ਫਰੀਦਕੋਟ : ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀ ਕਾਂਡ ਮਾਮਲਿਆਂ ਵਿੱਚ ਐਸਆਈਟੀ ਜਿੱਥੇ ਮੌਕੇ ‘ਤੇ ਮੌਜੂਦ ਗੋਲੀ ਚਲਾਉਣ ਅਤੇ ਹੁਕਮ ਦੇਣ ਵਾਲੇ ਪੁਲਿਸ ਅਧਿਕਾਰੀਆਂ ‘ਤੇ ਜਾਂਚ ਦਾ ਸਿਕੰਜਾ ਕਸਦੀ ਜਾ ਰਹੀ ਹੈ ਉੱਥੇ ਦੂਜੇ ਪਾਸੇ ਇਸ ਜਾਂਚ ਦਾ ਸੇਕ ਹੁਣ ਅਕਾਲੀ ਦਲ ਤੱਕ ਪਹੁੰਚਣਾ ਸ਼ੁਰੂ ਹੋਗਿਆ ਹੈ। ਬੀਤੇ ਦਿਨੀਂ ਕੋਟਕਪੁਰਾ ਤੋਂ ਅਕਾਲੀ ਦਲ ਦੇ ਜਿਸ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਕੋਲੋਂ ਐਸਆਈਟੀ ਨੇ 10 ਘੰਟੇ ਦੇ ਕਰੀਬ ਪੁੱਛਗਿੱਛ ਕੀਤੀ ਸੀ ਉਸ ਨੂੰ ਹੁਣ ਆਪਣੀ ਗ੍ਰਿਫਤਾਰੀ ਦਾ ਡਰ ਸਤਾਉਣ ਲੱਗ ਪਿਆ ਹੈ ਤੇ ਇਹੋ ਡਰ ਨੇ ਮਨਤਾਰ ਬਰਾੜ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣ ਲਈ ਮਜ਼ਬੂਰ ਕਰ ਦਿੱਤਾ ਹੈ। ਬਰਾੜ ਨੇ ਫਰੀਦਕੋਟ ਦੀ ਅਦਾਲਤ ਵਿੱਚ ਦਾਇਰ ਕੀਤੀ ਅਰਜ਼ੀ ਵਿੱਚ ਕਿਹਾ ਹੈ ਕਿ ਉਸ ਨੂੰ ਸ਼ੱਕ ਹੈ ਕਿ ਐਸਆਈਟੀ ਕੋਟਕਪੁਰਾ ਅਤੇ ਬਹਿਬਲ ਕਲਾਂ ਮਾਮਲੇ ਵਿੱਚ ਜਾਂਚ ਕਰਦੀ ਹੋਈ ਉਨ੍ਹਾਂ ਨੂੰ ਕਿਸੇ ਮੁਕੱਦਮੇਂ ਵਿੱਚ ਗ੍ਰਿਫਤਾਰ ਕਰ ਸਕਦੀ ਹੈ। ਲਿਹਾਜ਼ਾ ਉਸ ਨੂੰ ਬਲੈਂਕਟ ਬੇਲ ਦਿੱਤੀ ਜਾਵੇ ਤਾਂ ਕਿ ਜੇਕਰ ਸਿੱਟ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਵੀ ਕਰੇ ਤਾਂ ਉਸ ਕੋਲ ਪਹਿਲਾਂ ਹੀ ਜ਼ਮਾਨਤ ਦੇ ਕਾਗਜ਼ ਹੱਥ ਵਿੱਚ ਹੋਣ।
ਸੈਸ਼ਨ ਜੱਜ ਹਰਪਾਲ ਸਿੰਘ ਦੀ ਅਦਾਲਤ ਵਿੱਚ ਪਾਈ ਗਈ ਅਰਜ਼ੀ ‘ਤੇ ਅਦਾਲਤ ਨੇ ਐਸਆਈਟੀ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ ਕਿ ਮਨਤਾਰ ਸਿੰਘ ਬਰਾੜ ਕਿਸੇ ਮੁਕੱਦਮੇ ਵਿੱਚ ਉਨ੍ਹਾਂ ਨੂੰ ਲੋੜੀਂਦੇ ਹਨ ਜਾਂ ਨਹੀਂ। ਇਸ ਅਰਜ਼ੀ ‘ਤੇ ਅਗਲੀ ਸੁਣਵਾਈ ਅਗਲੀ 5 ਮਾਰਚ ਨੂੰ ਹੋਵੇਗੀ।