ਕਟਿਹਾਰ (ਬਿਹਾਰ) : ਇੰਝ ਜਾਪਦਾ ਹੈ ਜਿਵੇਂ ਸੁਪਰੀਮ ਕੋਰਟ ਦੀ ਸਖਤੀ ਤੋਂ ਬਾਅਦ ਚੋਣ ਕਮਿਸ਼ਨ ਹਰ ਉਸ ਸਿਆਸਤਦਾਨ ਨੂੰ ਕਾਨੂੰਨ ਦਾ ਪਾਠ ਪੜਾਉਣ ‘ਤੇ ਉਤਾਰੂ ਹੋ ਗਿਆ ਹੈ ਜਿਸ ਨੂੰ ਉਹ ਲੋਕਤੰਤਰ ਲਈ ਖਤਰਾ ਮੰਨਦਾ ਹੈ। ਪਹਿਲਾਂ ਜੋਗੀ ਅੱਦਿਤਆਨਾਥ, ਮੇਨਕਾ ਗਾਂਧੀ, ਮਾਇਆਵਤੀ ਤੇ ਫਿਰ ਆਜ਼ਮ ਖਾਨ ਵਰਗੇ ਲੋਕਾਂ ਦੇ ਚੋਣ ਪ੍ਰਚਾਰ ‘ਤੇ ਰੋਕ ਲਾਉਣ ਵਾਲੀ ਸਜ਼ਾ ਸੁਣਾਉਣ ‘ਤੋਂ ਬਾਅਦ ਹੁਣ ਕਮਿਸ਼ਨ ਨੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੂੰ ਵੀ ਲਪੇਟੇ ਵਿੱਚ ਲੈ ਲਿਆ ਹੈ। ਸਿੱਧੂ ‘ਤੇ ਤਾਂ ਬਿਹਾਰ ਦੇ ਮੁੱਖ ਚੋਣ ਅਧਿਕਾਰੀ ਐਚ ਆਰ ਸ੍ਰੀਨਿਵਾਸ ਨੇ ਝਗੜੇ ਵਾਲਾ ਬਿਆਨ ਦੇਣ ਦੇ ਦੋਸ਼ ਤਹਿਤ ਕਾਨੂੰਨ ਦੀ ਧਾਰਾ 123(3) ਤਹਿਤ ਪਰਚਾ ਹੀ ਦਰਜ ਕਰਵਾ ਦਿੱਤਾ ਹੈ। ਇਹ ਧਾਰਾ ਕਿਸੇ ਵੀ ਸਿਆਸਤਦਾਨ ਵੱਲੋਂ ਦੇਸ਼ ਦੇ ਨਾਗਰਿਕਾਂ ਨੂੰ ਜਾਤ, ਧਰਮ, ਭਾਸ਼ਾ ਤੇ ਫਿਰਕੇ ਦੇ ਅਧਾਰ ‘ਤੇ ਦੁਸ਼ਮਣੀ ਤੇ ਨਫਰਤ ਵਧਾਉਣ ਦੇ ਉਪਰਾਲਿਆਂ ਨੂੰ ਰੋਕਦੀ ਹੈ।
ਦਰਅਸਲ ਹੋਇਆ ਇੰਝ ਕਿ ਨਵਜੋਤ ਸਿੰਘ ਸਿੱਧੂ ਕਾਂਗਰਸੀ ਉਮੀਦਵਾਰ ਤਾਰਿਕ ਅਨਵਰ ਦੇ ਪੱਖ ‘ਚ ਚੋਣ ਪ੍ਰਚਾਰ ਕਰਨ ਬਿਹਾਰ ਦੇ ਕਟਿਹਾਰ ਇਲਾਕੇ ਵਿੱਚ ਪਹੁੰਚੇ ਸਨ। ਜਿੱਥੇ ਬੋਲਦਿਆਂ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਖੂਬ ਨਿਸ਼ਾਨੇ ਸਾਧੇ। ਸਿੱਧੂ ਨੇ ਮੋਦੀ ‘ਤੇ ਆਪਣਾ ਬਿਆਨ ਦਾਗਦਿਆਂ ਕਿਹਾ, ਕਿ ਜੇਕਰ ਮੋਦੀ ਨੂੰ ਹਰਾਉਣਾ ਹੈ ਤਾਂ ਮੁਸਲਮਾਨਾਂ ਨੂੰ ਇੱਕਜੁੱਟ ਹੋ ਕੇ ਵੋਟਾਂ ਪਾਉਣੀਆਂ ਪੈਣਗੀਆਂ। ਸਿੱਧੂ ਨੇ ਆਪਣੇ ਇਸ ਬਿਆਨ ‘ਚ ਕਿਹਾ ਸੀ ਕਿ ਉਹ ਮੁਸਲਮਾਨ ਭਾਈਚਾਰੇ ਨੂੰ ਚਿਤਾਵਨੀ ਦੇਣ ਆਏ ਹਨ, ਕਿ ਇਹ ਲੋਕ ਓਵੈਸੀ ਜਿਹੇ ਬੰਦਿਆਂ ਨੂੰ ਨਾਲ ਲੈ ਕੇ ਤੁਹਾਨੂੰ ਵੰਡ ਕੇ ਆਪ ਜਿੱਤਣਾ ਚਾਹੁੰਦੇ ਹਨ। ਪਰ ਤੁਹਾਨੂੰ ਇੱਕਜੁੱਟ ਹੋਣਾ ਹੀ ਪਵੇਗਾ। ਜੇਕਰ ਅਜਿਹਾ ਹੋਇਆ ਤਾਂ ਮੋਦੀ ਦੀ ਹਾਰ ਤੈਅ ਹੈ। ਨਵਜੋਤ ਸਿੰਘ ਸਿੱਧੂ ਦੇ ਇਸ ਬਿਆਨ ਤੋਂ ਬਾਅਦ ਬਿਹਾਰ ਭਾਜਪਾ ਦੇ ਉਪ ਪ੍ਰਧਾਨ ਦਵਿੰਦਰ ਕੁਮਾਰ ਨੇ ਸਿੱਧੂ ਖਿਲਾਫ ਸ਼ਿਕਾਇਤ ਕੀਤੀ, ਜਿਸ ‘ਤੇ ਕਾਰਵਾਈ ਕਰਦਿਆਂ ਚੋਣ ਕਮਿਸ਼ਨ ਨੇ ਸਿੱਧੂ ਦੇ ਬਿਆਨ ਦੀ ਵੀਡੀਓ ਫੂਟੇਜ ਮੰਗਾਈ ਤੇ ਉਸ ਵੀਡੀਓ ਦੇ ਅਧਾਰ ‘ਤੇ ਜਿਲ੍ਹਾ ਪ੍ਰਸ਼ਾਸਨ ਨੇ ਗੁਰੂ (ਸਿੱਧੂ) ਖਿਲਾਫ਼ ਐਫਆਈਆਰ ਦਰਜ ਕਰਵਾਈ ਹੈ।