ਭਗਵ਼ੰਤ ਮਾਨ ਨੂੰ ਆ ਗਿਆ ਗੁੱਸਾ, ਕਹਿੰਦਾ ਖਹਿਰਾ ਦੱਸੇ ਉਹ ਦਾਰੂ ਪੀਂਦੈ ਕਿ ਨਹੀਂ ?

Global Team
2 Min Read

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਭਾਵੇਂ ਬਰਨਾਲਾ ‘ਚ ਹਜ਼ਾਰਾਂ ਲੋਕਾਂ ਦੇ ਇਕੱਠ ‘ਚ ਇਹ ਐਲਾਨ ਕਰ ਦਿੱਤਾ ਸੀ ਕਿ ਉਨ੍ਹਾਂ ਨੇ ਸ਼ਰਾਬ ਛੱਡ ਦਿੱਤੀ ਹੈ ਪਰ ਇਸ ਦੇ ਬਾਵਜੂਦ, ਕੀ ਮੀਡੀਆ ਅਤੇ ਕੀ ਵਿਰੋਧੀ ਧਿਰਾਂ, ਸਮੇਂ ਸਮੇਂ ‘ਤੇ ਉਨ੍ਹਾਂ ਨੂੰ ਇਸ ਮੁੱਦੇ ‘ਤੇ ਘੇਰਦੀਆਂ ਰਹਿੰਦੀਆਂ ਹਨ। ਲਿਹਾਜ਼ਾ ਹੁਣ ਇੰਝ ਜਾਪਦਾ ਹੈ ਜਿਵੇਂ ਮਾਨ ਨੇ ਇਸ ਮਾਮਲੇ ਨੂੰ ਕਰੜੇ ਹੱਥੀਂ ਲੈਣ ਦਾ ਫੈਸਲਾ ਕਰ ਲਿਆ ਹੈ। ਮੀਡੀਆ ਦੇ ਇੱਕ ਫਿਰਕੇ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਬਾਰੇ ਕਿਹਾ ਕਿ ਸੁਖਬੀਰ ‘ਤੇ ਵੀ ਤਾਂ ਪਤਾ ਨਹੀਂ ਕੀ ਖਾਣ ਦੇ ਦੋਸ਼ ਲੱਗ ਰਹੇ ਹਨ, ਉੱਥੇ ਸੁਖਪਾਲ ਖਹਿਰਾ ਦੇ ਮਾਮਲੇ ‘ਚ ਤਾਂ ਉਹ ਸਿੱਧੇ ਹੀ ਹੋ ਗਏ, ਤੇ ਠਾਹ ਸੋਟਾ ਸਵਾਲ ਕਰਦਿਆਂ ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਦੱਸਣ ਕਿ ਉਹ ਆਪ ਸ਼ਰਾਬ ਪੀਂਦੇ ਹਨ ਕਿ ਨਹੀਂ?

ਸਵਾਲ ਜਵਾਬ ਦੇ ਇਸ ਦੌਰ ਵਿੱਚ ਮਾਨ ਨੇ ਸੁਖਪਾਲ ਖਹਿਰਾ ‘ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਸੁਖਪਾਲ ਖਹਿਰਾ ਨੂੰ ਹਮੇਸ਼ਾ ਉਨ੍ਹਾਂ ਦੀ ਚਿੰਤਾ ਰਹਿੰਦੀ ਹੈ ਜਦ ਕਿ ਲੋੜ ਹੈ ਕਿ ਉਹ ਆਪਣੀ ਪੰਜਾਬੀ ਏਕਤਾ ਪਾਰਟੀ ਦੀ ਚਿੰਤਾ ਕਰਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਮੇਰੀ ਚਿੰਤਾ ਕਰਦੇ ਹਨ, ਉਹ ਦੱਸਣ ਕਿ, ਕੀ ਉਹ ਜੋਤਸ਼ੀ ਹਨ ਕੀ ਉਹ ਇਹ ਦੱਸਣਗੇ ਕਿ ਮੈਂ 6 ਮਹੀਨਿਆਂ ਬਾਅਦ ਕੀ ਕਰਾਂਗਾ? ਭਗਵੰਤ ਮਾਨ ਨੇ ਸੁਖਪਾਲ ਖਹਿਰਾ ਦੀ ਦੁਖਦੀ ਰਗ ‘ਤੇ ਹੱਥ ਰੱਖਦਿਆਂ ਕਿਹਾ ਕਿ ਖਹਿਰਾ ਦੇ ਭੁਲੱਥ ਹਲਕੇ ਦੇ 3 ਨੌਜਵਾਨਾਂ ਨੇ ਉਨ੍ਹਾਂ ਨੂੰ ਵੀਡੀਓ ਸੁਨੇਹਾ ਭੇਜ ਕੇ ਮੰਗ ਕੀਤੀ ਹੈ ਕਿ ਉਹ ਅਰਮਾਨੀਆਂ ‘ਚ ਫਸੇ ਹੋਏ ਹਨ, ਕਿਉਂਕਿ ਏਜੰਟ ਉਨ੍ਹਾਂ ਨਾਲ ਧੋਖਾ ਕਰ ਗਿਆ ਹੈ, ਭਗਵੰਤ ਮਾਨ ਜੀ ਸਾਨੂੰ ਬਚਾ ਲਓ। ਉਨ੍ਹਾਂ ਕਿਹਾ ਕਿ ਖਹਿਰਾ ਆਪਣੇ ਹਲਕੇ ਦੀ ਫਿਕਰ ਕਰਨ ਉੱਥੋਂ ਦੇ ਲੋਕਾਂ ਨੂੰ ਬਚਾ ਲੈਣ ਤੇ ਭਗਵੰਤ ਮਾਨ ਦੀ ਫਿਕਰ ਕਰਨੀ ਛੱਡ ਦੇਣ।

Share This Article
Leave a Comment