ਭਗਵੰਤ ਮਾਨ ਕਿਹੜੇ ਰਾਹ ਪੈ ਗਿਆ ?

TeamGlobalPunjab
7 Min Read

-ਜਗਤਾਰ ਸਿੰਘ ਸਿੱਧੂ

 

ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਕਿਹੜੇ ਰਾਹ ਪੈ ਗਏ ਹਨ? ਉਨ੍ਹਾਂ ਨੇ ਪੱਟੀ ਦੇ ਵਿਧਾਇਕ ਹਰਮਿੰਦਰ ਗਿੱਲ ਵੱਲੋਂ ਇੱਕ ਥਾਣੇਦਾਰ ਦੀ ਕੀਤੀ ਝਾੜਝੰਬ ਦੇ ਮਾਮਲੇ ‘ਚ ਗਿੱਲ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਆਪ ਪੰਜਾਬ ਵਿਧਾਨ ਸਭਾ ਅੰਦਰ ਮੁੱਖ ਵਿਰੋਧੀ ਧਿਰ ਹੈ। ਇਹ ਪਾਰਟੀ ਆਮ ਲੋਕਾਂ ਦੀ ਲਹਿਰ ਦੇ ਉਭਾਰ ਵਿਚੋਂ ਉੱਭਰਕੇ ਬਣੀ ਪਾਰਟੀ ਹੈ। ਪਿਛਲੀ ਵਿਧਾਨ ਸਭਾ ਚੋਣ ਵੇਲੇ ਪੰਜਾਬੀਆਂ ਨੇ ਇੱਕ ਵੱਡਾ ਹੁੰਗਾਰਾ ਦਿੱਤਾ ਸੀ ਅਤੇ ਇਹ ਉਮੀਦ ਬੱਝ ਗਈ ਸੀ ਕਿ ਰਵਾਇਤੀ ਧਿਰਾਂ ਦੀ ਥਾਂ ਆਪ ਪੰਜਾਬੀਆਂ ਨੂੰ ਇੱਕ ਨਵਾਂ ਬਦਲ ਪੇਸ਼ ਕਰ ਸਕੇਗੀ। ਖੈਰ, ਪੰਜਾਬ ਦੀਆਂ ਦੋ ਮੁੱਖ ਰਾਜਸੀ ਧਿਰਾਂ ਨੇ ਅਜਿਹੀ ਰਾਜ ਖੇਡ ਖੇਡੀ ਕਿ ਆਪ ਦੇ ਸਤਾ ਵਿੱਚ ਆਉਣ ਦੇ ਸੁਪਨੇ ਹੀ ਚਕਨਾਚੂਰ ਨਹੀਂ ਹੋਏ ਸਗੋਂ ਆਪ ਵੀ ਇੱਕ ਵਾਰ ਖੇਰੂੰ-ਖੇਰੂੰ ਹੁੰਦੀ ਨਜ਼ਰ ਆਈ। ਲੋਕਾਂ ਨੂੰ ਅੱਜ ਵੀ ਆਪ ਤੋਂ ਵੱਡੀਆਂ ਉਮੀਦਾਂ ਹਨ। ਕੁਝ ਦਿਨ ਪਹਿਲਾਂ ਕਾਂਗਰਸ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਆਪਣੇ ਹਲਕੇ ‘ਚ ਪੈਂਦੇ ਇੱਕ ਥਾਣੇ ਵਿੱਚ ਤਬਦੀਲ ਹੋ ਕੇ ਆਏ ਥਾਣੇਦਾਰ ਦੀ ਚੰਗੀ ਝਾੜ ਝੰਬ ਕੀਤੀ। ਵਿਧਾਇਕ ਦਾ ਕਹਿਣਾ ਸੀ ਕਿ ਥਾਣੇਦਾਰ ਨੇ ਆਉਣ ‘ਤੇ ਉਸ ਨੂੰ ਦੁਆ ਸਲਾਮ ਵੀ ਨਹੀਂ ਕੀਤੀ। ਇਸ ਮਾਮਲੇ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈ ਹੈ। ਉਸ ‘ਚ ਵਿਧਾਇਕ ਦਾ ਅੰਦਾਜ਼ ਦੱਸਦਾ ਹੈ ਕਿ ਉਹ ਹਾਕਮ ਧਿਰ ਦੇ ਵਿਧਾਇਕ ਹਨ ਅਤੇ ਥਾਣੇਦਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਨੇ ਕਿਵੇਂ ਅਣਗੌਲਿਆ ਕੀਤਾ। ਜੇਕਰ ਬਾਬਾ ਅੰਬੇਦਕਰ ਦੇ ਸੰਵਿਧਾਨ ਨੂੰ ਸਾਹਮਣੇ ਰੱਖਿਆ ਜਾਵੇ ਤਾਂ ਇੱਕ ਵਿਧਾਇਕ ਦਾ ਰੁਤਬਾ ਰਾਜ ਦੇ ਮੁੱਖ ਸਕੱਤਰ ਨਾਲੋਂ ਉੱਚਾ ਹੁੰਦਾ ਹੈ। ਇਸੇ ਲਈ ਜਦੋਂ ਵਿਧਾਨ ਸਭਾ ਵਿੱਚ ਕੋਈ ਕਾਨੂੰਨ ਬਣਦਾ ਹੈ ਤਾਂ ਵਿਧਾਇਕਾਂ ਦੀ ਸ਼ਕਤੀ ਨਾਲ ਹੀ ਬਣਦਾ ਹੈ ਅਤੇ ਸੀਨੀਅਰ ਤੋਂ ਸੀਨੀਅਰ ਆਈਏਐੱਸ ਅਧਿਕਾਰੀ ਸਦਨ ਦੀ ਕਾਰਵਾਈ ਵਿੱਚ ਲੋੜ ਪੈਣ ‘ਤੇ ਮੁੱਖ ਮੰਤਰੀ, ਮੰਤਰੀਆਂ ਅਤੇ ਵਿਧਾਇਕਾਂ ਦੀ ਸੁਣਨ ਲਈ ਅਫਸਰਾਂ ਦੀ ਗੈਲਰੀ ਵਿੱਚ ਬੈਠੇ ਹੁੰਦੇ ਹਨ। ਇਹ ਗੱਲ ਵੀ ਰਿਕਾਰਡ ‘ਤੇ ਹੈ ਕਿ ਇੱਕ ਵਾਰ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਪੰਜਾਬ ਭਵਨ ਪੱਤਰਕਾਰਾਂ ਨੂੰ ਰਾਤ ਦੇ ਖਾਣੇ ‘ਤੇ ਗੈਰ-ਰਸਮੀ  ਟਿੱਪਣੀ ਵਿੱਚ ਆਖ ਦਿੱਤਾ ਸੀ ਕਿ ਅਫਸਰ ਉਸ ਦੀ ਜੁੱਤੀ ਦੀ ਨੋਕ ‘ਤੇ ਹਨ। ਇਸ ਬਾਅਦ ਲੋਕ ਸੰਪਰਕ ਅਧਿਕਾਰੀਆਂ ਨੂੰ ਭਾਜੜ ਪੈ ਗਈ ਅਤੇ ਉਹ ਰਾਤ ਦੇਰ ਤੱਕ ਅਖਬਾਰਾਂ ਦੇ ਦਫਤਰਾਂ ਵਿੱਚ ਫੋਨ ਕਰਕੇ ਮੁੱਖ ਮੰਤਰੀ ਦੀ ਅਧਿਕਾਰੀਆਂ ਬਾਰੇ ਤਿੱਖੀ ਟਿੱਪਣੀ ਨੂੰ ਕਟਵਾਉਣ ਲਈ ਬੇਨਤੀ ਕਰਦੇ ਰਹੇ। ਇਹ ਨਹੀਂ ਹੈ ਕਿ ਰਾਜਸੀ ਜਮਾਤ ਅਧਿਕਾਰੀਆਂ ਦਾ ਸਤਿਕਾਰ ਨਹੀਂ ਕਰਦੀ। ਬਹੁਤ ਸਾਰੇ ਅਧਿਕਾਰੀ ਐਨਾ ਸਤਿਕਾਰ ਲੈਂਦੇ ਹਨ ਕਿ ਸਰਕਾਰ ਬਦਲਣ ਬਾਅਦ ਵੀ ਉੱਚੇ/ਜ਼ਿੰਮੇਵਾਰ ਅਹੁਦਿਆਂ ‘ਤੇ ਰਹਿੰਦੇ ਹਨ ਪਰ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਅੱਗੇ ਥਾਣੇਦਾਰ ਤੋਂ ਲੈ ਕੇ ਚੰਡੀਗੜ੍ਹ ਪੰਜਾਬ ਸਿਵਲ ਸਕੱਤਰੇਤ ਵੀ ਜੁਆਬਦੇਹ ਹੈ। ਇਹ ਵੱਖਰੀ ਗੱਲ ਹੈ ਕਿ ਕੋਈ ਨੇਤਾ ਕਿਸ ਲਹਿਜੇ ਨਾਲ ਗੱਲ ਕਰਦਾ ਹੈ। ਇਹ ਵੀ ਵੱਖਰੀ ਗੱਲ ਹੈ ਕਿ ਜਦੋਂ ਨੇਤਾ ਭ੍ਰਿਸ਼ਟ ਹੋ ਜਾਂਦਾ ਹੈ ਤਾਂ ਅਧਿਕਾਰੀ ਅਤੇ ਨੇਤਾ ਦੋਵੇਂ ਮਿਲ ਕੇ ਸਤਾ ਦਾ ਆਨੰਦ ਮਾਣਦੇ ਹਨ। ਅਧਿਕਾਰੀ ਆਪਣੀ ਮਨਪਸੰਦ ਦੀ ਪੋਸਟ ਲੈ ਕੇ ਮੱਛੀਆਂ ਫੜ੍ਹਦਾ ਰਹਿੰਦਾ ਹੈ ਅਤੇ ਨੇਤਾ ਅਗਲੇ ਚੋਣਾਵ ਲਈ ਭਵਿੱਖ ਸੁਰੱਖਿਅਤ ਕਰਨ ਵਾਸਤੇ ਜਨਤਾ ਦੀ “ਸੇਵਾ” ਵਿੱਚ ਲੱਗਾ ਰਹਿੰਦਾ ਹੈ।

ਭਗਵੰਤ ਮਾਨ ਨੇ ਇੱਕ ਥਾਣੇਦਾਰ ਨੂੰ ਪਾਈ ਝਾੜ ਨੂੰ ਲੈ ਕੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਗਿੱਲ ਨੇ ਚੰਗਾ ਮੰਦਾ ਕੀ ਬੋਲਿਆ? ਇਸ ਦਾ ਜੁਆਬ ਤਾਂ ਉਹ ਆਪ ਹੀ ਦੇਣ ਜਾਂ ਨਾ ਦੇਣ ਪਰ ਭਗਵੰਤ ਮਾਨ ਦੱਸਣ ਕਿ ਇਹ ਐਨਾ ਕਿੱਡਾ ਵੱਡਾ ਲੋਕ ਹਿੱਤ ਦਾ ਮੁੱਦਾ ਹੈ? ਇਸ ਤੋਂ ਪਹਿਲਾਂ ਭਗਵੰਤ ਮਾਨ ਨੂੰ ਆਪਣੀ ਹੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਦੀ ਅਧਿਕਾਰੀ ਵੱਲੋਂ ਫੋਨ ਨਾ ਸੁਣਨ ਦੀ ਪੀੜ ਭਰੀ ਗਾਥਾ ਜ਼ਰੂਰ ਸੁਣ ਲੈਣੀ ਚਾਹੀਦੀ ਹੈ। ਜੈਤੋ ਦੀ ਨੁਮਾਇੰਦਗੀ ਕਰਦੇ ਮਾਸਟਰ ਬਲਦੇਵ ਸਿੰਘ ਨੇ ਆਪਣੇ ਹਲਕੇ ਦੀ ਮਹਿਲਾ ਪੀਸੀਐੱਸ ਅਧਿਕਾਰੀ ਬਾਰੇ ਕਿਹਾ ਹੈ ਕਿ ਮਹਿਲਾ ਅਧਿਕਾਰੀ ਉਸ ਦਾ ਫੋਨ ਹੀ ਨਹੀਂ ਚੁੱਕਦੇ। ਉਹ ਅਧਿਕਾਰੀ ਦੇ ਦਫਤਰ ਜਾਂਦੇ ਹਨ ਤਾਂ ਅਧਿਕਾਰੀ ਮਿਲਣ ਤੋਂ ਇਨਕਾਰ ਕਰ ਦਿੰਦੇ ਹਨ। ਵਿਧਾਇਕ ਦਾ ਕਹਿਣਾ ਹੈ ਕਿ ਉਹ ਲੋਕਾਂ ਦੇ ਚੁਣੇ ਹੋਏ ਨੇਤਾ ਹਨ ਅਤੇ ਲੋਕਾਂ ਖਾਤਰ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਪੈਂਦੀ ਹੈ। ਅਧਿਕਾਰੀ ਦਾ ਮੀਡੀਆ ਵਿੱਚ ਬਿਆਨ ਲੱਗਾ ਹੈ ਕਿ ਉਹ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰੋਟੋਕੋਲ ਤਹਿਤ ਡਿਊਟੀ ਕਰਦੇ ਹਨ ਅਤੇ ਕੁਝ ਵੀ ਇਨ੍ਹਾਂ ਤੋਂ ਬਾਹਰੀ ਨਹੀਂ ਹੈ। ਹੁਣ ਭਗਵੰਤ ਮਾਨ ਹੀ ਫੈਸਲਾ ਕਰਨ ਕਿ ਉਨ੍ਹਾਂ ਨੇ ਮਾਸਟਰ ਬਲਦੇਵ ਸਿੰਘ ਨਾਲ ਖੜ੍ਹਨਾ ਹੈ ਜਾਂ ਮਹਿਲਾ ਅਧਿਕਾਰੀ ਦੇ ਹੱਕ ਵਿੱਚ। ਕਿਸੇ ਵੀ ਚੈੱਨਲ ਜਾਂ ਮੀਡੀਆ ਵਿੱਚ ਬਿਆਨ ਦੇਣਾ ਹੈ? ਬਾਬਾ ਅੰਬੇਦਕਰ ਦੇ ਸੰਵਿਧਾਨ ਅਨੁਸਾਰ ਜੇਕਰ ਕੋਈ ਅਧਿਕਾਰੀ ਵਿਧਾਇਕ ਨਾਲ ਠੀਕ ਵਤੀਰਾ ਨਹੀਂ ਕਰਦਾ ਤਾਂ ਵਿਧਾਇਕ ਸੀਨੀਅਰ ਅਧਿਕਾਰੀ ਕੋਲ ਅਧਿਕਾਰੀ ਖਿਲਾਫ ਸ਼ਿਕਾਇਤ ਦੇ ਸਕਦਾ ਹੈ। ਸਪੀਕਰ ਵਿਧਾਨ ਸਭਾ ਨੂੰ ਪੜਤਾਲ ਕਰਕੇ ਅਧਿਕਾਰੀ ਵਿਰੁੱਧ ਕਾਰਵਾਈ ਕਰਨ ਦਾ ਪੂਰਾ ਅਧਿਕਾਰ ਹੈ। ਇਸ ਸਭ ਕਾਸੇ ਵਿੱਚ ਵੀ ਕਈ ਵਾਰ ਰਾਜਸੀ ਖੇਡਾਂ ਵੀ ਖੇਡੀਆਂ ਜਾਂਦੀਆਂ ਹਨ। ਆਮ ਆਦਮੀ ਪਾਰਟੀ ਇੱਥੇ ਦਾਅਵੇ ਨਾਲ ਅੱਗੇ ਆਈ ਹੈ ਕਿ ਉਹ ਭ੍ਰਿਸ਼ਟ ਅਤੇ ਗਲਾ ਸੜਿਆ ਨਿਜ਼ਾਮ ਬਦਲੇਗੀ। ਪੰਜਾਬ ਇੱਕ ਬਹੁਤ ਵੱਡੇ ਸੰਕਟ ‘ਚੋਂ ਨਿਕਲ ਰਿਹਾ ਹੈ। ਬਹੁਤ ਵੱਡੇ ਮਸਲਿਆਂ ‘ਤੇ ਲੜਨ ਦੀ ਲੋੜ ਹੈ। ਭਗਵੰਤ ਮਾਨ ਜੀ ਵਿਧਾਇਕ ਅਤੇ ਥਾਣੇਦਾਰ ਤਾਂ ਕੱਲ ਨੂੰ ਮੁੜ ਸੰਗੀਤ ਦੀਆਂ ਧੁਨਾਂ ਵਾਂਗ ਇਕੋ ਲੈਅ ‘ਚ ਬੋਲਣਗੇ ਪਰ ਲੋਕ ਤੁਹਾਡੇ ਤੋਂ ਵੱਡੇ ਮੁੱਦਿਆਂ ‘ਤੇ ਪਹਿਰੇਦਾਰੀ ਦੀ ਉਮੀਦ ਰੱਖਦੇ ਹਨ। ਉਂਝ ਕਈ ਵਾਰ ਪੱਤਰਕਾਰ ਭਾਈਚਾਰਾ ਵੀ ਲੋਕਾਂ ਦੇ ਵੱਡੇ ਮੁੱਦਿਆਂ ਨੂੰ ਚੁੱਕਣ ਦੀ ਥਾਂ ਨਿੱਕਾ ਜਿਹਾ ਮੁੱਦਾ ਚੁੱਕਦੇ ਸ਼ਰਮਿੰਦਗੀ ਲੈ ਲੈਂਦਾ ਹੈ। ਹਰਮਿੰਦਰ ਗਿੱਲ ਦੀ ਥਾਣੇਦਾਰ ਬਾਰੇ ਆਈ ਵੀਡੀਓ ‘ਤੇ ਇੱਕ ਟੀਵੀ ਚੈੱਨਲ ਦਾ ਸੰਪਾਦਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਵੱਡੇ ਵੱਡੇ ਮੁੱਦਿਆਂ ‘ਤੇ ਸੁਆਲ ਪੁੱਛਦਾ ਪੁੱਛਦਾ ਇਹ ਪੁੱਛ ਬੈਠਾ ਕਿ ਤੁਹਾਡੇ ਵਿਧਾਇਕ ਹਰਮਿੰਦਰ ਗਿੱਲ ਨੇ ਥਾਣੇਦਾਰ ਵਿਰੁੱਧ ਕਿਸ ਤਰ੍ਹਾਂ ਦੇ ਮਾੜੇ ਸ਼ਬਦ ਬੋਲੇ ਹਨ। ਜੁਆਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਛੋਟੀ ਗੱਲ ਹੈ ਅਤੇ ਤੁਹਾਨੂੰ ਵੀ ਨਹੀਂ ਪੁੱਛਣੀ ਚਾਹੀਦੀ ਸੀ। ਉਸ ਤੋਂ ਇੱਕ ਮਿੰਟ ਬਾਅਦ ਇੰਟਰਵਿਊ ਵੀ ਸਮਾਪਤ ਹੋ ਗਈ ।

- Advertisement -

ਸੰਪਰਕ : 9814002186

Share this Article
Leave a comment