ਸਿੱਧੂ ਨੇ ਮੁੜ ਠੋਕੇ ਕੈਪਟਨ ਅਤੇ ਬਾਦਲ, 75-25 ਦਾ ਇੱਕ ਵਾਰ ਫ਼ਿਰ ਤੋਂ ਕੀਤਾ ਜ਼ਿਕਰ

TeamGlobalPunjab
3 Min Read

ਚੰਡੀਗੜ੍ਹ/ਲੁਧਿਆਣਾ/ਬੰਗਾ : ਪੰਜਾਬ ਦੀ ਸਿਆਸਤ ਐਤਵਾਰ ਨੂੰ ਵੀ ਉਬਾਲੇ ਮਾਰਦੀ ਰਹੀ । ਕਾਰਨ ਸੀ ਨਵਜੋਤ ਸਿੰਘ ਸਿੱਧੂ ਦਾ ਆਪਣੀ ਹੀ ਪਾਰਟੀ ਦੀ ਸਰਕਾਰ ‘ਤੇ ਹੁਣ ਤੱਕ ਦਾ ਸਭ ਤੋਂ ਤਿੱਖਾ ਹਮਲਾ ।

ਐਤਵਾਰ ਨੂੰ ਨਵਜੋਤ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਆਪਣੇ ਦਿਲ ਦਾ ਗ਼ੁਬਾਰ ਕੱਢਦਿਆਂ ਕੈਪਟਨ ਸਰਕਾਰ ‘ਤੇ ਚੁਭਵੇਂ ਨਿਸ਼ਾਨੇ ਸਾਧੇ ।

ਸਿੱਧੂ ਨੇ ਲਿਖਿਆ, ”ਪੰਜਾਬ  ਦੇ ਵਧੇਰੇ ਵਿਧਾਇਕ ਇਸ ਗੱਲ ਨਾਲ ਸਹਿਮਤ ਹਨ ਕਿ ਸੂਬੇ ਵਿੱਚ ਕਾਂਗਰਸ ਨਹੀਂ, ਸਗੋਂ ਬਾਦਲ ਰਾਜ ਕਰ ਰਹੇ ਹਨ। ਸਾਡੇ ਵਿਧਾਇਕਾਂ ਅਤੇ ਕਾਂਗਰਸੀ ਵਰਕਰਾਂ ਦੀ ਸੁਣਨ ਦੀ ਬਜਾਏ ਪੁਲਿਸ ਅਤੇ ਅਫਸਰਸ਼ਾਹੀ ਉਹ ਕਰ ਰਹੀ ਹੈ ਜੋ ਬਾਦਲ ਪਰਿਵਾਰ ਚਾਹੁੰਦਾ ਹੈ। ਸੂਬੇ ਅੰਦਰ ਸਰਕਾਰ ਲੋਕਾਂ ਦੀ ਭਲਾਈ ਲਈ ਨਹੀਂ, ਮਾਫ਼ੀਆ ਸਾਸ਼ਨ ਕਾਇਮ ਰੱਖਣ ਲਈ ਚੱਲ ਰਹੀ ਹੈ ।”

 

- Advertisement -

ਆਖਰ ਵਿੱਚ ਸਿੱਧੂ ਨੇ ਆਪਣੇ ਹੀ ਅੰਦਾਜ਼ ਵਿੱਚ ਹੈਸ਼ਟੈਗ ਦਿੱਤਾ ਹੈ #75-25 ।

ਨਵਜੋਤ ਸਿੰਘ ਸਿੱਧੂ ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਵਿਖੇ ਰਾਜਾ ਵੜਿੰਗ ਲਈ ਚੋਣ ਪ੍ਰਚਾਰ ਸਮੇਂ 75-25 ਦੀ ਗੱਲ ਆਖ਼ ਚੁੱਕੇ ਹਨ । ਯਾਦ ਰੱਖਣ ਵਾਲੀ ਗੱਲ ਹੈ ਕਿ ਉਸ ਸਮੇਂ ਸਿੱਧੂ ਦੇ ਬਿਆਨ ਤੋਂ ਬਾਅਦ ਸਰਕਾਰ ਵਿੱਚੋਂ ਸਿੱਧੂ ਨੂੰ ਹਾਸ਼ੀਏ ‘ਤੇ ਧੱਕ ਦਿੱਤਾ ਗਿਆ ਸੀ ।

- Advertisement -

ਫਿਲਹਾਲ ਸਿੱਧੂ ਦੇ ਇਸ ਬਿਆਨ ਤੋਂ ਬਾਅਦ ਸੂਬੇ ਦੀ ਸਿਆਸੀ ਪਾਰਟੀਆਂ ਵਿਚ ਵੀ ਹਲਚਲ ਤੇਜ਼ ਹੋ ਗਈ ਹੈ। ਮੁੱਖ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਨੇ ਸਿੱਧੂ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸਿੱਧੂ 4 ਸਾਲ ਤੱਕ ਚੁੱਪ ਕਿਉਂ ਰਹੇ, ਹੁਣ ਉਨ੍ਹਾਂ ਨੂੰ ਜੇਕਰ ਪੰਜਾਬ ਦੇ ਲੋਕਾਂ ਦਾ ਏਨਾ ਹੀ ਫਿਕਰ ਹੈ ਤਾਂ ਉਹ ਅਸਤੀਫਾ ਦੇ ਕੇ ਮੈਦਾਨ ਵਿੱਚ ਡਟਣ।

ਉਧਰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਤਾਂ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੋੋਹਾਂ ‘ਤੇ ਹਮਲਾ ਬੋਲਿਆ । ਅਕਾਲੀ ਦਲ ਦੇ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਿਸੇ ਵੀ ਪਾਰਟੀ ਵਿਚ ਹੋਵੇ ਉਹ ਹਮੇਸ਼ਾ ਪਾਵਰ ਵਿਚ ਰਹਿਣ ਲਈ ਹੱਥਕੰਡੇ ਅਪਣਾਉਂਦਾ ਹੈ, ਇਹ ਬਿਮਾਰ ਮਾਨਸਿਕਤਾ ਦਾ ਨਤੀਜਾ ਹੈ ।

ਉਧਰ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬੁਲਾਰਾ ਚਰਨਜੀਤ ਬਰਾੜ ਨੇ ਕਿਹਾ ਕਿ ਜੇ ਨਵਜੋਤ ਸਿੰਘ ਸਿੱਧੂ ਨੂੰ ਬੇਅਦਬੀ ਮਾਮਲੇ ਤੇ ਹਾਈਕੋਰਟ ਦੇ ਫੈਸਲੇ ਤੇ ਜ਼ਿਆਦਾ ਦਰਦ ਹੈ ਤਾਂ ਉਹ ਸੁਪਰੀਮ ਕੋਰਟ ਜਾ ਸਕਦੇ ਹਨ ਪਰ ਸਿਰਫ ਸਿੱਧੂ ਨੇ ਇਸ ਮਾਮਲੇ ਤੇ ਰਾਜਨੀਤੀ ਹੀ ਕਰਨੀ ਹੈ ਕਿਉਕਿ ਉਹ ਖੁਦ 4 ਸਾਲ ਤੋਂ ਵੱਧ ਸਰਕਾਰ ਵਿਚ ਰਹਿ ਕੇ ਕੁਝ ਸਾਬਿਤ ਨਹੀਂ ਕਰ ਸਕੇ ਤੇ ਹੁਣ ਬਿਆਨਬਾਜ਼ੀ ਕਰਕੇ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਹੇ ਹਨ ।

ਜਿਸ ਤਰੀਕੇ ਨਾਲ ਸਿੱਧੂ ਪਾਰਟੀ ਖਿਲਾਫ ਬਿਆਨਬਾਜ਼ੀ ਕਰ ਰਹੇ ਹਨ, ਉਸ ਤੋਂ ਇੱਕ ਗੱਲ ਸਾਫ਼ ਹੈ ਕਿ ਸਿੱਧੂ ਹੁਣ ਚੁੱਪ ਨਹੀਂ ਰਹਿਣਗੇ। ਬੇਸ਼ਕ ਕੈਪਟਨ ਸਿੱਧੂ ਦੀ ਬਿਆਨਬਾਜ਼ੀ ਨੂੰ ਹੁਣ ਜ਼ਿਆਦਾ ਤਵੱਜੋਂ ਨਹੀਂ ਦੇ ਰਹੇ, ਪਰ ਪਾਰਟੀ ਦੇ ਵੱਡੀ ਗਿਣਤੀ ਵਿਧਾਇਕਾਂ ਦਾ ਸਮਰਥਨ ਕਿਤੇ ਨਾ ਕਿਤੇ ਸਿੱਧੂ ਦੇ ਪੱਖ ਵਿੱਚ ਹੁੰਦਾ ਪ੍ਰਤੀਤ ਹੋਣ ਲੱਗਾ ਹੈ।

Share this Article
Leave a comment