ਬਹਿਬਲ ਕਲਾਂ ਗੋਲੀ ਕਾਂਡ : ਲਓ ਬਈ ਇੰਸਪੈਕਟਰ ਪ੍ਰਦੀਪ ਦੀ ਗ੍ਰਿਫਤਾਰੀ ‘ਤੇ ਤਾਂ ਲੱਗ ਗਈ ਅਦਾਲਤੀ ਰੋਕ

Prabhjot Kaur
2 Min Read

ਚੰਡੀਗੜ੍ਹ: ਜਿੱਥੇ ਇੱਕ ਪਾਸੇ ਬੇਅਦਬੀ ਅਤੇ ਗੋਲੀ ਕਾਂਡ ਨਾਲ ਸਬੰਧਤ ਐਸਆਈਟੀ ਵੱਲੋਂ ਪੰਜਾਬ ਪੁਲਿਸ ਦੇ ਸੀਨੀਅਰ ਆਈਪੀਐਸ ਅਧਿਕਾਰੀਆਂ ਤੋਂ ਸਖਤੀ ਨਾਲ ਪੁੱਛ-ਤਾਛ ਕੀਤੀ ਜਾ ਰਹੀ ਹੈ ਉੱਥੇ ਇਨ੍ਹਾਂ ਮਾਮਲਿਆਂ ਦੇ ਮੁਲਜ਼ਮ ਪੁਲਿਸ ਵਾਲਿਆਂ ਲਈ ਤਣਾਅ ਭਰੇ ਇਸ ਮਾਹੌਲ ਵਿੱਚ ਮੋਗਾ ਦੇ ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾਂ ਦੇ ਰੀਡਰ ਰਹਿ ਚੁੱਕੇ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਅਦਾਲਤ ਵੱਲੋਂ ਰਾਹਤ ਦੀ ਖ਼ਬਰ ਸੁਨਣ ਨੂੰ ਮਿਲੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੰਸਪੈਕਟਰ ਪ੍ਰਦੀਪ ਸਿੰਘ ਦੀ ਗ੍ਰਿਫਤਾਰੀ ‘ਤੇ 21 ਮਈ ਤੱਕ ਰੋਕ ਲਗਾਉਂਦਿਆਂ ਪੰਜਾਬ ਸਰਕਾਰ ਤੋਂ ਇਸ ਮਾਮਲੇ ਵਿੱਚ ਜਵਾਬ ਤਲਬੀ ਕੀਤੀ ਹੈ।

ਇਹ ਰਾਹਤ ਹਾਈ ਕੋਰਟ ਦੇ ਜਸਟਿਸ ਰਮਿੰਦਰ ਜੈਨ ਦੀ ਪਾਈ ਗਈ ਅਰਜ਼ੀ ‘ਤੇ ਸੁਣਵਾਈ ਕਰਦਿਆਂ ਦਿੱਤੀ ਗਈ ਹੈ। ਦੱਸ ਦਈਏ ਕਿ ਸਾਲ 2015 ਦੌਰਾਨ ਵਾਪਰੀਆਂ ਬੇਅਦਬੀ ਕਾਂਡ ਦੀਆਂ ਘਟਨਾਵਾਂ ਤੋਂ ਬਾਅਦ ਸ਼ਾਂਤਮਈ ਢੰਗ ਨਾਲ ਪ੍ਰਦਰਸਨ ਕਰ ਰਹੀਆਂ ਸਿੱਖ ਜਥੇਬੰਦੀਆਂ ‘ਤੇ ਬਹਿਬਲ ਕਲਾਂ ‘ਤੇ ਕੋਟਕਪੂਰਾ ਵਿੱਚ ਪੁਲਿਸ ਨੇ ਗੋਲੀ ਚਲਾਈ ਸੀ ਜਿਸ ਦੌਰਾਨ ਬਹਿਬਲ ਕਲਾਂ ਵਿੱਚ 2 ਸਿੰਘ ਸ਼ਹੀਦ ਹੋ ਗਏ ਸਨ ਤੇ ਕਈ ਹੋਰ ਜਖਮੀ ਹੋਏ ਸਨ।

ਜਿਸ ਤੋਂ ਬਾਅਦ ਦਰਜ਼ ਕੀਤੀ ਗਈ ਐਫਆਈਆਰ ਵਿੱਚ ਮੋਗਾ ਦੇ ਐਸਐਸਪੀ ਚਰਨਜੀਤ ਸ਼ਰਮਾਂ ਫਾਜ਼ਿਲਕਾ ਦੇ ਐਸਐਸਪੀ ਬਿਕਰਮਜੀਤ ਸਿੰਘ, ਥਾਣਾ ਬਾਜਾਖਾਨਾ ਦਾ ਐਸ ਐਚ ਓ ਅਮਰਜੀਤ ਸਿੰਘ ਕੁਲਾਰ ਅਤੇ ਚਰਨਜੀਤ ਸ਼ਰਮਾਂ ਦੇ ਰੀਡਰ ਇੰਸਪੈਕਟਰ ਪ੍ਰਦੀਪ ਸਿੰਘ ਖਿਲਾਫ ਪਰਚਾ ਦਰਜ਼ ਕੀਤਾ ਗਿਆ ਸੀ। ਕੁਝ ਚਿਰ ਉਕਤ ਪੁਲਿਸ ਮੁਲਾਜ਼ਮਾਂ ਨੂੰ ਹਾਈ ਕੋਰਟ ਵਿੱਚ ਪਹੁੰਚ ਕਰਨ ਕਰਕੇ ਰਾਹਤ ਮਿਲੀ ਸੀ, ਪਰ ਬਾਅਦ ਵਿੱਚ ਅਦਾਲਤੀ ਫੈਸਲਾ ਪੁਲਿਸ ਵਾਲਿਆਂ ਦੇ ਖਿਲਾਫ ਆਉਣ ਤੋਂ ਬਾਅਦ ਐਸ ਆਈ ਟੀ ਨੇ ਚਰਨਜੀਤ ਸ਼ਰਮਾਂ ਨੂੰ ਉਨ੍ਹਾ ਦੇ ਘਰੋਂ ਉਸ ਵੇਲੇ ਗ੍ਰਿਫਤਾਰ ਕਰ ਲਿਆ ਸੀ ਜਦੋਂ ਦੋਸ਼ ਹੈ ਕਿ ਉਨ੍ਹਾਂ ਨੇ ਕੰਧ ਟੱਪ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ।

ਇਸ ਤੋਂ ਬਾਅਦ ਬਾਕੀ ਪੁਲਿਸ ਵਾਲੇ ਫਰੀਦਕੋਟ ਅਦਾਲਤ ਦੀ ਸ਼ਰਨ ਵਿੱਚ ਅਗਾਊਂ ਜ਼ਮਾਨਤਾ ਲਈ ਪਹੁੰਚੇ ਪਰ ਉਨ੍ਹਾਂ ਦੀਆਂ ਅਗਾਊਂ ਜ਼ਮਾਨਤ ਅਰਜ਼ੀਆਂ ਅਦਾਲਤ ਨੇ ਖਾਰਿਜ ਕਰ ਦਿੱਤੀਆਂ। ਇੰਸਪੈਕਟਰ ਪ੍ਰਦੀਪ ਸਿੰਘ ਨੂੰ ਅਦਾਲਤ ਰਾਹਤ ਮਿਲਣ ਤੋਂ ਬਾਅਦ ਬਾਕੀ ਮੁਲਜ਼ਮਾਂ ਦੇ ਵੀ ਹੌਸਲੇ ਬੁਲੰਦ ਹੋਏ ਹਨ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਗ੍ਰਿਫਤਾਰੀ ‘ਤੇ ਵੀ ਰੋਕ ਲੱਗ ਜਾਵੇਗੀ।

- Advertisement -

 

 

Share this Article
Leave a comment