ਫਰਜੀ ਪੁਲਿਸ ਮੁਕਾਬਲੇ ‘ਚ ਸਜ਼ਾ ਮਾਫੀ ਸਬੰਧੀ ਸੁਖਜਿੰਦਰ ਰੰਧਾਵਾ ਦਾ ਸੁਖਬੀਰ ਬਾਦਲ ਬਾਰੇ ਵੱਡਾ ਖੁਲਾਸਾ, ਖੋਲ੍ਹ ਤੇ ਗ੍ਰਹਿ ਮੰਤਰਾਲਿਆ ਦੇ ਅੰਦਰਲੇ ਰਾਜ਼

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਵੀ.ਪੀ ਬਦਨੌਰ ਵੱਲੋਂ ਫਰਜ਼ੀ ਪੁਲਿਸ ਮੁਕਾਬਲੇ ‘ਚ 4 ਪੁਲਿਸ ਵਾਲਿਆਂ ਦੀ ਸਜ਼ਾ ਮਾਫ ਕਰਨ ਦਾ ਮੁੱਦਾ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ । ਜਿੱਥੇ ਇੱਕ ਪਾਸੇ ਇਸ ਮਾਮਲੇ ‘ਚ ਸੁਖਪਾਲ ਖਹਿਰਾ ਨੇ ਬੋਲਦਿਆਂ ਪੰਜਾਬ ਪੁਲਿਸ ਮੁਖੀ ਦਿਨਕਰ ਗੁਪਤਾ ਅਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਗੰਭੀਰ ਦੋਸ਼ ਲਾਏ ਸਨ, ਉੱਥੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਮਾਮਲੇ ਵਿੱਚ ਕੈਪਟਨ ਸਰਕਾਰ ਨੂੰ ਵੀ ਦੱਬ ਕੇ ਭੰਡਿਆ ਹੈ। ਇਹ ਸਭ ਦੇਖਣ ਦੇ ਬਾਵਜੂਦ ਭਾਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ‘ਤੇ ਅਜੇ ਤੱਕ ਚੁੱਪੀ ਸਾਧੀ ਹੋਈ ਹੈ ਪਰ ਹਰ ਵਾਰ ਦੀ ਤਰ੍ਹਾਂ ਸੂਬੇ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਮਾਮਲੇ ‘ਚ ਸਰਕਾਰ ਵੱਲੋਂ ਸਫਾਈ ਦਿੰਦਿਆਂ ਪਹਿਲ ਕੀਤੀ ਹੈ। ਰੰਧਾਵਾ ਅਨੁਸਾਰ ਇਨ੍ਹਾਂ ਪੁਲਿਸ ਵਾਲਿਆਂ ਵੱਲੋਂ ਰਾਜਪਾਲ ਵੱਲੋਂ ਦਿੱਤੀ ਗਈ ਮਾਫੀ ਦੇ ਮਾਮਲੇ ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਫਰਜੀ ਪੁਲਿਸ ਮੁਕਾਬਲੇ ਦੇ ਚਾਰੋ ਦੋਸ਼ੀ ਪੁਲਿਸ ਵਾਲਿਆਂ ਨੂੰ ਮਾਫ ਕਰਨ ਦੀ ਫਾਇਲ ਉਸ ਵੇਲੇ ਤਿਆਰ ਕੀਤੀ ਗਈ ਸੀ ਜਦੋਂ ਸੁਖਬੀਰ ਬਾਦਲ ਸੂਬੇ ਦੇ ਗ੍ਰਹਿ ਮੰਤਰੀ ਸੀ। ਲਿਹਾਜਾ ਸੂਬਾ ਸਰਕਾਰ ‘ਤੇ ਚਿੱਕੜ ਸੁੱਟਣ ਤੋਂ ਪਹਿਲਾਂ ਸੁਖਬੀਰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ।

ਸੁਖਜਿੰਦਰ ਸਿੰਘ ਰੰਧਾਵਾ ਨੇ ਦੋਸ਼ ਲਾਇਆ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਦਾ ਕਾਰਜਕਾਲ ਖਤਮ ਹੋਣ ਤੋਂ ਚੰਦ ਦਿਨ ਪਹਿਲਾਂ ਹੀ ਇਸ ਮਾਮਲੇ ਦੀ ਫਾਇਲ ਨੂੰ ਮੁਕੰਮਲ ਕਰਕੇ ਸਿਫਾਰਸ ਲਈ ਬੜੀ ਤੇਜੀ ਨਾਲ ਅੱਗੇ ਵਧਾਇਆ ਗਿਆ ਸੀ, ਤਾਂ ਕਿ ਪੁਲਿਸ ਵਾਲਿਆਂ ਦੀ ਸਜ਼ਾ ਮਾਫ ਹੋ ਸਕੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਚਾਰਜ ਸੰਭਾਲਣ ਤੋਂ ਬਾਅਦ ਇਸ ਫਾਇਲ ਨੂੰ ਕੇਂਦਰ ਸਰਕਾਰ ਕੋਲ ਸਿਰਫ ਸਪੱਸ਼ਟੀਕਰਨ ਲਈ ਭੇਜਿਆ ਸੀ, ਮਾਫੀ ਦੀ ਸਿਫਰਾਸ ਨਾਲ ਨਹੀਂ ਪਰ ਕੇਂਦਰ ਸਰਕਾਰ ਨੇ ਆਪਣੀ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਜਦੋਂ ਫਾਇਲ ਅੱਗੇ ਵਧਾਈ ਤਾਂ ਰਾਜਪਾਲ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਕੇ ਪੁਲਿਸ ਵਾਲਿਆਂ ਦੀ ਸਜ਼ਾ ਮਾਫ ਕਰ ਦਿੱਤੀ। ਜਿਸ ਵਿੱਚ ਮੌਜੂਦਾ ਸਰਕਾਰ ਦਾ ਕੋਈ ਰੋਲ ਨਹੀਂ ਹੈ।

Share this Article
Leave a comment