱਲ ਤੋਂ ਬੇਖ਼ਬਰ ਕਿਵੇਂ ਰਹਿ ਗਿਆ? ਰਮਿੰਦਰ ਸਿੰਘ ਦੇ ਇਨ੍ਹਾਂ ਸਵਾਲਾਂ ਨੇ ਜਿੱਥੇ ਜੇਲ੍ਹ ਪ੍ਰਸ਼ਾਸਨ ਨੂੰ ਧੁਰ ਅੰਦਰ ਤੱਕ ਹਲਾ ਕੇ ਰੱਖ ਦਿੱਤਾ ਹੈ, ਉੱਥੇ ਦੂਜ਼ੇ ਪਾਸੇ ਜਾਂਚ ਏਜੰਸੀਆਂ ਨੂੰ ਵੀ ਉਸ ਦੇ ਸਵਾਲਾਂ ਦੇ ਜਵਾਬ ਤਲਾਸ਼ਣ ਲਈ ਕਈ ਤਰ੍ਹਾਂ ਦੀਆਂ ਥਿਊਰੀਆਂ ਮਿਲੀਆਂ ਹਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਮਿੰਦਰ ਸਿੰਘ ਨੇ ਦੱਸਿਆ ਕਿ ਮਹਿੰਦਰਪਾਲ ਬਿੱਟੂ ‘ਤੇ ਹਮਲਾਵਰਾਂ ਨੇ ਪਿਛਲੇ ਪਾਸੋਂ ਆ ਕੇ ਹਮਲਾ ਕੀਤਾ, ਤੇ ਉਸ ਦੇ ਪਿਤਾ ਦੇ ਸਿਰ ‘ਤੇ ਕਾਤਲ ਲਗਾਤਾਰ ਕਈ ਵਾਰ ਕਰਦੇ ਰਹੇ, ਪਰ ਇਸ ਦੇ ਬਾਵਜੂਦ ਜੇਲ੍ਹ ਪ੍ਰਸ਼ਾਸਨ ਸੁੱਤਾ ਰਿਹਾ। ਰਮਿੰਦਰ ਅਨੁਸਾਰ ਉਸ ਦੇ ਪਿਤਾ ਨੇ ਉਸ ਨੂੰ ਦੱਸਿਆ ਕਿ ਜਦੋਂ ਕਦੀ ਵੀ ਉਹ ਆਪਣੀ ਬੈਰਕ ਵਿੱਚੋਂ ਬਾਹਰ ਨਿੱਕਲਦਾ ਹੈ ਤਾਂ ਕੁਝ ਲੋਕ ਉਸ ਨੂੰ ਲਗਾਤਾਰ ਘੂਰਦੇ ਹਨ। ਬਿੱਟੂ ਦੇ ਪੁੱਤਰ ਅਨੁਸਾਰ ਜਦੋਂ ਉਸ ਨੂੰ ਆਪਣੇ ਪਿਤਾ ਵੱਲੋਂ ਜਤਾਏ ਗਏ ਡਰ ਬਾਰੇ ਪਤਾ ਲੱਗਾ ਤਾਂ ਉਸ ਨੇ ਆਪਣੇ ਪਿਤਾ ਨੂੰ ਸਲਾਹ ਦਿੱਤੀ ਸੀ ਕਿ ਉਹ ਇਸ ਬਾਰੇ ਜੇਲ੍ਹ ਪ੍ਰਸ਼ਾਸਨ ਨੂੰ ਜਾਣੂ ਕਰਵਾਉਣ, ਪਰ ਇਸ ਤੋਂ ਪਹਿਲਾਂ ਕਿ ਉਹ ਇਸ ਡਰ ਬਾਰੇ ਜੇਲ੍ਹ ਪ੍ਰਸ਼ਾਸਨ ਨੂੰ ਜਾਣੂ ਕਰਵਾਉਂਦੇ ਉਸ ਦੇ ਪਿਤਾ ਦਾ ਕਤਲ ਕਰ ਦਿੱਤਾ ਗਿਆ।

ਰਮਿੰਦਰ ਸਿੰਘ ਨੇ ਸਵਾਲ ਕੀਤਾ ਹੈ ਕਿ ਜਿਸ ਬੰਦੇ ਦੀ ਜਾਨ ਨੂੰ ਖਤਰਾ ਦੱਸ ਕੇ ਜੇਲ੍ਹ ਦਾ ਡੀਜੀਪੀ ਵੀ ਜੇਲ੍ਹ ਪ੍ਰਸ਼ਾਸਨ ਨੂੰ ਅਗਾਹ ਕਰ ਰਿਹਾ ਹੋਵੇ, ਉਹ ਬੰਦਾ ਬਿਨਾਂ ਸੁਰੱਖਿਆ ਮੁਲਾਜ਼ਮਾਂ ਦੇ ਬਾਹਰ ਕਿਵੇਂ, ਕਦੋਂ ਤੇ ਕੀ ਕਰਨ ਆਇਆ ਸੀ? ਇਹ ਡੂੰਘੀ ਜਾਂਚ ਦਾ ਵਿਸ਼ਾ ਹੈ, ਤੇ ਇਸ ਜਾਂਚ ਦੇ ਘੇਰੇ ਵਿੱਚ ਜੇਲ੍ਹ ਪ੍ਰਸ਼ਾਸਨ ਤੇ ਉਹ ਲੋਕ ਆਉਂਦੇ ਹਨ ਜਿਨ੍ਹਾਂ ਨੇ ਉਸ ਦੇ ਪਿਤਾ ਨੂੰ ਸੁਰੱਖਿਆ ਮੁਹੱਈਆ ਕਰਵਾਉਣੀ ਸੀ।

Share this Article
Leave a comment