ਪੁਲਿਸ ਤੇ ਸਿੱਖਾਂ ਵਿਚਾਲੇ ਪਟਿਆਲਾ ‘ਚ ਹੋਈ ਖੂਨੀ ਝੜੱਪ ਦਾ ਸੱਚ ਆਇਆ ਸਾਹਮਣੇ, ਆਹ ਦੇਖੋ ਕਿਉਂ ਬਣੇ ਸਨ ਹਿੰਸਕ ਹਾਲਾਤ

TeamGlobalPunjab
10 Min Read

ਪਟਿਆਲਾ :  ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਚੰਦ ਦਿਨ ਬਾਅਦ ਬੀਤੀ ਕੱਲ੍ਹ ਪਟਿਆਲਾ ਰਾਜਪੁਰਾ ਰੋਡ ‘ਤੇ ਸ਼ਾਂਤਮਈ ਢੰਗ ਨਾਲ ਧਰਨਾ ਲਾਈ ਬੈਠੀ ਸਿੱਖ ਸੰਗਤ ‘ਤੇ ਪੁਲਿਸ ਵਿਚਕਾਰ ਹੋਏ ਟਕਰਾਅ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਸਨ, ਉਸ ਨੂੰ ਦੇਖ ਕੇ ਲੋਕਾਂ ਨੇ ਇਸ ਨੂੰ ਪੰਜਾਬ ਪੁਲਿਸ ਦੀ ਬਰਗਾੜੀ ਵਿਖੇ ਕੀਤੀ ਗਈ ਕਾਰਵਾਈ ਨਾਲ ਮਿਲਾ ਕੇ ਪ੍ਰਚਾਰਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਕਿ ਇਹ ਮਾਮਲਾ ਹੋਰ ਅੱਗੇ ਵਧ ਕੇ ਗੰਭੀਰ ਰੂਪ ਧਾਰਨ ਕਰਦਾ, ਗਲੋਬਲ ਪੰਜਾਬ ਟੀ.ਵੀ ਨੇ ਆਪਣਾ ਫਰਜ਼ ਨਿਭਾਉਂਦਿਆਂ ਇਸ ਮਾਮਲੇ ਦੀ ਤਹਿ ਤੱਕ ਜਾਣ ਦਾ ਬੀੜਾ ਚੁੱਕਿਆ, ਤੇ ਇਸ ਦੌਰਾਨ ਜਿਹੜਾ ਸੱਚ ਸਾਹਮਣੇ ਆਇਆ ਉਸ ਨੂੰ ਜਾਣ ਕੇ ਸਿੱਖੀ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਹੈਰਾਨੀ ਦਾ ਟਿਕਾਣਾ ਨਹੀਂ ਰਿਹਾ। ਮਾਮਲੇ ਦੀ ਤਹਿ ਤੱਕ ਜਾਣ ‘ਤੇ ਪਤਾ ਲੱਗਾ ਕਿ ਇਹ ਝਗੜਾ ਪਿੰਡ ਨਰੜੂ ਦੇ ਗੁਰਦੁਆਰਾ ਸਾਹਿਬ ਦੀਆਂ 2 ਪ੍ਰਬੰਧਕ ਕਮੇਟੀਆਂ ਦੇ ਆਪਸੀ ਟਕਰਾਅ ਤੋਂ ਸ਼ੁਰੂ ਹੋ ਕੇ ਅਜਿਹੀ ਧਾਰਮਿਕ ਰੰਗਤ ਫੜ ਗਿਆ ਜਿਸ ਨੂੰ ਜੇਕਰ ਸਮੇਂ ਰਹਿੰਦਿਆਂ ਪੁਲਿਸ ਨਾ ਸੰਭਾਲਦੀ ਤਾਂ ਇਹ ਮਸਲਾ ਵੀ ਬੇਅਦਬੀ ਮਾਮਲਿਆਂ ਵਾਂਗ ਗੰਭੀਰ ਰੂਪ ਧਾਰਨ ਕਰ ਸਕਦਾ ਸੀ।

ਆਹ ਦੇਖੋ ਕੀ ਹੈ ਪੂਰਾ ਸੱਚ?

ਇਸ ਸਬੰਧ ਵਿੱਚ ਪਟਿਆਲਾ ਪੁਲਿਸ ਦੇ ਐਸਪੀ ਹਰਮੀਤ ਸਿੰਘ ਹੁੰਦਲ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਪਿੰਡ ਨਰੜੂ ਦੇ ਗੁਰਦੁਆਰਾ ਪ੍ਰਬੰਧਕ ਨੂੰ ਲੈ ਕੇ 2 ਕਮੇਟੀਆਂ ਪਿੰਡ ਵਿੱਚ ਸਰਗਰਮ ਹਨ ਜਿਨ੍ਹਾਂ ਵਿੱਚੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਸੰਭਾਲ ਰਹੀ ਮੌਜੂਦਾ ਕਮੇਟੀ ਨੇ ਉੱਥੇ ਸੇਵਾ ਨਿਭਾ ਰਹੇ ਗ੍ਰੰਥੀ ਸਿੰਘ ਖਿਲਾਫ 15 ਮਈ ਨੂੰ ਲਿਖਤੀ ਮਤਾ ਪਾ ਕੇ ਉਸ ਨੂੰ ਸੇਵਾ ਤੋਂ ਹਟਾ ਦਿੱਤਾ, ਤੇ ਉਸ ਦੀ ਜਗ੍ਹਾ ਕਮੇਟੀ ਵੱਲੋਂ ਨਵਾਂ ਗ੍ਰੰਥੀ ਸਿੰਘ ਨਿਯੁਕਤ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀ ਅਨੁਸਾਰ ਇਹ ਗੱਲ ਸਾਬਕਾ ਪ੍ਰਬੰਧਕ ਕਮੇਟੀ ਨੂੰ ਪਸੰਦ ਨਹੀਂ ਆਈ ਤੇ ਉਨ੍ਹਾਂ ਦੇ ਆਗੂਆਂ ਨੇ ਕੱਢੇ ਗਏ ਗ੍ਰ਼ੰਥੀ ਸਿੰਘ ਨੂੰ ਪਿੰਡ ਵਿੱਚ ਹੀ ਇੱਕ ਕਮਰਾ ਦੇ ਕੇ ਰਿਹਾਇਸ਼ ਦੇ ਦਿੱਤੀ ਤੇ ਭਰੋਸਾ ਦਿੱਤਾ ਕਿ ਪਿੰਡ ਨਰੜੂ ਅੰਦਰ ਸਿੱਖ ਧਰਮ ਨਾਲ ਸਬੰਧਤ ਜਿਹੜੇ ਵੀ ਧਾਰਮਿਕ ਸਮਾਗਮ, ਪਾਠ ਜਾਂ ਕੀਰਤਨ ਆਦਿ ਦੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ, ਉਸ ਦੀ ਸੇਵਾ ਇਸੇ ਕੱਢੇ ਗਏ ਗ੍ਰੰਥੀ ਸਿੰਘ ਵੱਲੋਂ ਨਿਭਾਈ ਜਾਵੇਗੀ। ਇਹ ਗੱਲ ਗੁਰਦੁਆਰਾ ਸਾਹਿਬ ਦੀ ਮੌਜੂਦਾ ਪ੍ਰਬੰਧਕ ਕਮੇਟੀ ਨੂੰ ਹਜਮ ਨਹੀਂ ਹੋਈ, ਤੇ ਉਨ੍ਹਾਂ ਨੇ ਇਸ ‘ਤੇ ਇਤਰਾਜ ਜਾਹਰ ਕੀਤਾ। ਪਰ ਮਸਲੇ ਦਾ ਹੱਲ ਨਹੀਂ ਨਿੱਕਲਿਆ। ਐਸਪੀ ਹੁੰਦਲ ਨੇ ਦੱਸਿਆ ਕਿ ਇਸ ਤੋਂ ਬਾਅਦ ਹਾਲਾਤ ਇਹ ਪੈਦਾ ਹੋ ਗਏ ਕਿ ਪਿੰਡ ਦੇ ਲੋਕਾਂ ਨੇ ਜੇਕਰ ਕੱਢੇ ਗਏ ਗ੍ਰੰਥੀ ਸਿੰਘ ਨੂੰ ਬੁਲਾ ਕੇ ਪਾਠ ਜਾਂ ਹੋਰ ਧਾਰਮਿਕ ਸਮਾਗਮ ਕਰਵਾਉਣਾ ਹੁੰਦਾ, ਤਾਂ ਗੁਰਦੁਆਰਾ ਨਰੜੂ ਦੀ ਮੌਜੂਦਾ ਪ੍ਰਬੰਧਕ ਕਮੇਟੀ ਦੇ ਆਹੁਦੇਦਾਰਾਂ ਪਿੰਡ ਦੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇਣ ਤੋਂ ਹੀ ਇਨਕਾਰ ਕਰ ਦਿੰਦੇ। ਇੱਥੇ ਹੀ ਆ ਕੇ ਟਕਰਾਅ ਵਧ ਗਿਆ। ਐਸ ਪੀ ਹੁੰਦਲ ਨੇ ਦੱਸਿਆ ਕਿ ਬੀਤੀ ਕੱਲ੍ਹ ਇਸ ਮਸਲੇ ਦਾ ਹੱਲ ਕੱਢਨ ਲਈ ਦੋਵਾਂ ਕਮੇਟੀਆਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਠੀਆਂ ਹੋਈਆਂ ਜਿੱਥੇ ਗੱਲਾਂ ਹੀ ਗੱਲਾਂ ਵਿੱਚ ਜਦੋਂ ਥੋੜੀ ਜਿਹੀ ਗਰਮਜੋਸ਼ੀ ਤੋਂ ਬਾਅਦ ਮਾਮਲਾ ਹਿੰਸਕ ਰੂਪ ਧਾਰਨ ਕਰਨ ਲੱਗਾ ਤਾਂ ਮੌਕੇ ‘ਤੇ ਮੌਜੂਦ ਪੁਲਿਸ ਨੇ ਇਸ ਝੜੱਪ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਜਿਸ ਗੱਲ ਤੋਂ ਪਿੰਡ ਦੇ ਸਰਪੰਚ ਅਤੇ ਗ੍ਰੰਥੀ ਸਿੰਘ ਤੋਂ ਇਲਾਵਾ ਯੁਨਾਇਟਡ ਸਿੱਖ ਪਾਰਟੀ ਦੇ ਲੋਕ ਭੜਕ ਗਏ ਤੇ ਉਨ੍ਹਾਂ ਨੇ ਰਾਜਪੁਰਾ ਰੋਡ ‘ਤੇ ਆ ਕੇ ਜਾਮ ਲਾ ਦਿੱਤਾ।

ਐਸਪੀ ਹਰਮੀਤ ਸਿੰਘ ਹੁੰਦਲ ਨੇ ਅਨੁਸਾਰ ਜਿਸ ਵੇਲੇ ਇਨ੍ਹਾਂ ਲੋਕਾਂ ਵੱਲੋਂ ਰਾਜਪੁਰਾ ਰੋਡ ‘ਤੇ ਧਰਨਾ ਲਾਇਆ ਗਿਆ ਸੀ ਉਸ ਵੇਲੇ ਬਹੁਤ ਸਾਰੇ ਵਿਦਿਆਰਥੀਆਂ ਦੇ ਪਟਿਆਲਾ ਵਿਖੇ ਇਮਤਿਹਾਨ ਸਨ, ਜਿਨ੍ਹਾਂ ਨੇ ਜਦੋਂ ਇਨ੍ਹਾਂ ਲੋਕਾਂ ਨੂੰ ਜਾਮ ਖੋਲ੍ਹਣ ਲਈ ਕਿਹਾ ਤਾਂ ਇਹ ਧਰਨਾਕਾਰੀ ਉਨ੍ਹਾਂ ਦੇ ਗਲ੍ਹ ਪੈ ਗਏ। ਜਿਸ ਦੌਰਾਨ ਮੌਕੇ ‘ਤੇ ਮੌਜੂਦ ਪੁਲਿਸ ਨੇ ਉਨ੍ਹਾਂ ਲੋਕਾਂ ਨੂੰ ਬਚਾਅ ਕੇ ਉੱਥੋਂ ਕੱਢਿਆ। ਹੁੰਦਲ ਨੇ ਦਾਅਵਾ ਕੀਤਾ ਕਿ ਪੁਲਿਸ ਵੱਲੋਂ ਧਰਨਾਕਾਰੀਆਂ ‘ਤੇ ਲਾਠੀਚਾਰਜ ਕੀਤੇ ਜਾਣ ਦੀ ਗੱਲ ਕੋਰਾ ਝੂਠ ਹੈ। ਉਨ੍ਹਾਂ ਕਿਹਾ ਕਿ ਜਿਸ ਵੇਲੇ ਧਰਨਾਕਾਰੀਆਂ ਦਾ ਆਮ ਲੋਕਾਂ ਨਾਲ ਟਕਰਾਅ ਹੋਇਆ, ਉਸ ਵੇਲੇ ਤਾਂ ਮੌਕੇ ‘ਤੇ ਮੌਜੂਦ ਪੁਲਿਸ ਨੇ ਜਨਤਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਜਿਸ ‘ਤੇ ਧਰਨਾਕਾਰੀ ਪੁਲਿਸ ਨਾਲ ਹੀ ਹੱਥੋਪਾਈ ਹੋ ਗਏ ਸਨ, ਤੇ ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਨੂੰ ਇੰਨੀ ਸੱਟ ਲੱਗੀ ਕਿ ਉਸ ਨੂੰ ਟਾਂਕੇ ਤੱਕ ਲਗਵਾਉਣੇ ਪਏ। ਉਨ੍ਹਾਂ ਕਿਹਾ ਕਿ ਇੱਕ ਹੋਰ ਜਖਮੀ ਪੁਲਿਸ ਮੁਲਾਜ਼ਮ ਨੂੰ ਵੀ ਮੁੱਢਲੀ ਸਿਹਤ ਸਹਾਇਤਾ ਦੇ ਕੇ ਘਰ ਭੇਜ ਦਿੱਤਾ ਗਿਆ ਹੈ।

ਐਸ ਪੀ ਹੁੰਦਲ ਨੇ ਦੱਸਿਆ ਕਿ ਫਿਲਹਾਲ ਧਰਨਾਕਾਰੀਆਂ ਵੱਲੋਂ ਆਪਣਾ ਇੱਕ ਮੰਗ ਪੱਤਰ ਤਹਿਸੀਲਦਾਰ ਅਤੇ ਪੁਲਿਸ ਪ੍ਰਸਾਸ਼ਨ ਨੂੰ ਦੇ ਕੇ ਧਰਨਾ ਖਤਮ ਕਰ ਦਿੱਤਾ ਹੈ, ਪਰ ਧਰਨਾ ਦੇਣ ਵਾਲੇ ਲੋਕਾਂ ਨੂੰ ਪੁਲਿਸ ਵੱਲੋਂ ਇਹ ਵਿਸਵਾਸ਼ ਦਵਾਇਆ ਗਿਆ ਹੈ, ਕਿ ਉਨ੍ਹਾਂ ਦੀ ਮੰਗ ਅਨੁਸਾਰ ਜਿਹੜੀ ਵੀ ਕਨੂੰਨੀ ਕਾਰਵਾਈ ਬਣਦੀ ਹੋਵੇਗੀ ਉਹ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜੇਕਰ ਸ਼੍ਰੋਮਣੀ ਕਮੇਟੀ ਨੂੰ ਲਿਖ ਕੇ ਦੇਣਾ ਪਿਆ ਤਾਂ ਪੁਲਿਸ ਉਹ ਵੀ ਲਿਖ ਕੇ ਦੇਵੇਗੀ ਤਾਂ ਕਿ ਐਸਜੀਪੀਸੀ ਵਾਲੇ ਵੀ ਇੱਥੇ ਆ ਕੇ ਆਪਣੀ ਪੜਤਾਲ ਕਰ ਸਕਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਸੀਂ ਇਨ੍ਹਾਂ ਲੋਕਾਂ ਨੂੰ ਇੱਕ ਦੋ ਦਿਨਾਂ ਅੰਦਰ ਰਿਪੋਰਟ ਵੀ ਸੌਂਪ ਦਿੱਤੀ ਜਾਵੇਗੀ।

- Advertisement -

ਕੀ ਕਹਿਣਾ ਹੈ ਧਰਨਾ ਦੇ ਰਹੀਆਂ ਸਿੱਖ ਸੰਗਤਾਂ ਦਾ?

ਇੱਧਰ ਦੂਜੇ ਪਾਸੇ ਯੁਨਾਇਟਡ ਸਿੱਖ ਪਾਰਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਤਾਂ ਕੀਤੀ ਕਿ ਪਿੰਡ ਦੀ ਮੌਜੂਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਉਨ੍ਹਾਂ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇਣ ਤੋਂ ਇਨਕਾਰੀ ਹੋ ਗਈ ਸੀ, ਜਿਹੜੇ ਲੋਕ ਪੁਰਾਣੇ ਗ੍ਰੰਥੀ ਸਿੰਘ ਤੋਂ ਪਾਠ ਜਾਂ ਹੋਰ ਧਾਰਮਿਕ ਸਮਾਗਮਾਂ ਵਿੱਚ ਸੇਵਾ ਲੈਣਾ ਚਾਹੁੰਦੇ ਸਨ, ਪਰ ਉਨ੍ਹਾਂ ਇਹ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਪੁਲਿਸ ਨੇ ਉੱਥੇ ਲਾਠੀਚਾਰਜ ਨਹੀਂ ਕੀਤਾ ਸੀ। ਜਸਵਿੰਦਰ ਸਿੰਘ ਨੇ ਦੱਸਿਆ ਕਿ ਸਿੱਖ ਸੰਗਤਾਂ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾ ਦਿੱਤੇ ਜਾਣ ਦਾ ਵਿਰੋਧ ਕਰਨ ਲਈ ਉੱਥੇ ਪਹੁੰਚੇ ਸਨ, ਪਰ ਪ੍ਰਸਾਸ਼ਨ ਨੇ ਉਨ੍ਹਾਂ ਲੋਕਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਸ ਦੇ ਵਿਰੋਧ ਵਿੱਚ ਸੰਗਤਾਂ ਰਾਜਪੁਰਾ-ਪਟਿਆਲਾ ਮੁੱਖ ਸੜਕ ‘ਤੇ ਸ਼ਾਂਤਮਈ ਢੰਗ ਨਾਲ ਗੁਰਬਾਣੀ ਦਾ ਜਾਪ ਕਰਦਿਆਂ ਧਰਨਾ ਦੇ ਰਹੀਆਂ ਸਨ, ਪਰ ਪੁਲਿਸ ਨੇ ਉੱਥੇ ਬਿਨਾਂ ਕਿਸੇ ਨੂੰ ਕੋਈ ਅਗਾਊਂ ਚੇਤਾਵਨੀ ਦਿੰਦਿਆਂ ਲਾਠੀਚਾਰਜ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਦੌਰਾਨ ਕੁਝ ਬੱਚਿਆਂ, ਬੀਬੀਆਂ, ਭੈਣਾਂ ,ਬਜੁਰਗਾਂ ਦੇ ਸੱਟਾਂ ਵੀ ਲੱਗੀਆਂ ਹਨ, ਤੇ ਲੋਕਾਂ ਨੂੰ ਇਨਸਾਫ ਅਜੇ ਤੱਕ ਨਹੀਂ ਮਿਲਿਆ ਸੀ। ਇਸੇ ਲਈ ਧਰਨਾ ਮੁੜ ਲਾ ਦਿੱਤਾ ਗਿਆ ਸੀ।

ਜਸਵਿੰਦਰ ਸਿੰਘ ਨੇ ਕਿਹਾ ਕਿ ਹੁਣ ਸਿੱਖ ਸੰਗਤ ਕੋਲ ਐਸਜੀਪੀਸੀ ਦੇ ਮੈਂਬਰ ਗੁਰਪ੍ਰੀਤ ਸਿੰਘ ਆਏ ਹਨ, ਜਿਨ੍ਹਾਂ ਨੇ ਸੰਗਤ ਨੂੰ ਵਿਸ਼ਵਾਸ ਦਵਾਇਆ ਹੈ, ਕਿ ਉਹ ਅਗਲੇ ਕੁਝ ਘੰਟਿਆਂ ਵਿੱਚ ਹੀ ਇੱਕ ਕਮੇਟੀ ਦਾ ਗਠਨ ਕਰਕੇ ਨਰੜੂ ਗੁਰਦੁਆਰਾ ਸਾਹਿਬ ਦੀ ਕਮੇਟੀ ਵਿਰੁੱਧ ਜਾਂਚ ਕਰਵਾਉਣ ਤੋਂ ਬਾਅਦ ਉਸ ਨੂੰ ਬਰਖਾਸਤ ਕਰਵਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਇਹੋ ਵਿਸ਼ਵਾਸ ਸਿੱਖ ਸੰਗਤਾਂ ਨੂੰ ਜਿਲ੍ਹਾ ਪ੍ਰਸਾਸ਼ਨ ਨੇ ਵੀ ਦਵਾਇਆ ਹੈ। ਜਸਵਿੰਦਰ ਸਿੰਘ ਅਨੁਸਾਰ ਇੱਥੇ ਧਰਨਾ ਲਾਈ ਬੈਠੇ ਲੋਕਾਂ ਨੂੰ ਪਿੰਡ ਵਾਸੀਆਂ ਤੇ ਸਿੱਖ ਸੰਗਤਾਂ ਨੇ ਅਪੀਲ ਕੀਤੀ ਸੀ, ਕਿ ਜੇਕਰ ਪ੍ਰਸਾਸ਼ਨ ਇਸ ਮਸਲੇ ਨੂੰ ਹੱਲ ਕਰਨ ਲਈ ਕੁਝ ਸਮਾਂ ਮੰਗਦਾ ਹੈ ਤਾਂ ਉਹ ਸਮਾਂ ਜਰੂਰ ਦੇਣਾ ਚਾਹੀਦਾ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਸਾਸ਼ਨ ਇਸ ਮਸਲੇ ਨੂੰ ਹੱਲ ਕਰਾਉਣ ਲਈ ਗੰਭੀਰਤਾ ਨਾਲ ਕਾਰਵਾਈ ਨਹੀਂ ਕਰਦਾ, ਤਾਂ ਉਹ ਸਿੱਖ ਸੰਗਤਾਂ ਨੂੰ ਨਾਲ ਲੈ ਕੇ 29 ਮਈ ਨੂੰ ਪਟਿਆਲਾ ਦੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੇ ਬਾਹਰ ਧਰਨਾ ਦੇਣਗੇ, ਕਿਉਂਕਿ ਇਹ ਧਰਨਾ ਸਿਰਫ 28 ਮਈ ਸ਼ਾਮ ਤੱਕ ਹੀ ਸਥਗਤ ਕੀਤਾ ਗਿਆ ਹੈ ਤੇ ਜੇਕਰ ਪ੍ਰਸਾਸ਼ਨ ਇਸ ਮਸਲੇ ਦਾ ਪੱਕਾ ਹੱਲ ਨਹੀਂ ਕੱਢਦੀ, ਤਾਂ ਉਹ ਇਸ ਗੱਲ ਲਈ ਬਾਜਿੱਦ ਹਨ, ਤੇ ਆਪਣੀਆਂ ਮੰਗਾਂ ਮੰਨਵਾ ਕੇ ਰਹਿਣਗੇ।

ਕਿੱਥੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ?

ਕੁੱਲ ਮਿਲਾ ਕੇ ਕਹਾਣੀ ਇਹ ਨਿੱਕਲੀ ਕਿ ਝਗੜਾ 2 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਸੀ, ਜਿਨ੍ਹਾਂ ਵਿੱਚੋਂ ਦੋਵਾਂ ਧਿਰਾਂ ਨੇ ਆਪਣੀ ਜਿੱਦ ਪੁਗਾਈ ਤੇ ਇਸ ਦੌਰਾਨ ਉਹ ਲੋਕ ਇਹ ਭੁੱਲ ਗਏ ਕਿ ਉਨ੍ਹਾਂ ਦੀ ਇਸ ਕਾਰਵਾਈ ਨਾਲ ਮਾਮਲਾ ਧਾਰਮਿਕ ਰੰਗਤ ਲੈ ਕੇ ਅਮਨ ਅਤੇ ਕਨੂੰਨ ਨੂੰ ਖ਼ਤਰਾ ਪੈਦਾ ਕਰਨ ਜਾ ਰਿਹਾ ਸੀ, ਤੇ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਪਿੰਡ ਨਰੜੂ ਦੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਭਾਲਣ  ਵਾਲੀ ਸੰਸਥਾ ਐਸਜੀਪੀਸੀ ਐਨਾਂ ਕੁਝ ਹੋਣ ਦੇ ਬਾਵਜੂਦ ਵੀ ਚੁੱਪੀ ਧਾਰੀ ਬੈਠੀ ਹੈ। ਮਾਹਰਾਂ ਅਨੁਸਾਰ ਅਜਿਹੇ ਮਾਮਲਿਆਂ ਵਿੱਚ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਤੁਰੰਤ ਦਖਲ ਦਿੰਦਿਆਂ ਅਜਿਹੇ ਪ੍ਰਬੰਧ ਕਰਨੇ ਚਾਹੀਦੇ ਸਨ, ਜਿਸ ਨਾਲ ਹਾਲਾਤ ਸ਼ਾਂਤਮਈ ਹੁੰਦੇ, ਤੇ ਮਾਮਲਾ ਗੁਰੂ ਗ੍ਰੰਥ ਸਾਹਿਬ ਦੇਣ ਤੋਂ ਇਨਕਾਰੀ ਹੋਣ ਤੱਕ ਨਾ ਪਹੁੰਚਦਾ, ਪਰ ਕੌਣ ਪੁੱਛਦਾ ਹੈ ਜਨਾਬ ਤਾਜਾ ਤਾਜਾ ਚੋਣਾਂ ਲੰਘ ਕੇ ਗਈਆਂ ਹਨ, ਸ਼ਾਇਦ ਅਕਾਲੀ ਦਲ ਦੇ ਕਬਜੇ ਵਾਲੀ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਪ੍ਰਧਾਨ ਜੀ ਦੀ ਅਜੇ ਚੋਣ ਪ੍ਰਚਾਰ ਕਰਨ ਤੋਂ ਬਾਅਦ ਪੈਦਾ ਹੋਈ ਥਕਾਵਟ ਉਤਰੀ ਨਹੀਂ ਹੋਣੀ। ਜਿੰਨੀ ਦੇਰ ਤੱਕ ਇਹ ਥਕਾਵਟ ਉਤਰੇ ਸਿੱਖ ਵੀਰੋ ਉਦੋਂ ਤੱਕ ਤੁਹਾਡਾ ਰੱਬ ਰਾਖਾ।

 

Share this Article
Leave a comment