ਪੰਜਾਬ ਦੇ ਕੰਢੀ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਕਿਵੇਂ ਹੋਣਗੀਆਂ ਹੱਲ?

TeamGlobalPunjab
6 Min Read

ਅਵਤਾਰ ਸਿੰਘ

ਸੀਨੀਅਰ ਪੱਤਰਕਾਰ

ਪੰਜਾਬ ਦਾ ਉੱਤਰ ਪੂਰਬੀ ਹਿੱਸਾ ਡੇਰਾ ਬਸੀ ਤੋਂ ਲੈ ਕੇ ਪਠਾਨਕੋਟ ਦੇ ਧਾਰ ਬਲਾਕ ਠੀਕ ਹਿਮਾਚਲ ਪ੍ਰਦੇਸ਼ ਦੇ ਪੈਰਾਂ ਵਿੱਚ ਪੈਂਦੇ ਨੀਮ ਪਹਾੜੀ ਇਲਾਕੇ ਨੂੰ ਕੰਢੀ ਖੇਤਰ ਕਹਿੰਦੇ ਹਨ। ਇਸ ਨੀਮ ਪਹਾੜੀ ਇਲਾਕੇ ਦੀ ਲੰਬਾਈ 260 ਕਿਲੋਮੀਟਰ ਅਤੇ ਚੌੜਾਈ ਔਸਤਨ 21 ਕਿਲੋਮੀਟਰ ਦੇ ਕਰੀਬ ਹੈ। ਮੋਟੇ ਤੌਰ ‘ਤੇ ਡੇਰਾ ਬਸੀ ਤੋਂ ਲੈ ਕੇ ਰੋਪੜ, ਹੁਸ਼ਿਆਰਪੁਰ, ਮੁਕੇਰੀਆਂ ਅਤੇ ਪਠਾਨਕੋਟ ਜ਼ਿਲ੍ਹੇ ਦੇ ਬਲਾਕ ਧਾਰ ਨੂੰ ਜਾਂਦੀ ਨੈਸ਼ਨਲ ਹਾਈਵੇਅ ‘ਤੇ ਉੱਤਰ-ਪੂਰਬ ਖਿੱਤੇ ਨੂੰ ਕੰਢੀ ਖੇਤਰ ਕਿਹਾ ਜਾਂਦਾ ਹੈ। ਕੰਢੀ ਖੇਤਰ ਅੱਗੇ 5 ਖਿੱਤਿਆਂ, ਧਾਰ, ਬੀਤ, ਕੰਢੀ, ਚੰਗਰ ਅਤੇ ਦੂਨ ਇਲਾਕਿਆਂ ਵਿੱਚ ਵੰਡਿਆ ਹੋਇਆ ਹੈ। ਕੰਢੀ ਖੇਤਰ ਦੀ ਕੁੱਲ ਆਬਾਦੀ ਪੰਜਾਬ ਦੀ ਕੁੱਲ ਆਬਾਦੀ ਦਾ ਛੇ ਪ੍ਰਤੀਸ਼ਤ ਹਿੱਸਾ ਹੈ ਅਤੇ ਕੁੱਲ ਖੇਤਰ ਦਾ 7 ਫ਼ੀਸਦ ਹੈ। ਇਸ ਖਿੱਤੇ ਦਾ ਡੇਰਾ ਬਸੀ ਤੋਂ ਰੋਪੜ ਤੀਕ ਦਾ ਸਤਲੁਜ ਦਰਿਆ ਤੀਕ ਦਾ ਇਲਾਕਾ ਲਗਭਗ 190 ਸਾਲ ਅੰਗਰੇਜ਼ੀ ਹਕੂਮਤ ਦਾ ਹਿੱਸਾ ਰਿਹਾ, ਬੰਦ-ਅਲੀ-ਸ਼ੇਰ ਤੋਂ ਲੈ ਕੇ ਧਾਰ ਬਲਾਕ ਤੀਕ ਦਾ ਇਲਾਕਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਰਿਹਾ ਹੈ ਅਤੇ ਇਸ ਇਲਾਕੇ ਵਿੱਚ ਕੁਦਰਤੀ ਸੰਪਤੀ ਅਤੇ ਜੰਗਲਾਂ ਦੀ ਬਹੁਤਾਤ ਸੀ।

ਦੇਸ ਦੀ ਆਜ਼ਾਦੀ ਦੀ ਲੜਾਈ ਵਿੱਚ ਕੰਢੀ ਖੇਤਰ ਦੇ ਲੋਕਾਂ ਦਾ ਵੱਡਾ ਯੋਗਦਾਨ ਰਿਹਾ ਹੈ। ਬੱਬਰ ਲਹਿਰ ਦੇ ਆਗੂ ਰਤਨ ਸਿੰਘ ਰੱਕੜ, ਉਜਾਗਰ ਸਿੰਘ ਪਨਿਆਲੀ, ਲਾਲ ਸਿੰਘ ਭੱਲਾ, ਸੁੱਖਾ ਮਹਿਰ, ਭਗਤ ਸਿੰਘ ਲਹਿਰ ਦੇ ਪੰਡਤ ਕਿਸ਼ੋਰੀ ਲਾਲ, ਰਾਮ ਕਿਸ਼ਨ ਭੜੋਲਿਆਂ ਤੇ ਅਨੇਕਾਂ ਦੇਸ਼ ਭਗਤਾਂ ਨੇ ਆਜ਼ਾਦੀ ਦੀ ਜੰਗ ਵਿੱਚ ਹਿੱਸਾ ਲਿਆ। ਆਜ਼ਾਦੀ ਤੋਂ ਬਾਅਦ ਵੀ ਕੰਢੀ ਖੇਤਰ ਦੇ ਲੋਕਾਂ ਨੇ ਦੇਸ਼ ਅਤੇ ਸੂਬੇ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ। ਜਨਰਲ ਬਿਕਰਮ ਸਿੰਘ, ਡਾ: ਦੇਵਰਾਜ ਭੂੰਬਲਾ ਅਤੇ ਡਾ: ਸ਼ਕਤੀ ਕੁਮਾਰ ਵਾਇਸ ਚਾਂਸਲਰ ਨੇ ਇਸ ਖਿੱਤੇ ਦਾ ਨਾਮ ਰੋਸ਼ਨ ਕੀਤਾ ਹੈ। ਪੰਜਾਬ ਦੀਆਂ ਮੰਡੀਆਂ ਦਾ ਕੰਮ ਇਸ ਖਿੱਤੇ ਦੇ ਮਜ਼ਦੂਰਾਂ ਨੇ ਸਾਂਭਿਆ ਹੋਇਆ ਹੈ। ਦੇਸ ਦੀ ਫ਼ੌਜ ਅਤੇ ਸੁਰੱਖਿਆ ਦਸਤਿਆਂ ਵਿੱਚ ਵੱਡੀ ਗਿਣਤੀ ਵਿੱਚ ਇਸ ਖੇਤਰ ਦੇ ਲੋਕ ਸੇਵਾ ਕਰ ਰਹੇ ਹਨ।

- Advertisement -

ਇਸ ਖੇਤਰ ਦੀ ਧਰਤੀ ਨੀਮ-ਪਹਾੜੀ ਹੈ। ਇਸਦਾ ਵੱਡਾ ਹਿੱਸਾ ਪਹਾੜੀਆਂ ਅਤੇ ਜੰਗਲੀ ਰਕਬਾ ਹੈ। ਲੋਕ ਉੱਚੇ ਲੰਮੇ ਅਤੇ ਪਤਲੇ ਹਨ ਅਤੇ ਸਖਤ ਮਿਹਨਤ ਕਰਨ ਦੇ ਆਦੀ ਹਨ। ਇਸ ਖੇਤਰ ਦੇ ਕਿਸਾਨਾਂ ਦਾ ਉਜਾੜਾਂ ਕਰਕੇ ਤਿੰਨ ਵੱਡੇ ਡੈਮ ਭਾਖੜਾ ਡੈਮ, ਪੌਂਗ ਡੈਮ ਅਤੇ ਥੀਨ ਡੈਮ ਬਣਾਏ ਗਏ ਹਨ। ਇਹਨਾਂ ਡੈਮਾਂ ਸਦਕਾ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਨੂੰ ਪਾਣੀ ਅਤੇ ਬਿਜਲੀ ਦੀ ਸਪਲਾਈ ਹੁੰਦੀ ਹੈ। ਇਹਨਾਂ ਰਾਜਾਂ ਨੂੰ ਲੱਕੜ, ਪੱਥਰ, ਰੇਤ ਅਤੇ ਬਾਂਸ ਦੀ ਕਾਫ਼ੀ ਸਪਲਾਈ ਕੰਢੀ ਖੇਤਰ ਵੱਲੋਂ ਹੀ ਹੋ ਰਹੀ ਹੈ।

ਕੰਢੀ ਖੇਤਰ ਦੀ ਤਬਾਹੀ ਦਾ ਵੱਡਾ ਕਾਰਨ ਗੈਰ-ਕਾਨੂੰਨੀ ਮਾਈਮਾਈਨਿੰਗ, ਲੱਕੜ ਮਾਫੀਆ ਅਤੇ ਨਸ਼ਾ ਮਾਫੀਆ ਹਨ। ਗੈਰ-ਕਾਨੂੰਨੀ ਮਾਈਨਿੰਗ ਕਾਰਣ ਅਨੇਕਾਂ ਜੰਗਲੀ ਜੀਵਾਂ ਅਤੇ ਪੰਛੀਆਂ ਦੀਆਂ ਪ੍ਰਜਾਤੀਆਂ ਘਟਦੀਆਂ ਜਾ ਰਹੀਆਂ ਹਨ। ਜੰਗਲਾਂ ਦੀ ਹੋਈ ਤਬਾਹੀ ਕਾਰਣ ਖੁਰਾਕ ਦੀ ਕਮੀ ਹੋ ਗਈ ਹੈ ਅਤੇ ਕਿਸਾਨਾਂ ਦੀਆਂ ਫਸਲਾਂ ਤਬਾਹ ਕਰ ਰਹੇ ਹਨ। ਇਸੇ ਤਰ੍ਹਾਂ ਵਰਖਾ ਦੀ ਘਾਟ ਵੀ ਹੋ ਰਹੀ ਹੈ। ਸਸਤੀ ਜ਼ਮੀਨ, ਕੱਚਾ ਮਾਲ ਅਤੇ ਲੇਬਰ ਕਾਰਨ ਇਸ ਖਿੱਤੇ ਵਿੱਚ ਸਨਅਤਾਂ ਅਤੇ ਥਰਮਲ ਪਲਾਂਟ ਲੱਗੇ ਸਨ ਪਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਬਹੁਤੀਆਂ ਸਨਅਤਾਂ ਬੰਦ ਹੋ ਚੁੱਕੀਆਂ ਹਨ। ਉਹ ਸਨਅਤਾਂ ਬਚੀਆਂ ਜਿਨ੍ਹਾਂ ਵਿੱਚ ਦਵਾਈਆਂ ਜਾਂ ਕਾਗਜ਼ ਬਣਦਾ ਹੈ। ਇਹ ਫੈਕਟਰੀਆਂ ਹਵਾ-ਪਾਣੀ ਦੇ ਪੁ੍ਦੂਸ਼ਣ ਦਾ ਮੁੱਖ ਕਾਰਨ ਹਨ। ਸਿੱਟੇ ਵਜੋਂ ਇਸ ਖਿੱਤੇ ਦੇ ਲੋਕ ਭਿਅੰਕਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਇਸ ਬਰਬਾਦੀ ਲਈ ਪੰਜਾਬ ਦੇ ਹਾਕਮ, ਅਫਸਰਸ਼ਾਹੀ/ਠੇਕੇਦਾਰ/ਮਾਫੀਆ ਅਤੇ ਸਨਅਤਕਾਰਾਂ ਦੇ ਗਠਜੋੜ ਦਾ ਸਿੱਟਾ ਹੈ। ਇਸ ਖੇਤਰ ਵਿੱਚ ਪੀਣ ਵਾਲੇ ਪਾਣੀ ਦੀ ਘਾਟ ਅਤੇ ਸਿੰਜਾਈ ਵਾਲੇ ਪਾਣੀ ਦੀ ਘਾਟ ਨੂੰ ਵੀ ਅੱਜ ਤੀਕ ਦੂਰ ਨਹੀਂ ਕਰ ਸਕੇ। ਅੱਜ ਵੀ ਕੰਢੀ ਇਲਾਕੇ ਨਾਲ ਮਤਰੇਈ ਮਾਂ ਵਰਗਾ ਸਲੂਕ ਜਾਰੀ ਹੈ।

“ਕੰਢੀ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਰਾਣਾ ਕਰਨ ਸਿੰਘ ਦੀ ਅਗਵਾਈ ਹੇਠ “ਲਗਾਤਾਰ ਲੋਕਾਂ ਨੂੰ ਨਾਲ ਲੈ ਕੇ ਹਵਾ-ਪਾਣੀ ਦੇ ਪੁ੍ਦੂਸ਼ਣ ਵਾਤਾਵਰਣ ਨੂੰ ਨੁਕਸਾਨ ਪਹੁੰਚਾ ਰਿਹਾ ਮਾਈਨਿੰਗ ਮਾਫੀਆ ਵਿਰੁੱਧ ਸੰਘਰਸ਼ ਲੜ ਰਹੀ ਹੈ। ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਗਿਆ ਹੈ। ਲੋਕ ਕੈਂਸਰ ਵਰਗੀਆਂ ਭਿਆਨਕ ਨਾਲ ਪੀੜਤ ਹਨ। ਇਸੇ ਤਰ੍ਹਾਂ ਪੀਣ ਵਾਲੇ ਪਾਣੀ ਦੇ ਬਿੱਲਾਂ ਦੀ ਮਾਫੀ ਲਈ ਅਨੇਕਾਂ ਸੰਘਰਸ਼ ਅੱਜ ਵੀ ਕਰ ਰਹੀ ਹੈ। ਇਸੇ ਤਰ੍ਹਾਂ ਅਵਾਰਾ ਪਸੂਆਂ ਅਤੇ ਜੰਗਲੀ ਜਾਨਵਰਾਂ ਵੱਲੋਂ ਹੁੰਦੇ ਉਜਾੜੇ ਨੂੰ ਰੋਕਣ ਲਈ ਯਤਨਸ਼ੀਲ ਹੈ। ਕੰਢੀ ਸੰਘਰਸ਼ ਕਮੇਟੀ ਨੇ 2014 ਵਿੱਚ ਸੰਘਰਸ਼ ਲੜ ਕੇ ਸਰਕਾਰੀ ਸਿੰਚਾਈ ਦੇ ਟਿਊਬਵੈੱਲਾਂ ਦਾ ਕਿਸਾਨਾਂ ਦੇ ਬਿੱਲਾਂ ਦੀ ਮਾਫ਼ੀ ਦੀ ਲੜਾਈ ਜਿੱਤੀ ਅਤੇ ਪਿਛਲਾ 8 ਕਰੋੜ ਰੁਪਏ ਬਕਾਇਆ ਵੀ ਮਾਫ਼ ਕਰਵਾਇਆ। ਇਸੇ ਤਰ੍ਹਾਂ ਪੀਣ ਵਾਲੇ ਪਾਣੀ ਦੇ ਬਿੱਲਾਂ 300 ਕਰੋੜ ਰੁਪਏ ਦੀ ਮਾਫ਼ੀ ਦੀ ਲੜਾਈ ਵੀ ਜਿੱਤੀ। ਹਵਾ-ਪਾਣੀ ਦੇ ਪੁ੍ਦੂਸਣ ਵਿਰੁੱਧ ਘੋਲ ਜਾਰੀ ਹੈ।

ਸਰਕਾਰਾਂ ਦੀ ਅਣਦੇਖੀ ਕਾਰਨ ਇਸ ਇਲਾਕੇ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਫੈਕਟਰੀਆਂ ਦੇ ਪ੍ਰਦੂਸ਼ਣ ਨਾਲ ਇਸ ਇਲਾਕੇ ਦੇ ਵਾਸੀਆਂ ਦੇ ਹੋ ਰਹੇ ਨੁਕਸਾਨ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਹੁਸ਼ਿਆਰਪੁਰ ਜ਼ਿਲੇ ਵਿੱਚ ਹੁੰਦਿਆਂ (ਅੱਜ ਕੱਲ੍ਹ ਜ਼ਿਲਾ ਨਵਾਂਸ਼ਹਿਰ) ਆਸਰੋਂ ਉਦਯੋਗਿਕ ਖੇਤਰ ਵਿੱਚ ਲੱਗੀਆਂ ਫੈਕਟਰੀਆਂ ਸਰਕਾਰ, ਪ੍ਰਸ਼ਾਸ਼ਨ ਅਤੇ ਮਾਲਕਾਂ ਦੀ ਮਿਲੀਭੁਗਤ ਕਾਰਨ ਬੰਦ ਹੋ ਗਈਆਂ ਹਨ। ਮਾਲਕ ਸਬਸਿਡੀਆਂ ਹਜ਼ਮ ਕਰ ਕੇ ਭੱਜ ਗਏ ਹਨ। ਇਸ ਇਲਾਕੇ ਦੇ ਲੋਕਾਂ ਵਿੱਚ ਜਾਗੀ ਰੁਜ਼ਗਾਰ ਦੇ ਆਸ ਦੀ ਕਿਰਨ ਖਤਮ ਹੋ ਕੇ ਰਹਿ ਗਈ ਹੈ। ਅੱਜ ਕੱਲ੍ਹ ਤਾਂ ਸਿਰਫ ਸਰਕਾਰਾਂ ਦੀ ਸਰਪ੍ਰਸਤੀ ਹੇਠ ਮਾਫੀਆ ਸਰਗਰਮ ਹੈ ਜਿਹੜਾ ਇਥੋਂ ਦੇ ਵਸਨੀਕਾਂ ਨੂੰ ਇਕ ਬੱਠਲ ਵੀ ਰੇਤੇ ਦਾ ਚੁੱਕਣ ਤੋਂ ਤਾਂ ਰੋਕਦਾ ਹੈ ਪਰ ਟਿੱਪਰ ਟਰਾਲੇ ਲਿਜਾ ਕੇ ਮੋਟੀ ਕਮਾਈ ਕਰ ਰਿਹਾ ਹੈ। ਲੋਕਾਂ ਨੂੰ ਸੰਘਰਸ਼ੀਲ ਕੰਢੀ ਕਮੇਟੀ ‘ਤੇ ਹੀ ਟੇਕ ਹੈ।

Share this Article
Leave a comment