ਸਮਾਣਾ ; ਪੰਜਾਬ ਦੇ ਸਿਆਸਤਦਾਨਾ ਵਿਰੁੱਧ ਵੱਖ ਵੱਖ ਲੋਕਾਂ ਵਲੋਂ ਕਾਲੀਆਂ ਝੰਡੀਆਂ ਲੈਕੇ ਕੀਤਾ ਜਾ ਰਿਹਾ ਵਿਰੋਧ ਘੁੰਮ-ਘੁਮਾ ਕੇ ਹੁਣ ਪਟਿਆਲਾ ਵੀ ਆਣ ਪੁੱਜਾ ਹੈ ਤੇ ਇਸ ਵਿਰੋਧ ਨੇ ਇਸ ਵਾਰ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਤੇ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੂੰ ਨਿਸ਼ਾਨਾ ਬਣਾਇਆ ਹੈ। ਹਲਕਾ ਸਮਾਣਾ ਦੇ ਪਿੰਡ ਕੁਲਾਰਾ ਵਿਖੇ ਹੋਏ ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਪਿਛਲੀਆਂ ਸਰਪੰਚੀ ਚੋਣਾਂ ਦੌਰਾਨ ਹਾਰੇ ਉਮੀਦਵਾਰ ਦਰਸ਼ਨ ਸਿੰਘ ਨੇ ਕੀਤੀ ਜਿਸ ਦਾ ਇਹ ਦੋਸ਼ ਸੀ ਕਿ ਸਰਪੰਚੀ ਦੀਆਂ ਚੋਣਾਂ ਵਿੱਚ ਉਸ ਦੀ 70 ਵੋਟਾਂ ਨਾਲ ਜਿੱਤ ਦੇ ਬਾਵਜੂਦ ਮਹਾਰਾਣੀ ਪ੍ਰਨੀਤ ਕੌਰ ਅਤੇ ਹਲਕੇ ਦੇ ਵਿਧਾਇਕ ਨਿਰਮਲ ਸਿੰਘ ਨੇ ਉਸ ਨੂੰ ਹਰਾ ਕੇ 3 ਵੋਟਾਂ ਨਾਲ ਹਰਦੀਪ ਸਿੰਘ ਨਾਂ ਦੇ ਬੰਦੇ ਨੂੰ ਸਰਪੰਚੀ ਚੋਣ ਜਤਾ ਦਿੱਤੀ ਇਸੇ ਕਾਰਨ ਉਹ ਕਾਲੀਆਂ ਝੰਡੀਆਂ ਲੈ ਕੇ ਮਹਾਰਾਣੀ ਪ੍ਰਨੀਤ ਕੌਰ ਤੇ ਵਿਧਾਇਕ ਨਿਰਮਲ ਸਿੰਘ ਦਾ ਵਿਰੋਧ ਕਰ ਰਹੇ ਨੇ । ਇਸ ਦੌਰਾਨ ਦੋਹਾਂ ਧਿਰਾਂ ਵਿੱਚ ਜ਼ਬਰਦਸਤ ਟਕਰਾਅ ਹੋ ਗਿਆ ਤੇ ਉਥੇ ਮੌਕੇ ‘ਤੇ ਖੂਬ ਇੱਟਾਂ ਰੋੜੇ ਡਾਂਗਾਂ ਤੇ ਕੁਰਸੀਆਂ ਚੱਲੀਆਂ ।
ਹੋਇਆ ਇੰਝ ਕਿ ਜਿਸ ਵੇਲੇ ਉਥੇ ਪ੍ਰਨੀਤ ਕੌਰ ਤੇ ਵਿਧਾਇਕ ਨਿਰਮਲ ਸਿੰਘ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ ਤਾਂ ਪਿੰਡ ਦੀਆਂ ਗਲੀਆਂ ਵਿੱਚੋਂ ਦੀ ਹੁੰਦੇ ਹੋਏ ਦਰਸ਼ਨ ਸਿੰਘ ਤੇ ਉਸ ਦੇ ਸਮਰਥਕ ਵੱਡੀ ਤਾਦਾਦ ਵਿੱਚ ਕਾਲੀਆਂ ਝੰਡੀਆਂ ਲੈ ਕੇ ਕਾਂਗਰਸ ਸਰਕਾਰ ਕੈਪਟਨ ਅਮਰਿੰਦਰ ਸਿੰਘ ਪ੍ਰਨੀਤ ਕੌਰ ਤੇ ਵਿਧਾਇਕ ਨਿਰਮਲ ਸਿੰਘ ਵਿਰੁਧ ਨਾਅਰੇਬਾਜ਼ੀ ਕਰਦੇ ਰੈਲੀ ਵਾਲੀ ਥਾਂ ਉੱਤੇ ਪਹੁੰਚ ਗਏ ਤੇ ਇਸ ਤੋਂ ਪਹਿਲਾਂ ਕਿ ਮੌਕੇ ‘ਤੇ ਮੌਜੂਦ ਪੁਲਿਸ ਵਾਲਿਆਂ ਨੂੰ ਕੁਝ ਸਮਝ ਆਉਂਦਾ ਇਹ ਪ੍ਰਦਰਸ਼ਨ ਕਾਰੀ ਪੰਡਾਲ ‘ਚ ਜਾ ਵੜੇ । ਜਿਥੋ ਕਾਂਗਰਸੀ ਵਰਕਰ ਭੜਕ ਗਏ ਅਤੇ ਇੰਨਾਂ ਦਾ ਕਲੇਸ਼ ਵਧ ਗਿਆ। ਖਬਰ ਲਿਖੇ ਜਾਣ ਤੱਕ ਕਿਸੇ ਦੇ ਜ਼ਖ਼ਮੀਂ ਹੋਣ ਦੀ ਕੋਈ ਸੂਚਨਾ ਨਹੀਂ ਹੈ ।
ਇਸ ਪ੍ਰਦਰਸ਼ਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਸਿਰਫ ਇਥੇ ਹੀ ਨਹੀਂ ਉਨ੍ਹਾਂ ਦੇ ਖਿਲਾਫ ਸਾਰੇ ਪਿੰਡਾਂ ਵਿੱਚ ਵਿਰੋਧ ਹੋਵੇਗਾ ਪਰ ਬਹੁਮੱਤ ਸਾਡੇ ਨਾਲ ਹੈ ਇਸ ਲਈ ਜਿੱਤ ਸਾਡੀ ਹੋਵੇਗੀ । ਇਸੇ ਤਰ੍ਹਾਂ ਵਿਧਾਇਕ ਨਿਰਮਲ ਸਿੰਘ ਨੇ ਕਾਲੀਆਂ ਝੰਡੀਆਂ ਵਿਖਾਉਣ ਵਾਲੀਆਂ ਨੂੰ ਮੁੱਠੀ ਭਰ ਲੋਕ ਕਰਾਰ ਦਿੰਦਿਆ ਕਿਹਾ ਕਿ ਇਹ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਹੈ ਜਿੱਤ ਕਾਂਗਰਸ ਪਾਰਟੀ ਦੀ ਹੋਵੇਗੀ ਤੇ ਇਸ ਦਾ ਨਤੀਜਾ ਆਉਣ ਵਾਲੀ 23 ਮਈ ਨੂੰ ਸਾਹਮਣੇ ਆ ਜਾਵੇਗਾ । ਨਿਰਮਲ ਸਿੰਘ ਨੇ ਇਥੇ ਸਟੇਜ ਤੋਂ ਧਮਕੀ ਦਿੰਦਿਆ ਕਿਹਾ ਕਿ ਜਿਹੜੇ ਲੋਕ ਇਹ ਪ੍ਰਦਰਸ਼ਨ ਕਰਵਾ ਰਹੇ ਹਨ ਅਸੀਂ ਉਨ੍ਹਾਂ ਨੂੰ ਪ੍ਰਦਰਸ਼ਨ ਦਾ ਜਵਾਬ ਪ੍ਰਦਰਸ਼ਨ ਨਾਲ ਦੇਵਾਗੇ ਤੇ ਜਿਥੇ ਵੀ ਡਾ. ਧਰਮਵੀਰ ਗਾਂਧੀ ਤੇ ਸੁਰਜੀਤ ਸਿੰਘ ਰੱਖੜਾ ਜਾਣਗੇ ਤਾਂ ਕਾਂਗਰਸੀ ਵਰਕਰ ਉਨ੍ਹਾਂ ਦਾ ਵੀ ਵਿਰੋਧ ਕਰਨਗੇ ।
ਇਕ ਆਮ ਕਹਾਵਤ ਹੈ ਕਿ ਕਾਗਜ ਤੇ ਵਾਹੀ ਗਈ ਲਕੀਰ ਨੂੰ ਬਿਨਾਂ ਕੱਟਿਆ ਜੇਕਰ ਛੋਟਾਂ ਕਰਨਾ ਹੋਵੇ ਤਾਂ ਉਸ ਦੇ ਬਰਾਬਰ ਦੂਜੀ ਵੱਡੀ ਲਕੀਰ ਵਾਹ ਦਿੱਤੀ ਜਾਵੇ। ਇੰਝ ਪਹਿਲਾਂ ਵਾਲੀ ਲਕੀਰ ਨਵੀਂ ਲਕੀਰ ਨਾਲੋਂ ਛੋਟੀ ਹੋ ਜਾਵੇਗੀ। ਕੁਝ ਇਹੋ ਹਾਲ ਪੰਜਾਬ ਦੀ ਸਿਆਸਤ ਦਾ ਹੋ ਗਿਆ ਹੈ। ਜਿਥੇ ਜੇਕਰ ਇਕ ਪਾਰਟੀ ਦੂਜੀ ਪਾਰਟੀ ਦਾ ਕਿਸੇ ਦਾ ਵਿਰੋਧ ਕਰਦੀ ਹੈ ਤਾਂ ਦੂਜੀ ਪਾਰਟੀ ਪਹਿਲਾਂ ਵਾਲੀ ਪਾਰਟੀ ਵਿਰੁੱਧ ਉਸ ਤੋਂ ਵੱਡਾ ਵੁਿਰੋਧ ਕਰਵਾ ਦਿੰਦੀ ਹੈ, ਤਾਂ ਕਿ ਲੋਕਾਂ ਦਾ ਧਿਆਨ ਉਸ ਗੱਲ਼ ਵੱਲ ਨਾ ਜਾਵੇ ਜਿਸ ਗੱਲ਼ ਕਾਰਨ ਲੋਕ ਵਿਰੋਧ ਕਰਕੇ ਇਨਸਾਫ ਲੈਣਾ ਚਾਹੁੰਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਵਿੱਚ ਜਿੱਤ ਸਿਆਸਤਦਾਨਾਂ ਦੀ ਹੁੰਦੀ ਹੈ, ਜਾ ਉਨ੍ਹਾਂ ਵੋਟਰਾਂ ਦੀ, ਜਿਨ੍ਹਾਂ ਦਾ ਧਿਆਨ ਭੜਕਾਉਣ ਲਈ ਇਹ ਸਭ ਕਾਰੇ ਕੀਤੇ ਜਾ ਰਹੇ ਹਨ ।