ਚੰਡੀਗੜ੍ਹ – ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਟੇਟ ਵੱਲੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਕੇਸਾਂ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਵਾਰ ਫੇਰ ਤੋਂ ਸਮਾਂ ਮੰਗੇ ਜਾਣ ‘ਤੇ ਬਿਆਨ ਜਾਰੀ ਕੀਤਾ ਹੈ ।
ਸੁਖਪਾਲ ਖਹਿਰਾ ਨੇ ਆਪਣੇ ਟਵਿੱਟਰ ਹੈਂਡਲ ਤੇ ਇਕ ਪੋਸਟ ਪਾ ਕੇ ਕਿਹਾ ਕਿ “ਸੈਣੀ ਦੇ ਮਾਮਲੇ ‘ਚ ਸਮਾਂ ਮੰਗਿਆ ਗਿਆ। ਮੈਂ ‘ਆਪ’ ਸਰਕਾਰ ਵਲੋੰ ਬੇਅਦਬੀ ਅਤੇ ਬਹਿਬਲ ਹੱਤਿਆਕਾਂਡ ਦੇ ਸਨਸਨੀਖੇਜ਼ ਮਾਮਲਿਆਂ ‘ਚ ਅਦਾਲਤ ਤੋਂ ਸਮਾਂ ਮੰਗਣ ‘ਤੇ ਹੈਰਾਨ ਹਾਂ, ਖਾਸ ਕਰਕੇ ਹਦੋੰ ਸੁਪਰੀਮ ਕੋਰਟ ਵੱਲੋਂ ਸੈਣੀ ਨੂੰ ਦਿੱਤੀ ‘ਬਲੈਂਕੇਟ ਬੇਲ’ ਤੇ ਚਿੰਤਾ ਜਤਾਈ ਗਈ ਹੈ”
https://twitter.com/sukhpalkhaira/status/1507181668309774345?s=21
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸੈਣੀ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ‘ਤੇ ਚੱਲ ਰਹੇ ਮਾਮਲਿਆਂ ਨੂੰ ਲੈ ਕੇ ਪੰਜਾਬ ਸਟੇਟ ਨੇ ਇੱਕ ਵਾਰ ਫਿਰ ਸਮਾਂ ਮੰਗਿਆ ਹੈ। ਸਰਕਾਰੀ ਵਕੀਲ ਨੇ ਕੋਰਟ ਵਿੱਚ ਕਿਹਾ ਕਿ ਨਵੇਂ ਐਡਵੋਕੇਟ ਜਨਰਲ ਦੀ ਨਿਯੁਕਤੀ ਹੋਣ ਦੀ ਵਜ੍ਹਾ ਨਾਲ ਅਜੇ ਉਨ੍ਹਾਂ ਨੂੰ ਕੋਈ ਅਧਿਕਾਰਤ ਨਿਰਦੇਸ਼ ਨਹੀਂ ਜਾਰੀ ਹੋਏ ਹਨ, ਇਸ ਲਈ ਅਦਾਲਤ ਵਲੋਂ ਉਨ੍ਹਾਂ ਨੂੰ ਕੁਝ ਦਿਨਾਂ ਦਾ ਸਮਾਂ ਦਿੱਤਾ ਜਾਵੇ।
ਪਿਛਲੇ ਦਿਨੀਂ ਹਾਈ ਕੋਰਟ ਤੋੰ ਸੈਣੀ ਨੂੰ ਮਿਲੀ ਬਲੈਂਕੇਟ ਬੇਲ ਤੇ ਸੁਪਰੀਮ ਕੋਰਟ ਨੇ ਟਿੱਪਣੀ ਕਰਦਿਆਂ ਕਿਹਾ ਸੀ ਇਹ ਬਹੁਤ ਹੀ ਹੈਰਾਨੀਜਨਕ ਗੱਲ ਹੈ ਕਿ ਇੱਕ ਵਿਅਕਤੀ ਨੂੰ ਜਿਹੜੇ ਕੇਸ ਅਜੇ ਉਸ ਤੇ ਹੋਏ ਵੀ ਨਹੀਂ ਤੇ ਓੁਨ੍ਹਾਂ ‘ਚ ਵੀ ‘ਬਲੈਂਕੇਟ ਬੇਲ’ ਮਿਲ ਗਈ ਹੈ। ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਹੁਕਮ ਜਾਰੀ ਕੀਤੇ ਸਨ ਕਿ 15 ਦਿਨਾਂ ਦੇ ਵਿੱਚ ਇਨ੍ਹਾਂ ਮਾਮਲਿਆਂ ਦਾ ਨਿਪਟਾਰਾ ਕੀਤਾ ਜਾ ਸਕਦਾ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਅਵਨੀਸ਼ ਝੀਂਗਣ ਨੇ ਵੀ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਅਨੁਸਾਰ 15 ਦਿਨਾਂ ਵਿੱਚ ਇਨ੍ਹਾਂ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਸਾਬਕਾ ਡੀ ਜੀ ਪੀ ਸੈਣੀ ਤੇ ਲੰਮੇ ਸਮੇਂ ਤੋਂ ਚਲ ਰਹੇ ਮਾਮਲਿਆਂ ‘ਚ ਉਨ੍ਹਾਂ ਨੂੰ ਬਹੁਤੀ ਵਾਰ ਇਸ ਗੱਲ ਤੇ ਰਾਹਤ ਮਿਲਦੀ ਰਹੀ ਹੈ ਕਿ ਉਨ੍ਹਾਂ ਤੇ ਰਾਜਸੀ ਬਦਲਾਖੋਰੀ ਤਹਿਤ ਕੇਸ ਦਰਜ ਕੀਤੇ ਗਏ ਹਨ ਤੇ ਤਕਰੀਬਨ ਸਾਰੇ ਕੇਸ ਉਨ੍ਹਾਂ ਦੀ ਨੈਕਰੀ ਦੇ ਦੌਰਾਨ ਕੀਤੇ ਗਏ ਸਨ। ਪਰ ਯਾਦ ਰਹੇ ਕੁੱਛ ਸਮਾਂ ਪਹਿਲਾਂ ਆਮਦਨ ਤੋਂ ਵੱਧ ਜਇਦਾਦ ਦਾ ਇੱਕ ਮਾਮਲਾ ਬਾਅਦ ‘ਚ ਦਰਜ ਕੀਤਾ ਗਿਆ ਹੈ।