ਫਿਰ ਬਾਦਲਾਂ ਦਾ ਹੋਇਆ ਵੱਡਾ ਢੀਂਡਸਾ? ਮੋਦੀ ਬਹਾਨੇ ਆ ਗਿਆ ਅਕਾਲੀਆਂ ਦੇ ਹੱਕ ‘ਚ? ਲੱਗ ਗਿਆ ਪਤਾ ਪਰਮਿੰਦਰ ਨੇ ਪਿਤਾ ਦੀ ਗੱਲ ਕਿਉਂ ਨਹੀਂ ਮੰਨੀ ਸੀ?

TeamGlobalPunjab
4 Min Read

ਨਵੀਂ ਦਿੱਲੀ : ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਅਕਾਲੀ ਦਲ ਦੀ ਟਿਕਟ ‘ਤੇ ਚੋਣ ਨਾ ਲੜਨ ਦੀ ਸਲਾਹ ਦੇਣ ਵਾਲੇ ਸੁਖਦੇਵ ਸਿੰਘ ਢੀਂਡਸਾ ਆਖ਼ਰਕਾਰ ਅਸਿੱਧੇ ਤੌਰ ‘ਤੇ ਹੀ ਸਹੀ, ਪਰ ਅਕਾਲੀ ਦਲ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਮੈਦਾਨ ਵਿੱਚ ਉੱਤਰ ਹੀ ਆਏ ਹਨ। ਵੱਡੇ ਢੀਂਡਸਾ ਨੇ ਨਵੀਂ ਦਿੱਲੀ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਅਤੇ ਕੁਝ ਹੋਰਾਂ ਨਾਲ ਇੱਕ ਪੱਤਰਕਾਰ ਸੰਮੇਲਨ ਕਰਕੇ ਭਾਵੇਂ ਕਿ ਸਿੱਧੇ ਤੌਰ ‘ਤੇ ਅਕਾਲੀ ਦਲ ਦੀ ਹਿਮਾਇਤ ਤਾਂ ਨਹੀਂ ਕੀਤੀ, ਪਰ ਉਨ੍ਹਾਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਭਾਜਪਾ ਦੀਆਂ ਭਾਈਵਾਲ ਪਾਰਟੀਆਂ ਨੂੰ ਵੋਟ ਪਾਉਣ ਦੀ ਅਪੀਲ ਜਰੂਰ ਕਰ ਦਿੱਤੀ ਹੈ। ਅਜਿਹੇ ਵਿੱਚ ਜਿਹੜੇ ਲੋਕਾਂ ਦੀ ਇਹ ਸੋਚ ਸੋਚ ਕੇ ਖੋਪੜੀ ਖਰਾਬ ਹੋ ਰਹੀ ਸੀ, ਕਿ ਆਖ਼ਰ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੇ ਪਿਤਾ ਵਿਰੁੱਧ ਜਾ ਕੇ ਇਹ ਚੋਣ ਕਿਉਂ ਲੜੀ ਹੈ? ਉਨ੍ਹਾਂ ਦੇ ਭਰਵਿੱਟੇ ਉੱਪਰ ਚੜ ਗਏ ਹਨ, ਤੇ ਉਨ੍ਹਾਂ ਨੇ ਹਾਂ ਵਿੱਚ ਸਿਰ ਮਾਰ ਮਾਰ ਕੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਹਾਂ! ਹੁਣ ਸਮਝ ਆ ਗਈ! ਕਿ ਅਸਲ ਮਾਮਲਾ ਕੀ ਹੈ? ਤੇ ਉਹ ਦੋਸ਼ ਲਾਉਂਦੇ ਹਨ ਕਿ ਇਹ ਸਭ “ਤੂੰ ਚੱਲ ਮੈਂ ਆਇਆ” ਵਾਲਾ ਮਾਮਲਾ ਜਾਪਦਾ ਹੈ।

ਇਸ ਸਾਂਝੇ ਪੱਤਰਕਾਰ ਸੰਮੇਲਨ ਵਿੱਚ ਜਿੱਥੇ ਇਨ੍ਹਾਂ ਆਗੂਆਂ ਨੇ ਇੱਕ ਵਾਰ ਫਿਰ 1984 ਸਿੱਖ ਨਸਲਕੁਸ਼ੀ ਦਾ ਮਾਮਲਾ ਚੁੱਕਦਿਆਂ ਨਰਿੰਦਰ ਮੋਦੀ ਦੀ ਪ੍ਰਸ਼ੰਸ਼ਾ ਕੀਤੀ, ਤੇ ਕਿਹਾ ਕਿ ਪ੍ਰਧਾਨ ਮੰਤਰੀ ਕਾਰਨ ਹੀ ਸੱਜਣ ਕੁਮਾਰ ਵਰਗੇ ਲੋਕਾਂ ਨੂੰ ਸਜ਼ਾ ਮਿਲ ਸਕੀ ਹੈ, ਉੱਥੇ ਦੂਜ਼ੇ ਪਾਸੇ ਇਨ੍ਹਾਂ ਸਿਆਸਤਦਾਨਾਂ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਵਾਲੇ ਕਦਮ ਦਾ ਸਿਹਰਾ ਵੀ ਨਰਿੰਦਰ ਮੋਦੀ ਦੇ ਸਿਰ ਬੰਨ੍ਹ ਦਿੱਤਾ। ਉਨ੍ਹਾਂ ਕਿਹਾ ਕਿ ਜਿਹੜਾ ਕੰਮ ਪਿਛਲੇ 70 ਸਾਲ ਦੌਰਾਨ ਕੋਈ ਸਰਕਾਰ ਨਹੀਂ ਕਰ ਸਕੀ, ਉਹ ਨਰਿੰਦਰ ਮੋਦੀ ਨੇ ਕਰ ਵਿਖਾਇਆ ਹੈ। ਇਸੇ ਤਰ੍ਹਾਂ ਇਸ ਪੱਤਰਕਾਰ ਸੰਮੇਲਨ ਦੌਰਾਨ ਭਾਜਪਾ ਦੇ ਹੱਕ ਵਿੱਚ ਜਿਹੜੇ ਹੋਰ ਸੋਹਲੇ ਗਾਏ ਗਏ ਉਨ੍ਹਾਂ ਵਿੱਚ ਮੋਦੀ ਸਰਕਾਰ ਵੱਲੋਂ ਲੰਗਰ ‘ਤੇ ਜੀਐਸਟੀ ਮਾਫ ਕਰਨਾ, ਕਿਸਾਨਾਂ ਦੀਆਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ‘ਚ ਵਾਧਾ ਕਰਨਾ ਆਦਿ ਮੁੱਖ ਰਹੇ।

ਦੱਸ ਦਈਏ ਕਿ ਸੁਖਦੇਵ ਸਿੰਘ ਢੀਂਡਸਾ ਨੇ ਬੀਤੇ ਵਰ੍ਹੇ ਸਤੰਬਰ ਮਹੀਨੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚੋਂ ਸਾਰੀਆਂ ਅਹੁਦੇਦਾਰੀਆਂ ਛੱਡ ਦਿੱਤੀਆਂ ਸਨ, ਤੇ ਵੱਡੇ ਬਾਦਲ ਦੇ ਮਨਾਉਣ ਦੇ ਬਾਵਜੂਦ ਵੀ ਉਹ ਅਕਾਲੀ ਦਲ ਦੇ ਹੱਕ ਵਿੱਚ ਨਹੀਂ ਉਤਰੇ। ਇੱਥੋਂ ਤੱਕ ਕਿ ਜਿੱਥੇ ਇਸ ਦੌਰਾਨ ਉਨ੍ਹਾਂ ਆਪਣੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਮੌਜੂਦਾ ਲੋਕ ਸਭਾ ਚੋਣ ਨਾ ਲੜਨ ਦੀ ਸਲਾਹ ਦੇ ਦਿੱਤੀ, ਉੱਥੇ ਦੂਜੇ ਪਾਸੇ ਮੀਡੀਆ ਵਿੱਚ ਬਿਆਨ ਦੇ ਕੇ ਅਕਾਲੀ ਦਲ ਦੀ ਮੌਜੂਦਾ ਹਾਲਤ ਲਈ ਸੁਖਬੀਰ ਬਾਦਲ ਨੂੰ ਜਿੰਮੇਵਾਰ ਠਹਿਰਾਉਂਦਿਆਂ ਛੋਟੇ ਬਾਦਲ ਤੋਂ ਅਸਤੀਫੇ ਦੀ ਮੰਗ ਤੱਕ ਕਰ ਦਿੱਤੀ ਸੀ। ਇਸ ਦੌਰਾਨ ਜਦੋਂ ਛੋਟੇ ਢੀਂਡਸਾ ਨੇ ਮੌਜੂਦਾ ਚੋਣ ਲੜਨ ਦਾ ਐਲਾਨ ਕੀਤਾ, ਤਾਂ ਉਸ ਵੇਲੇ ਕੀ ਅਕਾਲੀ ਦਲ, ਤੇ ਕੀ ਵਿਰੋਧੀ ਧਿਰਾਂ, ਆਪੋ ਆਪਣੀ ਅਕਲ ਮੁਤਾਬਿਕ ਢੀਂਡਸਾ ਦੇ ਹੱਕ ਵਿੱਚ ਬਿਆਨਬਾਜੀਆਂ ਕਰਦੀਆਂ ਰਹੀਆਂ, ਤੇ ਭਗਵੰਤ ਮਾਨ ਵਰਗੇ ਲੋਕਾਂ ਨੇ ਤਾਂ ਇਸ ਸਾਰੇ ਘਟਨਾਕ੍ਰ੍ਮ ਨੂੰ ਸੁਖਬੀਰ ਵੱਲੋਂ ਕਰਾਈ ਗਈ ਪਿਓ ਪੁੱਤਰ ਦੀ ਲੜਾਈ ਤੱਕ ਕਰਾਰ ਦੇ ਦਿੱਤਾ ਸੀ, ਪਰ ਹੁਣ ਜਿਉਂ ਹੀ ਵੱਡੇ ਢੀਂਡਸਾ ਮੋਦੀ ਵੱਲੋਂ ਦੀ ਹੋ ਕੇ ਅਸਿੱਧੇ ਤੌਰ ‘ਤੇ ਅਕਾਲੀ ਦਲ ਦੇ ਹੱਕ ਵਿੱਚ ਆਏ ਹਨ, ਉਸ ਨੂੰ ਦੇਖਦਿਆਂ ਨਿਰਪੱਖ ਸੋਚ ਰੱਖਣ ਵਾਲੇ ਸਿਆਸੀ ਮਾਹਰ ਕਹਿੰਦੇ ਹਨ, ਕਿ ਕਦੇ ਵੀ ਬਿਨਾਂ ਸੋਚੇ ਸਮਝੇ ਕਿਸੇ ਦੇ ਹੱਕ ਵਿੱਚ, ਜਾਂ ਖਿਲਾਫ ਰਾਏ ਨਾ ਬਣਾਓ। ਆਹ! ਵੇਖ ਲਓ ਛੋਟੇ ਤੇ ਵੱਡੇ ਢੀਂਡਸਾ ਦੇ ਮਾਮਲੇ ਵਿੱਚ ਕੀ ਹੋ ਰਿਹਾ ਹੈ? ਪਰ ਇੱਥੇ ਫਿਰ ਉਹੀ ਬਾਤ ਆ ਜਾਂਦੀ ਹੈ ਕਿ, ” ਗੱਲ ਸਮਝ ਗਏ ਤਾਂ ਰੌਲਾ ਕੀ, ਇਹ ਰਾਮ ਰਹੀਮ ਤੇ ਮੌਲਾ ਕੀ!”

Share this Article
Leave a comment