ਕੁਲਵੰਤ ਸਿੰਘ
ਚੰਡੀਗੜ੍ਹ : ਇੱਕ ਪਾਸੇ ਜਿੱਥੇ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਭਾਰਤੀ ਸੈਨਿਕਾਂ ਦੀ ਸ਼ਹਾਦਤ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸੋਗ ਦਾ ਮਾਹੌਲ ਹੈ ਉੱਥੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਸਿਰਫ ਇਸ ਲਈ ਮੋਰਚਾ ਖੋਲ ਦਿੱਤਾ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਦਾ ਸਿੱਧਾ ਵਿਰੋਧ ਕਿਉਂ ਨਹੀਂ ਕੀਤਾ? ਹਾਲਾਤ ਇਹ ਹਨ ਕਿ ਇਨ੍ਹਾਂ ਭਾਜਪਾਈਆਂ ਨੇ ਇਕੱਠਿਆਂ ਹੋ ਕਿ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਪੋਸਟਰ ‘ਤੇ ਕਾਲਖ਼ ਮਲੀ ਤੇ ਉਸ ਤੋਂ ਬਾਅਦ ਇਹ ਬਿਆਨ ਦਿੱਤਾ ਕਿ ਉਹ ਸਿੱਧੂ ‘ਤੇ ਵੀ ਕਾਲਖ਼ ਸੁੱਟਣਗੇ। ਇਸ ਸਾਰੇ ਵਰਤਾਰੇ ਨੂੰ ਚੁੱਪਚਾਪ ਦੇਖਣ ਵਾਲੇ ਮਾਹਰ ਇਹ ਸਵਾਲ ਕਰਦੇ ਹਨ ਕਿ ਕੋਈ ਕਿਸੇ ਤੋਂ ਆਪਣੀ ਮਨ ਮਰਜ਼ੀ ਦਾ ਬਿਆਨ ਦਵਾਉਣ ਲਈ ਕਿਸੇ ਨੂੰ ਕਿਵੇਂ ਮਜਬੂਰ ਕਰ ਸਕਦਾ ਹੈ? ਕੀ ਭਾਰਤੀ ਕਾਨੂੰਨ ਇਸ ਦੀ ਇਜ਼ਾਜਤ ਦਿੰਦਾ ਹੈ? ਇੱਥੇ ਸਵਾਲ ਇਹ ਵੀ ਹੈ ਕਿ, ਕੀ ਇਹ ਦੇਸ਼ ਭਗਤੀ ਹੈ ਜਾਂ ਸਿਆਸਤ? ਜਿਸ ਬਾਰੇ ਮਾਹਰ ਜਵਾਬ ਦਿੰਦੇ ਹਨ ਕਿ ਭਾਜਪਾਈਆਂ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਹੁਣ ਕੀਤਾ ਜਾ ਰਿਹਾ ਵਿਰੋਧ ਕੋਰੀ ਸਿਆਸਤ ਤੋਂ ਵੱਧ ਹੋਰ ਕੁਝ ਨਹੀਂ, ਕਿਉਂਕਿ ਜਿਸ ਤਰ੍ਹਾਂ ਪਿਛਲੇ ਸਮੇਂ ‘ਚ ਹੋਈਆਂ ਚੋਣਾਂ ਦੌਰਾਨ ਸਿੱਧੂ ਨੇ 3 ਰਾਜਾਂ ‘ਚ ਭਾਜਪਾ ਨੂੰ ਹਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਉਸ ਨੂੰ ਦੇਖਦਿਆਂ ਮੋਦੀ ਸੈਨਾ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਸਿੱਧੂ ਨੂੰ ਵੱਡਾ ਖਤਰਾ ਮੰਨਦੀ ਹੈ। ਲਿਹਾਜ਼ਾ ਇਸ ਮੁੱਦੇ ਨੂੰ ਵੱਧ ਤੋਂ ਵੱਧ ਹਵਾ ਦਿੱਤੀ ਜਾ ਰਹੀ ਹੈ ਤਾਂ ਕਿ ਸਿਆਸੀ ਤੌਰ ‘ਤੇ ਸਿੱਧੂ੍ ਨੂੰ ਦੱਬ ਲਿਆ ਜਾਵੇ।
ਦੱਸ ਦਈਏ ਕਿ ਪੁਲਵਾਮਾ ਹਮਲੇ ਵਿੱਚ ਭਾਰਤੀ ਸੈਨਾ ਦੇ 44 ਜਵਾਨ ਸ਼ਹੀਦ ਤੇ 22 ਦੇ ਕਰੀਬ ਗੰਭੀਰ ਜ਼ਖਮੀ ਹੋਏ ਸਨ। ਇਸ ਤੋਂ ਬਾਅਦ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਭਾਵੇਂ ਕਿ ਨਵਜੋਤ ਸਿੱਧੂ ਨੇ ਸਾਫ ਤੌਰ ‘ਤੇ ਕਿਹਾ ਸੀ ਕਿ ਉਹ ਇਸ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਨ ਤੇ ਦੋਸ਼ੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਕਿਉੁਂਕਿ ਅੱਤਵਾਦ ਦਾ ਨਾ ਕੋਈ ਧਰਮ ਹੁੰਦਾ ਹੈ ਤੇ ਨਾ ਕੋਈ ਦੇਸ਼। ਹਾਂ, ਜਦੋਂ ਇੱਕ ਪੱਤਰਕਾਰ ਨੇ ਇਸ ਹਮਲੇ ਦਾ ਅਸਰ ਕਰਤਾਰਪੁਲ ਲਾਂਘੇ ‘ਤੇ ਪੈਣ ਬਾਰੇ ਸਿੱਧੂ ਨੂੰ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਇਸ ਨੂੰ ਜਰੂਰ ਟਾਲ ਦਿੱਤਾ ਸੀ, ਕਿਉਂਕਿ ਮਾਹਰਾਂ ਅਨੁਸਾਰ ਕੋਈ ਵੀ ਸਿੱਖ ਕਿਸੇ ਵੀ ਕਾਰਨਵੱਸ਼ ਇਹ ਲਾਂਘਾ ਬੰਦ ਹੋਣ ਦਾ ਕਾਰਨ ਨਹੀਂ ਬਣਨਾ ਚਾਹੁੰਦਾ ਤੇ ਇਹੋ ਕੁਝ ਸਿੱਧੂ ਨੇ ਵੀ ਕੀਤਾ ।
ਇਸ ਦੇ ਉਲਟ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਮਲੇ ਦੀ ਨਿੰਦਾ ਕਰਨ ਦੇ ਨਾਲ ਨਾਲ ਪਾਕਿਸਤਾਨ ਦੇ ਉਸ ਜਰਨਲ ਬਾਜਵਾ ਦੇ ਖਿਲਾਫ ਦੱਬ ਕੇ ਭੜਾਸ ਕੱਢ ਦਿੱਤੀ ਜਿਸ ਨੂੰ ਪਾਕਿਸਤਾਨ ਜਾ ਕੇ ਨਵਜੋਤ ਸਿੰਘ ਸਿੱਧੂ ਨੇ ਜੱਫੀ ਪਾਈ ਸੀ ਤੇ ਉਸ ਤੋਂ ਬਾਅਦ ਗੁਰਦੁਵਾਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਵਾਲਾ ਰਾਹ ਪੱਧਰਾ ਹੋਇਆ ਸੀ। ਕੈਪਟਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਜਰਨਲ ਨੇ ਪੰਜਾਬ ਵੱਲ ਮੈਲੀ ਅੱਖ ਕਰਕੇ ਵੇਖਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਸਹੀ ਸਬਕ ਸਿਖਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਪਾਕਿਸਤਾਨ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦੀ ਗੱਲ ਕਰਦਾ ਹੈ ਤੇ ਦੂਜ਼ੇ ਪਾਸੇ ਇਹੋ ਜਿਹੇ ਹਮਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਸਾਫ ਤੌਰ ‘ਤੇ ਕਿਹਾ ਕਿ ਇਹ ਸਭ ਪਾਕਿਸਤਾਨੀ ਸੂਹੀਆ ਏਜੰਸੀ ਆਈ ਐਸ ਆਈ ਦੇ ਇਸ਼ਾਰਿਆਂ ‘ਤੇ ਹੋ ਰਿਹਾ ਹੈ ਜੋ ਕਿ ਪੰਜਾਬ ਵਿੱਚ ਰਾਇਸੁਮਾਰੀ 2020 ਦੇ ਨਾਮ ‘ਤੇ ਵੀ ਭਰਮ ਭੁਲੇਖੇ ਪੈਦਾ ਕਰਵਾ ਰਹੀ ਹੈ।
ਇਨ੍ਹਾਂ ਦੋਵਾਂ ਆਗੂਆਂ ਦੇ ਬਿਆਨਾਂ ਨੂੰ ਖ਼ਬਰਾਂ ਵਾਲੇ ਬਹੁਤੇ ਚੈਨਲਾਂ ਨੇ ਅਜਿਹੇ ਤਰੀਕੇ ਦੀ ਹਵਾ ਦਿੱਤੀ ਕਿ ਲੋਕਾਂ ਨੂੰ ਲੱਗਣ ਲੱਗ ਪਿਆ ਕਿ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਵਿਰੁੱਧ ਬਿਆਨ ਨਾ ਦੇ ਕੇ ਦੇਸ਼ ਨਾਲ ਕੋਈ ਬਹੁਤ ਵੱਡਾ ਧ੍ਰੋਹ ਕਮਾਇਆ ਹੈ। ਜਿਸ ਦਾ ਅਸਰ ਇਹ ਹੋਇਆ ਕਿ ਨਵਜੋਤ ਸਿੰਘ ਸਿੱਧੂ ਖਿਲਾਫ ਪਹਿਲਾਂ ਹੀ ਝੰਡਾ ਚੁੱਕੀ ਫਿਰਦੇ ਲੋਕਾਂ ਨੂੰ ਮੌਕਾ ਮਿਲ ਗਿਆ ਤੇ ਉਨ੍ਹਾਂ ਨੇ ਸਿੱਧੂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਇਸ ਤੁਰੰਤ ਬਾਅਦ ਜਿੱਥੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਨਵਜੋਤ ਸਿੱਧੂ ਵਿਰੁੱਧ ਮੁਹਿੰਮ ਛੇੜ ਦਿੱਤੀ ਗਈ, ਜਿਸ ਵਿੱਚ ਭਾਜਪਾ ਵਾਲੇ ਸਭ ਤੋਂ ਮੂਹਰੇ ਸੀ। ਹਾਲਾਤ ਇਹ ਸਨ ਕਿ ਲੁਧਿਆਣਾ ਵਿਖੇ ਤਾਂ ਭਾਜਪਾ ਸਮਰਥਕਾਂ ਵੱਲੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪੋਸਟਰ ‘ਤੇ ਕਾਲਖ ਹੀ ਮਲ ਦਿੱਤੀ ਗਈ । ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਨਵਜੋਤ ਸਿੰਘ ਸਿੱਧੂ ਨਗਰ ਨੇ ਨਿਗਮ ਦੇ ਇੱਕ ਪ੍ਰੋਗਰਾਮ ‘ਚ ਹਿੱਸਾ ਲੈਣ ਲਈ ਲੁਧਿਆਣਾ ਆਉਣਾ ਸੀ। ਇਸ ਸਬੰਧੀ ਸਿੱਧੂ ਦੇ ਪੋਸਟਰ ਲੁਧਿਆਣਾ ਦੀਆਂ ਸੜਕਾਂ ‘ਤੇ ਲਗਾਏ ਗਏ ਸਨ। ਉਨ੍ਹਾਂ ਦੇ ਬਿਆਨਾਂ ਤੋਂ ਭੜਕੇ ਭਾਜਪਾ ਸਮਰਥਕਾਂ ਨੇ ਆਪਣਾ ਗੁੱਸਾ ਸਿੱਧੂ ਦੇ ਪੋਸਟਰ ‘ਤੇ ਕਾਲਖ ਮਲ ਕੇ ਜ਼ਾਹਰ ਕੀਤਾ। ਇੱਥੇ ਹੀ ਬੱਸ ਨਹੀਂ ਪ੍ਰਦਰਸ਼ਨਕਾਰੀਆਂ ਨੇ ਨਵਜੋਤ ਸਿੰਘ ਸਿੱਧੂ ‘ਤੇ ਦੋਸ਼ ਲਾਏ ਕਿ ਇੱਕ ਪਾਸੇ ਤਾਂ ਸਾਡੇ ਦੇਸ਼ ਦੇ 44 ਜਵਾਨ ਸ਼ਹੀਦ ਹੋ ਗਏ ਹਨ, ਤੇ ਨਵਜੋਤ ਸਿੰਘ ਸਿੱਧੂ ਆਪਣੀਆਂ ਯਾਰੀਆਂ ਨਿਭਾਉਣ ‘ਚ ਲੱਗੇ ਹੋਏ ਹਨ। ਇੱਥੇ ਹੀ ਨਵਜੋਤ ਸਿੰਘ ਸਿੱਧੂ ਦੇ ਵਿਰੋਧ ਵਿੱਚ ਕਾਲੀਆਂ ਝੰਡੀਆਂ ਲਈ ਬੈਠੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਜੇ ਤਾਂ ਸਿਰਫ ਪੋਸ਼ਟਰਾਂ ‘ਤੇ ਹੀ ਕਾਲਖ ਮੱਲੀ ਹੈ ਆਉਂਦੇ ਸਮੇਂ ਵਿੱਚ ਨਵਜੋਤ ਸਿੰਘ ਸਿੱਧੂ ‘ਤੇ ਵੀ ਕਾਲਖ ਸੁੱਟੀ ਜਾਵੇਗੀ।
ਹੁਣ ਭਲਾ ਕੋਈ ਇਨ੍ਹਾਂ ਨੂੰ ਪੁੱਛੇ ਕਿ ਉਹ ਸਿੱਧੂ ਨੂੰ ਆਪਣੀ ਮਨ ਮਰਜ਼ੀ ਦਾ ਬਿਆਨ ਦੇਣ ਲਈ ਮਜ਼ਬੂਰ ਕਿਵੇਂ ਕਰ ਸਕਦੇ ਹਨ? ਕੀ ਲੋਕਾਂ ਨੂੰ ਇਹ ਸਮਝ ਆਵੇਗੀ ਕਿ ਇਹ ਸਭ ਸਿਆਸਤ ਤੋਂ ਪ੍ਰੇਰਿਤ ਹੋ ਕੇ ਕੀਤਾ ਜਾ ਰਿਹਾ ਹੈ? ਮਾਹਰਾਂ ਅਨੁਸਾਰ ਬਹੁਤ ਘੱਟ ਲੋਕਾਂ ਨੂੰ ਇਸ ਦੇ ਪਿੱਛੇ ਸਿਆਸਤ ਨਜ਼ਰ ਆਉਣੀ ਹੈ, ਕਿਉਂਕਿ ਦੇਸ਼ ਅੰਦਰ ਸਮਝਦਾਰ ਲਗਾਤਾਰ ਘਟਦੇ ਜਾ ਰਹੇ ਤੇ ਇਹੋ ਕਾਰਨ ਹੈ ਕਿ ਸਾਨੂੰ ਸਮਝ ਹੀ ਨਹੀਂ ਆਉਂਦਾ ਕਿ ਕਿਨ੍ਹਾਂ ਨੂੰ ਵੋਟਾਂ ਪਾ ਕੇ ਸੱਤਾ ਸੌਂਪੀ ਜਾਵੇ। ਦੋਸ਼ ਹੈ ਕਿ ਸਾਡੀ ਅਕਲ ਇੰਨੀ ਦੂਰ ਘਾਹ ਚਰਨ ਚਲੀ ਗਈ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਖਾਤਿਆਂ ਵਿੱਚ 15 ਲੱਖ ਹਾਲੇ ਵੀ ਨਹੀਂ ਆਏ, ਪਰ ਅਸੀਂ ਸਿੱਧੂ ਤੋਂ ਆਪਣੀ ਮਨ ਮਰਜ਼ੀ ਦਾ ਬਿਆਨ ਦਵਾਉਣ ਦੇ ਨਾਅਰਿਆਂ ਦਾ ਸਮਰਥਨ ਜਰੂਰ ਕਰਨਾ ਹੈ। ਕਰੀ ਜਾਓ ! ਇੱਕ ਦਿਨ ਤਾਂ ਸਮਝ ਆਏਗੀ ਹੀ।