ਪਿੰਡ ਪਠਲਾਵਾ ਦੀ ਬਦਨਾਮੀ ਤੇ ਗਿਆਨੀ ਬਲਦੇਵ ਸਿੰਘ

TeamGlobalPunjab
6 Min Read

-ਅਵਤਾਰ ਸਿੰਘ

ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਇਸ ਦੇ ਮਾਝਾ, ਮਾਲਵਾ, ਦੋਆਬਾ ਅਤੇ ਪੁਆਧ ਖੇਤਰ ਆਪੋ ਆਪਣੇ ਪੱਧਰ ‘ਤੇ ਰਾਜ ਤੇ ਦੇਸ਼ ਦੀ ਤਰੱਕੀ ਵਿਚ ਬਣਦਾ ਹਿੱਸਾ ਪਾਉਂਦੇ ਆ ਰਹੇ ਹਨ। ਮਾਲਵਾ ਅਤੇ ਮਾਝੇ ਦੇ ਲੋਕਾਂ ਕੋਲ ਜ਼ਮੀਨਾਂ ਕਾਰਨ ਉਹ ਸ਼ੁਰੂ ਤੋਂ ਹੀ ਖੇਤੀ ਧੰਦੇ ਨਾਲ ਜੁੜੇ ਹੋਏ ਹਨ। ਇਸੇ ਤਰ੍ਹਾਂ ਪੁਆਧ ਤੇ ਦੋਆਬੇ ਦੇ ਲੋਕਾਂ ਕੋਲ ਜ਼ਮੀਨ ਘੱਟ ਹੋਣ ਕਾਰਨ ਉਹ ਨੌਕਰੀ ਪੇਸ਼ਾ ਜਾਂ ਹੋਰ ਧੰਦਿਆਂ ਨਾਲ ਜੁੜੇ ਹੋਏ ਹਨ। ਪਰ ਦੋਆਬੇ ਦੇ ਲੋਕਾਂ ਨੇ 60ਵਿਆਂ ਤੋਂ ਹੀ ਵਿਦੇਸ਼ ਵਿਚ ਜਾ ਕੇ ਰੁਜ਼ਗਾਰ ਕਰਨਾ ਸ਼ੁਰੂ ਕਰ ਦਿੱਤਾ।

ਪਹਿਲਾਂ ਉਹ ਅਫ਼ਰੀਕਾ ਗਏ। ਉਸ ਤੋਂ ਬਾਅਦ ਗਦਾਫੀ ਦੀਆਂ ਜਿਆਦਤੀਆਂ ਕਾਰਨ ਉਨ੍ਹਾਂ ਨੂੰ ਅਫ਼ਰੀਕਾ ਛੱਡ ਕੇ ਇੰਗਲੈਂਡ ਜਾਂ ਹੋਰ ਦੇਸ਼ਾਂ ਵਿੱਚ ਜਾਣਾ ਪਿਆ। ਇਨ੍ਹਾਂ ਹਿੰਮਤੀ ਦੋਅਬੀਆਂ ਨੇ ਹਿੰਮਤ ਨਹੀਂ ਹਾਰੀ। ਇਨ੍ਹਾਂ ਦੇਸ਼ਾਂ ਵਿੱਚ ਸਖਤ ਮੇਹਨਤ ਕਰਕੇ ਚੰਗੇ ਪੈਸੇ ਕਮਾ ਕੇ ਆਪਣੇ ਆਪਣੇ ਪਿੰਡਾਂ ਵਿੱਚ ਵੱਡੀਆਂ ਵੱਡੀਆਂ ਕੋਠੀਆਂ ਉਸਾਰ ਕੇ ਚਰਚਾ ਵਿਚ ਆਏ। ਕਈ ਪ੍ਰਵਾਸੀ ਪੰਜਾਬੀਆਂ ਨੇ ਸੂਬੇ ਦੇ ਕਈ ਪਿੰਡਾਂ ਦੀ ਨੁਹਾਰ ਵੀ ਬਦਲੀ। ਪਿੰਡਾਂ ਦੇ ਕਈ ਧਾਰਮਿਕ ਅਸਥਾਨਾਂ ਲਈ ਦਾਨ ਭੇਜ ਕੇ ਉਨ੍ਹਾਂ ਦੀ ਸ਼ੋਭਾ ਹੋਰ ਵਧਾ ਦਿੱਤੀ। ਬਹੁਤ ਸਾਰੇ ਧਾਰਮਿਕ ਅਸਥਾਨਾਂ ਦੇ ਮੁਖੀ ਹਰ ਸਾਲ ਵਿਦੇਸ਼ ਰਹਿੰਦੇ ਸ਼ਰਧਾਲੂਆਂ ਕੋਲ ਜਾ ਕੇ ਦਾਨ ਵੀ ਇਕੱਠਾ ਕਰਕੇ ਲਿਆਉਂਦੇ ਰਹਿੰਦੇ ਹਨ। ਦੋਆਬੇ ਨਾਲ ਜੁੜੇ ਪ੍ਰਵਾਸੀ ਪੰਜਾਬੀ ਦਿਲ ਖੋਲ੍ਹ ਕੇ ਦਾਨ ਦਿੰਦੇ ਹਨ।

ਦਾਨ ਦੀ ਇਸ ਪਿਰਤ ਅਧੀਨ ਪਿਛਲੇ ਦਿਨੀਂ ਦੋਆਬੇ ਦੇ ਬੰਗਾ ਅਧੀਨ ਪੈਂਦੇ ਪਿੰਡ ਪਠਲਾਵਾ ਦੇ ਧਾਰਮਿਕ ਅਸਥਾਨ ਦੇ ਮੁਖੀ ਗਿਆਨੀ ਬਲਦੇਵ ਸਿੰਘ ਆਮ ਵਾਂਗ ਆਪਣੇ ਵਿਦੇਸ਼ ਦੌਰੇ ‘ਤੇ ਗਏ ਹੋਏ ਸਨ। ਇਲਾਕੇ ਵਿਚ ਗਿਆਨੀ ਜੀ ਦੀ ਚੰਗੀ ਪੁੱਛ-ਪ੍ਰਤੀਤ ਸੀ। ਹਰ ਨਿਆਣਾ ਸਿਆਣਾ ਉਨ੍ਹਾਂ ਅੱਗੇ ਹੱਥ ਜੋੜਦਾ ਸੀ। ਉਹ ਵੀ ਅੱਗੋਂ ਫਤਹਿ ਬੁਲਾ ਕੇ ਸਰਬਤ ਦਾ ਭਲਾ ਮੰਗਦੇ ਰਹਿੰਦੇ ਸਨ।

- Advertisement -

ਜਰਮਨੀ ਅਤੇ ਇਟਲੀ ਦਾ ਗੇੜਾ ਕੱਢ ਕੇ ਆਉਣ ਤੋਂ ਬਾਅਦ ਉਹ ਆਮ ਵਾਂਗ ਆਪਣੇ ਸ਼ਰਧਾਲੂਆਂ ਵਿਚ ਵਿਚਰਦੇ ਰਹੇ। ਚੀਨ ਦੇ ਸ਼ਹਿਰ ਵੁਹਾਨ ਤੋਂ ਫੈਲੀ ਭਿਆਨਕ ਤੇ ਲਾਗ ਦੀ ਬਿਮਾਰੀ ਕੋਰੋਨਾ ਵਾਇਰਸ ਤੋਂ ਉਹ ਪੀੜਤ ਹੋ ਗਏ। ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਉਨ੍ਹਾਂ ਨੂੰ ਕਿਸੇ ਨਾਮੁਰਾਦ ਬਿਮਾਰੀ ਨੇ ਘੇਰ ਲੈਣਾ ਹੈ ਤੇ ਗਿਆਨੀ ਬਲਦੇਵ ਸਿੰਘ ਦੀ ਮੌਤ ਇੰਨੀ ਵੱਡੀ ਚਰਚਾ ਦਾ ਵਿਸ਼ਾ ਬਣ ਜਾਵੇਗੀ। ਨੌਬਤ ਇਥੋਂ ਤਕ ਆ ਗਈ ਕਿ ਨੇੜਲੇ ਕਰੀਬ 15 ਪਿੰਡਾਂ ਵਿਚ ਲੋਕਾਂ ਦਾ ਆਉਣਾ ਜਾਣਾ ਬੰਦ ਕਰ ਦਿੱਤਾ ਗਿਆ। ਕੁਝ ਹੀ ਦਿਨਾਂ ਵਿਚ ਪੰਜਾਬ ਦਾ ਇਹ ਪਿੰਡ ਅੰਤਰਰਾਸ਼ਟਰੀ ਪੱਧਰ ‘ਤੇ ਚਰਚਾ ਵਿੱਚ ਆ ਗਿਆ।

ਬਿਮਾਰੀ ਦੀ ਲਾਗ ਅੱਗੇ ਵਧਣ ਤੋਂ ਰੋਕਣ ਲਈ ਲੋਕਾਂ ਨੂੰ ਅੰਦਰ ਡੱਕ ਦਿੱਤਾ ਗਿਆ। ਲੋਕ ਜਹਾਨੋਂ ਗਏ ਗਿਆਨੀ ਬਲਦੇਵ ਸਿੰਘ ਨੂੰ ਬੁਰਾ ਭਲਾ ਕਹਿਣ ਲੱਗੇ। ਅਜਿਹੇ ਮਾਹੌਲ ਵਿਚ ਕਈ ਤਮਾਸ਼ਬੀਨ ਵੀ ਸਿਰ ਚੁੱਕ ਲੈਂਦੇ ਹਨ।
ਦੋਆਬੇ ਦੇ ਇਸ ਪਿੰਡ ਦੀ ਬਦਨਾਮੀ ਦੇ ਕਈ ਗਵਈਆਂ ਨੇ ਗੀਤ ਵੀ ਬਣਾ ਲਏ। ਹੌਲੀ ਹੌਲੀ ਪਿੰਡਾਂ ਦੇ ਵਸਨੀਕਾਂ ਤੇ ਨੌਜਵਾਨਾਂ ਨੂੰ ਇਸ ਸੰਕਟ ਦੀ ਘੜੀ ਵਿਚ ਇਹ ਬਦਨਾਮੀ ਚੰਗੀ ਨਾ ਲੱਗੀ। ਇਸ ਨੂੰ ਰੋਕਣ ਲਈ ਪਿੰਡ ਪਠਲਾਵਾ ਦੇ ਨੌਜਵਾਨਾਂ ਨੇ ਸ਼ੋਸ਼ਲ ਮੀਡੀਆ ‘ਤੇ ਚੱਲ ਰਹੇ ਗਿਆਨੀ ਬਲਦੇਵ ਸਿੰਘ ਦੇ ਜ਼ਿਕਰ ਵਾਲੇ ਗੀਤ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ।
ਨੌਜਵਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਅਪੀਲ ਕਰਦਿਆਂ ਇਸ ਦੇ ਗਾਇਕ ਸਿੱਧੂ ਮੂਸੇਵਾਲਾ ਖਿਲਾਫ਼ ਕਰਵਾਈ ਦੀ ਵੀ ਮੰਗ ਕੀਤੀ ਹੈ। ਨੌਜਵਾਨਾਂ ਨੇ ਇਹ ਮੰਗ ਆਵਾਜ਼ ਰਿਕਾਰਡ ਕਰਕੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ।

ਇਹਨਾਂ ਨੌਜਵਾਨਾ ਦਾ ਕਹਿਣ ਹੈ ਕਿ ਗਿਆਨੀ ਬਲਦੇਵ ਸਿੰਘ ਦੀ ਕਰੋਨਾ ਨਾਲ ਹੋਈ ਮੌਤ ਨੂੰ ਲੈ ਕੇ ਪਿੰਡ ਪਠਲਾਵਾ ਦੀ ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਹੀ ਬਦਨਾਮੀਂ ਮੰਦਭਾਗੀ ਹੈ। ਇਸ ਤੋਂ ਪਹਿਲਾਂ ਮ੍ਰਿਤਕ ਬਲਦੇਵ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਲੋਂ ਵੀ ਇਹ ਮੰਗ ਕੀਤੀ ਗਈ ਸੀ। ਇਹ ਪੱਖ ਵੀ ਰੱਖਿਆ ਕਿ ਬਲਦੇਵ ਸਿੰਘ ਦੀ ਵਤਨ ਵਾਪਸੀ ਵੇਲੇ ਹੋਈ ਸਕਰੀਨਿੰਗ ਸਮੇਂ ਕਰੋਨਾ ਸਬੰਧੀ ਧਿਆਨ ਨਾ ਰੱਖਣ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਇਸ ਮੁੱਦੇ ‘ਤੇ ਪਿੰਡ ਦੇ ਸਰਪੰਚ ਹਰਪਾਲ ਸਿੰਘ ਜੋ ਕਿ ਖੁਦ ਕਰੋਨਾ ਪੀੜਤ ਹਨ ਨੇ ਵੀ ਮੰਗ ਕੀਤੀ ਕਿ ਇਸ ਸੰਕਟ ਦੀ ਘੜੀ ‘ਚ ਸ਼ੋਸ਼ਲ ਮੀਡੀਆ ‘ਤੇ ਪਿੰਡ ਅਤੇ ਗਿਆਨੀ ਬਲਦੇਵ ਸਿੰਘ ਦੀ ਕੀਤੀ ਜਾ ਰਹੀ ਬਦਨਾਮੀ ਰੋਕੀ ਜਾਵੇ।

ਪਿੰਡ ਵਾਸੀਆਂ ਨੂੰ ਤਾਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਲੋਕ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਹਨ। ਪਿੰਡ ਪਠਲਾਵਾ ਦੇ ਕਿਸਾਨ ਸੁਖਵਿੰਦਰ ਸਿੰਘ ਤੇ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਆਲੂਆਂ ਨਾਲ ਭਰੀਆਂ ਟਰਾਲੀਆਂ ਖ਼ਰਾਬ ਹੋ ਰਹੀਆਂ ਹਨ। ਪਿੰਡ ਵਾਸੀ ਅਮਰਦੀਪ ਸਿੰਘ ਤੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਿੰਡ ਵਾਲਿਆਂ ਨੂੰ ਜ਼ਰੂਰੀ ਕੰਮ ਬਾਹਰ ਜਾਣ ਲਈ ਪਾਸ ਨਹੀਂ ਬਣ ਰਿਹਾ। ਉਨ੍ਹਾਂ ਕਿਹਾ ਕਿ ਪਿੰਡ ‘ਚੋਂ ਨਵੀਂ ਲਿਸਟ ਬਣਾ ਕੇ ਪ੍ਰਸ਼ਾਸ਼ਨ ਨੂੰ ਦਿੱਤੀ ਜਾ ਚੁੱਕੀ ਹੈ ਜਿਸ ਦੀ ਸੈਂਪਲਿੰਗ ਕਰਨ ਦੀ ਵੀ ‘ਉਡੀਕ’ ਕੀਤੀ ਜਾ ਰਹੀ ਹੈ।

ਉਧਰ ਰਿਪੋਰਟਾਂ ਮੁਤਾਬਿਕ ਬੰਗਾ ਦੇ ਉਪ ਮੰਡਲ ਮੈਜਿਸਟ੍ਰੇਟ ਗੌਤਮ ਜੈਨ ਨੇ ਦੱਸਿਆ ਕਿ ਪਿੰਡ ਪਠਲਾਵਾ ਵਾਸੀਆਂ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਪ੍ਰਸ਼ਾਸ਼ਨ ਵਲੋਂ ਹਰ ਪੂਰੀ ਸਹਾਇਤਾ ਕੀਤੀ ਜਾ ਰਹੀ ਹੈ। ਪਿੰਡ ਵਲੋਂ ਕੋਈ ਸਮੱਸਿਆ ਉਹਨਾਂ ਦੇ ਧਿਆਨ ‘ਚ ਨਹੀਂ ਆਈ। ਪਾਸ ਬਣਾਉਣ ਵਾਲੇ ਮਾਮਲੇ ‘ਚ ਇਸ ਸਬੰਧੀ ਮਨਾਹੀ ਦੀਆਂ ਹਦਾਇਤਾਂ ਹਨ। ਹੁਣ ਇਸ ਵਿਚ ਗਿਆਨੀ ਬਲਦੇਵ ਸਿੰਘ ਜਾਂ ਬਾਕੀ ਪਿੰਡ ਵਾਸੀਆਂ ਦਾ ਕੀ ਕਸੂਰ ਹੈ। ਇਸ ਦੀ ਜੜ੍ਹ ਤਕ ਜਾਣ ਦੀ ਲੋੜ ਹੈ।

- Advertisement -
Share this Article
Leave a comment