ਸੁਖਬੀਰ ਬਾਦਲ ਨੂੰ ਵਿਰੋਧੀਆਂ ਦੀ ਮੁੰਹਿਮ ਦੀ ਵੱਡੀ ਚੁਣੌਤੀ

TeamGlobalPunjab
5 Min Read

-ਜਗਤਾਰ ਸਿੰਘ ਸਿੱਧੂ

ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲੇ ਅਕਾਲੀ ਦਲ ਨੂੰ ਸੁਖਦੇਵ ਸਿੰਘ ਢੀਂਡਸਾ ਅਤੇ ਅਕਾਲੀ ਦਲ ਟਕਸਾਲੀ ਵੱਲੋਂ ਜ਼ਿਲ੍ਹਿਆਂ ‘ਚ ਸ਼ੁਰੂ ਕੀਤੀ ਮੁਹਿੰਮ ਨਵੀਆਂ ਚੁਣੌਤੀਆਂ ਖੜ੍ਹੀਆਂ ਕਰ ਰਹੀ ਹੈ। ਮਾਝੇ ਤੋਂ ਬਾਅਦ ਦੁਆਬੇ ਅਤੇ ਮਾਲਵੇ ਦੇ ਕਈ ਅਕਾਲੀ ਨੇਤਾ ਢੀਂਡਸਾ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਜੁੜ ਰਹੇ ਹਨ। ਸਾਬਕਾ ਪਾਰਲੀਮੈਂਟ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ ਅਤੇ ਉਸ ਦੇ ਸਾਥੀਆਂ ਵੱਲੋਂ ਅਕਾਲੀ ਦਲ ਤੋਂ ਅਸਤੀਫੇ ਦੇ ਕੇ ਸੁਖਦੇਵ ਸਿੰਘ ਢੀਂਡਸਾ ਅਤੇ ਉਸ ਦੇ ਸਾਥੀਆਂ ਦੀ ਅਗਵਾਈ ਪ੍ਰਵਾਨ ਕਰ ਲਈ ਹੈ। ਅਜਿਹਾ ਕਰਕੇ ਢੀਂਡਸਾ ਅਤੇ ਉਸ ਦੇ ਸਹਿਯੋਗੀਆਂ ਦਾ ਕਾਫਲਾ ਵੱਧਦਾ ਜਾ ਰਿਹਾ ਹੈ। ਅਜੇ ਕਈ ਨੇਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਐਲਾਨ ਦੀ ਉਡੀਕ ਕਰ ਰਹੇ ਹਨ। ਇਸੇ ਤਰ੍ਹਾਂ ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆਉਣਗੀਆਂ, ਰਾਜਸੀ ਟੁੱਟ ਭੱਜ ਹੋਰ ਤੇਜ਼ ਹੋਵੇਗੀ।

ਸੁਖਬੀਰ ਸਿੰਘ ਬਾਦਲ ਦੇ ਅਗਵਾਈ ਹੇਠਲੇ ਆਗੂਆਂ ਦਾ ਦਾਅਵਾ ਹੈ ਕਿ ਜ਼ਿਲ੍ਹਿਆਂ ਅੰਦਰ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ। ਇਸ ਲਈ ਬਾਦਲਾਂ ਨਾਲ ਜੁੜੀ ਧਿਰ ਆਖ ਰਹੀ ਹੈ ਕਿ ਇੱਕਾ-ਦੁੱਕਾ ਆਗੂਆਂ ਵੱਲੋਂ ਪਾਰਟੀ ਛੱਡ ਕੇ ਟਕਸਾਲੀਆਂ ਨਾਲ ਚਲੇ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ। ਖਾਸ ਤੌਰ ‘ਤੇ ਇਨ੍ਹਾਂ ਵੱਲੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਮਿਸਾਲ ਦਿੱਤੀ ਜਾ ਰਹੀ ਹੈ ਕਿ ਜਥੇਦਾਰ ਟੌਹੜਾ ਨੇ ਬਾਦਲਾਂ ਤੋਂ ਪਾਸੇ ਜਾ ਕੇ ਨਵਾਂ ਦਲ ਬਣਾ ਲਿਆ ਸੀ ਪਰ ਬਾਅਦ ‘ਚ ਉਸ ਨੂੰ ਬਾਦਲਾਂ ਦੀ ਅਗਵਾਈ ਵਾਲੇ ਅਕਾਲੀ ਦਲ ‘ਚ ਹੀ ਸ਼ਾਮਲ ਹੋਣਾ ਪਿਆ। ਇਸ ਬਾਰੇ ਤਾਂ ਕੋਈ ਦੋ ਰਾਇ ਨਹੀਂ ਕਿ ਸੁਖਦੇਵ ਸਿੰਘ ਢੀਂਡਸਾ ਅਤੇ ਟਕਸਾਲੀਆਂ ਦੇ ਮੁਕਾਬਲੇ ਬਾਦਲ ਅਜੇ ਵੀ ਸਥਿਤੀ ‘ਚ ਵਧੇਰੇ ਮਜ਼ਬੂਤ ਹਨ। ਬਾਦਲਾਂ ਕੋਲ ਵਿਧਾਇਕਾਂ ਦਾ ਧੜਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲਾਂ ਦੀ ਅਗਵਾਈ ਹੇਠ ਕੰਮ ਕਰ ਰਹੀ ਹੈ।

ਅਕਾਲੀ ਦਲ ਦੇ ਪਾਰਟੀ ਦੇ ਢਾਂਚੇ ‘ਚ ਵੀ ਗਿਣਤੀ ਦੇ ਲਿਹਾਜ਼ ਨਾਲ ਵੱਡੀ ਟੁੱਟਭੱਜ ਨਹੀਂ ਹੋਈ। ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਇਹ ਸਭ ਕੁਝ ਬਾਦਲਾਂ ਦੀ ਝੋਲੀ ‘ਚ ਹੋਣ ਦੇ ਬਾਵਜੂਦ ਮੌਜੂਦਾ ਸਥਿਤੀ ਵਿੱਚ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ‘ਚ ਜਿੱਤ ਹਾਸਲ ਕਰ ਸਕਣਗੇ? ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਪਾਰਟੀ ਸਤ੍ਹਾ ਹਾਸਲ ਕਰ ਸਕੇਗੀ?

- Advertisement -

ਇਹ ਅਜਿਹੇ ਵੱਡੇ ਸੁਆਲ ਹਨ ਜਿਹੜੇ ਕਿ ਅਕਾਲੀ ਦਲ ਅੰਦਰ ਅਤੇ ਬਾਹਰ ਪੂਰੀ ਤਰ੍ਹਾਂ ਰਿੜਕੇ ਜਾ ਰਹੇ ਹਨ। ਰਾਜਸੀ ਹਲਕਿਆਂ ਦਾ ਕਹਿਣਾ ਹੈ ਕਿ ਹੁਣ ਜਥੇਦਾਰ ਟੌਹੜਾ ਅਤੇ ਪ੍ਰਕਾਸ਼ ਸਿੰਘ ਬਾਦਲ ਵੇਲੇ ਦਾ ਅਕਾਲੀ ਦਲ ਨਹੀਂ ਰਿਹਾ। ਜਥੇਦਾਰ ਟੌਹੜਾ ਨੇ ਆਪਣੇ ਧੜੇ ਦੇ ਜ਼ੋਰ ਨਾਲ ਬਾਦਲਾਂ ਵਿਰੁੱਧ ਲੜਾਈ ਲੜੀ ਸੀ ਅਤੇ ਉਨ੍ਹਾਂ ਦੇ ਨਾਲ ਕੋਈ ਹੋਰ ਧੜਾ ਨਹੀਂ ਲੱਗਾ ਸੀ। ਉਹ ਸਮਾਂ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਪੂਰੀ ਚੜਾਈ ਸੀ। ਉਸ ਕੋਲ ਪਾਰਟੀ ਨੂੰ ਇਕੱਠਾ ਰੱਖਣ ਦਾ ਲੰਮਾ ਤਜਰਬਾ ਸੀ ਅਤੇ ਕੌਮੀ ਪਾਰਟੀਆਂ ਅੰਦਰ ਵੀ ਵੱਡੇ ਬਾਦਲ ਦਾ ਨਾਂ ਸੀ। ਮੌਜੂਦਾ ਸਮੇਂ ‘ਚ ਜਥੇਦਾਰ ਟੌਹੜਾ ਨਾਲੋਂ ਵੱਖਰੀ ਸਥਿਤੀ ਹੈ। ਇਸ ਮੌਕੇ ਢੀਂਡਸਾ ਜਥੇਦਾਰ ਸੇਵਾ ਸਿੰਘ ਸੇਖਵਾ ਅਤੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਉਹ ਨੇਤਾ ਹਨ ਜਿਹੜੇ ਕਿ ਲੰਮੇ ਸਮੇਂ ਤੋਂ ਪਾਰਟੀ ਅੰਦਰ ਮਜ਼ਬੂਤ ਰਾਜਸੀ ਸਥਿਤੀ ‘ਚ ਰਹੇ ਹਨ। ਇਨ੍ਹਾਂ ਨਾਲ ਹੋਰ ਨੇਤਾ ਵੀ ਸੰਪਰਕ ਵਿੱਚ ਹਨ। ਮਿਸਾਲ ਵਜੋਂ ਸਾਬਕਾ ਲੋਕ ਸਭਾ ਮੈਂਬਰ ਬੀਬੀ ਗੁਲਸ਼ਨ ਦਾ ਬਾਦਲਾਂ ਨੂੰ ਛੱਡਣਾ ਇੱਕ ਵੱਡਾ ਰਾਜਸੀ ਝਟਕਾ ਹੈ। ਬਾਦਲਾਂ ਦੇ ਗੜ੍ਹ ਮਾਲਵੇ ਦੇ ਬਠਿੰਡਾ ਦੇ ਕਿਸੇ ਨੇਤਾ ਦਾ ਅਸਤੀਫਾ ਬਾਦਲਾਂ ਲਈ ਪ੍ਰੇਸ਼ਾਨੀ ਦਾ ਕਾਰਨ ਹੈ।

ਜਥੇਦਾਰ ਟੌਹੜਾ ਵੀ ਬੇਸ਼ੱਕ ਰਾਜਸੀ ਖੇਤਰ ਵਿੱਚ ਬਾਦਲ ਦੇ ਮੁਕਾਬਲੇ ਬਹੁਤ ਸੀਮਤ ਤਾਕਤ ਸੀ ਪਰ ਉਸ ਵੇਲੇ ਵੀ ਬਾਦਲਾਂ ਨੂੰ ਇਹ ਲੜਾਈ ਮਹਿੰਗੀ ਪਈ ਸੀ ਕਿਉਂ ਜੋ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਚੋਣ ਹਾਰ ਗਏ ਸਨ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਬਾਦਲਾਂ ਵਿਰੁੱਧ ਕਈ ਅਕਾਲੀ ਅਤੇ ਪੰਥਕ ਧੜੇ ਇਕੱਠੇ ਹੋ ਰਹੇ ਹਨ। ਸਾਬਕਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਪਿੰਡਾਂ ਅਤੇ ਸ਼ਹਿਰਾਂ ਅੰਦਰ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਮੁਕਤ ਕਰਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਾਰਨ ਬਾਦਲ ਸਰਕਾਰੀ ਮਸ਼ੀਨਰੀ ਦੀ ਵਰਤੋਂ ਵੀ ਨਹੀਂ ਕਰ ਸਕਦੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਸਿੱਖ ਭਾਈਚਾਰਾ ਵੀ ਭੁਲਾ ਨਹੀਂ ਸਕਦਾ। ਬਾਦਲਾਂ ਨੂੰ ਇਸ ਮੁੱਦੇ ਨੇ ਬੁਰੀ ਤਰ੍ਹਾਂ ਘੇਰ ਰਖਿਆ ਹੈ ਕਿਉਂ ਜੋ ਉਨ੍ਹਾਂ ਦੀ ਸਰਕਾਰ ਵੇਲੇ ਇਹ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਵਾਪਰੀ ਸੀ। ਪਰ ਅਕਾਲੀ ਸਰਕਾਰ ਵੇਲੇ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ। ਇਹ ਵੱਖਰੀ ਗੱਲ ਹੈ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਵੀ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਕਰਨ ਲਈ ਬਰਾਬਰ ਦੀ ਦੋਸ਼ੀ ਹੈ। ਇਹ ਸਾਰੇ ਮਾਮਲੇ ਅਕਾਲੀ ਦਲ ਲਈ ਅੱਜ ਵੀ ਵੱਡੀ ਪ੍ਰੇਸ਼ਾਨੀ ਦਾ ਕਾਰਨ ਹੈ। ਢੀਂਡਸਾ ਅਤੇ ਉਨ੍ਹਾਂ ਦੇ ਸਾਥੀ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਵੀ ਬਾਦਲਾਂ ‘ਤੇ ਨਿਸ਼ਾਨੇ ਸੇਧ ਰਹੇ ਹਨ।

Share this Article
Leave a comment