ਬਿਜਲੀ ਮਹਿਕਮਾ ਵੀ ਘੱਟ ਸ਼ਕਤੀਸ਼ਾਲੀ ਨਹੀਂ, ਸਿੱਧੂ ਅਹਿਮੀਅਤ ਸਮਝਣ : ਰਾਣਾ ਗੁਰਜੀਤ

TeamGlobalPunjab
2 Min Read

ਜਲੰਧਰ : ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਕੈਬਨਿਟ ਵਜ਼ੀਰ ਨਵਜੋਤ ਸਿੰਘ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਖੋਹ ਕੇ ਉਨ੍ਹਾਂ ਨੂੰ ਬਿਜਲੀ ਮਹਿਕਮਾਂ ਦੇਣ ਤੋਂ ਨਰਾਜ਼ ਹੋਏ ਸਿੱਧੂ ਨੂੰ ਪੰਜਾਬ ਦੇ ਸਾਬਕਾ ਬਿਜਲੀ ਮੰਤਰੀ ਤੇ ਕੈਪਟਨ ਦੇ ਖਾਸਮ ਖ਼ਾਸ ਸਮਝੇ ਜਾਂਦੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਬਿਜਲੀ ਮਹਿਕਮਾ ਵੀ ਕੋਈ ਘੱਟ ਸ਼ਕਤੀਸ਼ਾਲੀ ਨਹੀਂ ਹੈ। ਉਨ੍ਹਾਂ ਕਿਹਾ ਜਿਹੜੇ ਸਿੱਧੂ ਪਹਿਲਾਂ ਇਸ ਮਹਿਕਮੇ ਰਾਹੀਂ ਸਿਰਫ ਸ਼ਹਿਰੀ ਲੋਕਾਂ ਨਾਲ ਜੁੜੇ ਹੋਏ ਸਨ ਹੁਣ ਉਹ ਪਿੰਡਾਂ ਤੇ ਸ਼ਹਿਰਾਂ ਦੇ ਹਰ ਇੱਕ ਘਰ ਅਤੇ ਅਦਾਰੇ ਨਾਲ ਜੁੜ ਸਕਦੇ ਹਨ।
ਰਾਣਾ ਗੁਰਜੀਤ ਦਾ ਮੰਨਣਾ ਹੈ ਕਿ ਸਿੱਧੂ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਬਿਜਲੀ ਮਹਿਕਮਾ ਵੀ ਕੋਈ ਘੱਟ ਨਹੀਂ। ਰਾਣਾ ਅਨੁਸਾਰ ਸਥਾਨਕ ਸਰਕਾਰਾਂ ਵਿਭਾਗ ਰਾਹੀਂ ਬੇਸ਼ਕ ਸਿੱਧੂ ਸ਼ਹਿਰੀ ਲੋਕਾਂ ਨਾਲ ਸਿੱਧੂ ਜੁੜੇ ਹੋਏ ਸਨ, ਪਰ ਬਿਜਲੀ ਵਿਭਾਗ ਰਾਹੀਂ ਸੂਬੇ ਦੇ ਹਰ ਘਰ ਅਤੇ ਅਦਾਰੇ ਨਾਲ ਵੀ ਉਨ੍ਹਾਂ ਦਾ ਸਿੱਧਾ ਰਾਬਤਾ ਰਹੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਮੋਤੀ ਬੈਗ ਪੈਲੇਸ ਸਮੇਤ ਸੂਬੇ ਦੇ ਹਰ ਇੱਕ ਘਰ ਅਤੇ ਵਪਾਰਕ ਅਦਾਰੇ ਨੂੰ ਬਿਜਲੀ ਦੀ ਜਰੂਰਤ ਹੁੰਦੀ ਹੈ।

ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਦਾ ਸਥਾਨਕ ਸਰਕਾਰਾਂ ਮਹਿਕਮਾ ਬਦਲਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਸੀ ਕਿ ਸਿੱਧੂ ਦੇ ਮਹਿਕਮੇ ਦੀ ਮਾੜੀ ਕਾਰਗੁਜ਼ਾਰੀ ਕਰਨ ਹੀ ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਸ਼ਹਿਰਾਂ ‘ਚ ਹਾਰ ਹੋਈ ਹੈ। ਜਿਸ ਤੋਂ ਬਾਅਦ ਭਾਂਵੇ ਸਿੱਧੂ ਨੇ ਪੱਤਰਕਾਰ ਸੰਮੇਲਨ ਕਰਕੇ ਦਾਅਵਾ ਕੀਤਾ ਸੀ ਕਿ ਜਦੋਂ ਤੋਂ ਉਨ੍ਹਾਂ ਨੇ ਸਥਾਨਕ ਸਰਕਾਰਾਂ ਵਿਭਾਗ ਦੀ ਵਾਗਡੋਰ ਸੰਭਾਲੀ ਹੈ ਉਦੋਂ ਤੋਂ ਹਜ਼ਾਰਾਂ ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾ ਕੇ ਵੀ ਇਹ ਮਹਿਕਮਾਂ ਮੁਨਾਫੇ ਵਿੱਚ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਚੋਣਾਂ ਦੌਰਾਨ ਦੋ ਜਿਲ੍ਹਿਆਂ ਦੀ ਜਿੰਮੇਵਾਰੀ ਦਿੱਤੀ ਸੀ ਤੇ ਦੋਵਾਂ ਜ਼ਿਲ੍ਹਿਆਂ ਵਿੱਚ ਕਾਂਗਰਸ ਜਿੱਤੀ ਹੈ। ਉਨ੍ਹਾਂ ਸਵਾਲ ਕੀਤਾ ਸੀ ਕਿ ਜੇਕਰ ਉਨ੍ਹਾਂ ਦੇ ਮਹਿਕਮੇ ਦੀ ਕਾਰਗੁਜ਼ਾਰੀ ਮਾੜੀ ਹੁੰਦੀ ਤਾਂ ਜਿਨ੍ਹਾਂ 8 ਸੀਟਾਂ ‘ਤੇ ਕਾਂਗਰਸ ਜਿੱਤੀ ਹੈ, ਉਨ੍ਹਾਂ ਸੀਟਾਂ ਅਧੀਨ ਆਉਂਦੇ ਸ਼ਹਿਰਾਂ ‘ਚੋ ਪਾਰਟੀ ਦੀ ਕਾਰਗੁਜ਼ਾਰੀ ਕਿਵੇਂ ਵਧੀਆ ਹੋ ਗਈ ?

Share this Article
Leave a comment