ਦਿੱਲੀ ਚੋਣਾਂ: ਸਫਦਰਜੰਗ ਰੋਡ ਅਤੇ ਸ਼੍ਰੋਮਣੀ ਅਕਾਲੀ ਦਲ

TeamGlobalPunjab
4 Min Read

ਅਵਤਾਰ ਸਿੰਘ

ਨਿਊਜ਼ ਡੈਸਕ : ਦਿੱਲੀ ਦਾ ਸਫ਼ਦਰਜੰਗ ਰੋਡ ਮੁਗ਼ਲ ਕਾਲ ਤੋਂ ਹੀ ਸਿਆਸਤ ਦਾ ਕਾਫੀ ਵੱਡਾ ਕੇਂਦਰ ਰਿਹਾ ਹੈ। ਸਫ਼ਦਰਜੰਗ ਦੇ ਪੁੱਤਰ ਨਵਾਬ ਸ਼ੁਜਾਓਦ ਨੇ ਪਿਤਾ ਦੀ ਯਾਦ ਵਿੱਚ ਮਕਬਰਾ ਬਣਵਾਇਆ। ਇਹ ਭਾਰਤ ਵਿਚ ਮੁਗ਼ਲ ਰਾਜ ਦਾ ਆਖਰੀ ਸਮਾਰਕ ਅਤੇ ਖੂਬਸੂਰਤ ਬਾਗ ਹੈ। 1753 ਵਿੱਚ ਸਫ਼ਦਰਜੰਗ ਨੇ ਭਾਵੇਂ ਬੜੀ ਸ਼ਿੱਦਤ ਨਾਲ ਰਾਜ ਕੀਤਾ ਪਰ ਅਦਾਲਤੀ ਰਾਜਨੀਤੀ ਕਾਰਨ ਉਸ ਨੂੰ ਦਿੱਲੀ ਤੋਂ ਨਿਕਾਲਾ ਕੀਤਾ ਗਿਆ ਸੀ। ਆਜ਼ਾਦ ਭਾਰਤ ਵਿੱਚ ਇਸ ਸੜਕ ਦਾ ਨਾਂ ਸਫ਼ਦਰਜੰਗ ਰੱਖ ਦਿੱਤਾ ਗਿਆ।

ਅੱਜ ਕੱਲ੍ਹ ਇਸ ਰੋਡ ‘ਤੇ ਦੇਸ਼ ਦੇ ਵੱਖ ਵੱਖ ਰਾਜਾਂ ਦੇ ਸੰਸਦ ਮੈਂਬਰਾਂ ਦੀ ਰਿਹਾਇਸ਼ ਹੈ ਅਤੇ ਖੂਬ ਸਿਆਸਤ ਹੁੰਦੀ ਹੈ। ਇਸੇ ਰੋਡ ‘ਤੇ ਹੀ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਿਹਾਇਸ਼ ਵੀ ਹੈ। 29 ਜਨਵਰੀ (ਬੁੱਧਵਾਰ) ਨੂੰ ਇਥੇ ਬਹੁਤ ਵੱਡਾ ਸਿਆਸੀ ਡਰਾਮਾ ਹੋਇਆ। ਇਥੇ ਅਕਾਲੀ ਆਗੂਆਂ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਤੇ ਹੋਰ ਲੀਡਰਾਂ ਦੀ ਇਕ ਸਾਂਝੀ ਪ੍ਰੈਸ ਕਾਨਫਰੰਸ ਹੋਈ ਜਿਸ ਵਿਚ ਅਕਾਲੀ ਦਲ ਨੇ ਭਾਜਪਾ ਨੂੰ ਦਿੱਲੀ ਚੋਣਾਂ ਵਿੱਚ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ।

ਇਸ ਤੋਂ ਪਹਿਲਾਂ ਅਕਾਲੀ ਦਲ ਨਾਗਰਿਕਤਾ ਸੋਧ ਕਾਨੂੰਨ ਮੁੱਦੇ ‘ਤੇ ਵੱਖਰੀ ਸੁਰ ਅਲਾਪਦਾ ਰਿਹਾ ਸੀ। ਇਸ ਸਮਰਥਨ ਦੀ ਪ੍ਰਿੰਟ ਮੀਡੀਆ ਅਤੇ ਸੋਸ਼ਲ ਮੀਡੀਆ ਦੇ ਕਈ ਵਰਗਾਂ ਨੇ ‘ਥੁੱਕ ਕੇ ਚੱਟਿਆ’ ਅਤੇ ‘ਅੱਕ ਚੱਬਣ’ ਵਰਗੇ ਅਖਾਣਾਂ ਨਾਲ ਤੁਲਨਾ ਕੀਤੀ। ਇਥੇ ਹੀ ਬਸ ਨਹੀਂ ਬੁੱਧਵਾਰ ਨੂੰ ਹੀ ਦਿੱਲੀ ਦੇ ਹੀ ਪੰਥਕ ਆਗੂ ਅਖਵਾਉਣ ਵਾਲੇ ਅਤੇ ਜਾਗੋ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਵੀ ਭਾਜਪਾ ਨੂੰ ਹਮਾਇਤ ਦੇ ਦਿੱਤੀ ਹੈ। ਦੋਵਾਂ ਵਲੋਂ ਹਮਾਇਤ ਦੇਣ ਦੇ ਬਹੁਤ ਵੱਡੇ ਸਿਆਸੀ ਅਰਥ ਨਿਕਲਦੇ ਹਨ।

- Advertisement -

ਅੱਜ ਕੱਲ੍ਹ ਦਿੱਲੀ ਦੀਆਂ ਚੋਣਾਂ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਜਿੱਤ ਹਾਸਿਲ ਕਰਨ ਲਈ ਸਾਰੇ ਇਕ ਦੂਜੇ ਨੂੰ ਹੇਠਾਂ ਲਾਉਣ ਦੀਆਂ ਗੋਂਦਾਂ ਗੁੰਦ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦਾ ਇਹਨਾਂ ਚੋਣਾਂ ਵਿਚ ਵਕਾਰ ਦਾਅ ‘ਤੇ ਲੱਗਿਆ ਹੋਇਆ ਹੈ। ਕੇਂਦਰ ਦੀ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਹੋਣ ਕਾਰਨ ਪਰ ਦਿੱਲੀ ਵਿਡਾਹਨ ਸਭਾ ਦੀ ਸਰਕਾਰ ਨਾ ਹੋਣ ਕਾਰਨ ਉਹ ਤਰਲੋ ਮੱਛੀ ਹੋ ਰਹੀ ਹੈ।

ਭਾਜਪਾ ਹਰ ਹਰਬਾ ਵਰਤ ਕੇ ਸੱਤਾ ਹਥਿਆਉਣ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਢਾਹੁਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ।

ਹਾਲਾਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਜ਼ੋਰ ਸ਼ੋਰ ਨਾਲ ਕਿਹਾ ਸੀ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ ਕਾਰਨ ਉਹ ਦਿੱਲੀ ਚੋਣਾਂ ਵਿੱਚ ਭਾਜਪਾ ਦਾ ਸਾਥ ਨਹੀਂ ਦੇਣਗੇ ਪਰ ਅੱਜ ਆਪਣਾ ਸਟੈਂਡ ਬਦਲ ਕੇ ਹਮਾਇਤ ‘ਤੇ ਉੱਤਰ ਆਏ ਹਨ। ਇਹਨੂੰ ਵੀ ਸ਼ਇਦ ਅੱਕ ਚੱਬਿਆ ਹੀ ਕਿਹਾ ਜਾਵੇਗਾ।

ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਤੋਂ ਵੱਖ ਹੋਏ ਅਤੇ ਟਕਸਾਲੀਆਂ ਨਾਲ ਭਿਆਲੀ ਪਾਉਣ ਵਾਲੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੀ ਭਾਰਤੀ ਜਨਤਾ ਪਾਰਟੀ ਦੇ ਨਵ ਨਿਯੁਕਤ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੂੰ ਵਧਾਈ ਦੇ ਆਏ ਹਨ। ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਸੋਚਿਆ ਕੇ ਸ਼ਰੀਕਾਂ ਦੇ ਜੱਫੀ ਪਾਉਣ ਤੋਂ ਪਹਿਲਾਂ ਆਪਾਂ ਹੀ ਕਿਉਂ ਨਾ ਸਿਆਸੀ ਲਾਹਾ ਖੱਟ ਲਈਏ ਕਿਓਂਕਿ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਭਾਈਵਾਲੀ ਹੋਣ ਕਾਰਨ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਉਹਨਾਂ ਦੀ ਕਿਤੇ ਵੀ ਬਾਂਹ ਮਰੋੜ ਸਕਦੀ ਹੈ।

ਹਾਲਾਂਕਿ ਪੰਜਾਬ ਵਿੱਚ ਸਿਆਸੀ ਸੰਕੇਤ ਮਿਲਦੇ ਹਨ ਕਿ ਭਾਜਪਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਆਪਣੇ ਗਲੋਂ ਲਾਹੁਣਾ ਚਾਹੁੰਦੀ ਹੈ। ਇਸ ਬਾਰੇ ਭਾਜਪਾ ਦੇ ਕਈ ਆਗੂ ਇਸ਼ਾਰਾ ਵੀ ਕਰ ਚੁਕੇ ਹਨ। ਜਿਸ ਤਰ੍ਹਾਂ ਪਿਛਲੇ ਦਿਨੀਂ ਇਕ ਸਮਾਗਮ ਵਿਚ ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਤਾਂ ਇਥੋਂ ਤਕ ਕਹਿ ਦਿੱਤਾ ਕਿ ਜੇ ਗੁਆਂਢੀ ਰਾਜਾਂ ਹਰਿਆਣਾ ਅਤੇ ਹਿਮਾਚਲ ਵਿਚ ਭਾਜਪਾ ਦੀ ਸਰਕਾਰ ਬਣ ਸਕਦੀ ਫਿਰ ਪੰਜਾਬ ਵਿਚ ਕਿਉਂ ਨਹੀਂ।

- Advertisement -

ਇਸ ਲਈ ਹੁਣ ਦਿੱਲੀ ਦੀਆਂ ਚੋਣਾਂ ਜਿੱਤਣ ਲਈ ਭਾਰਤੀ ਜਨਤਾ ਪਾਰਟੀ ਨੇ ਹਾਲ ਦੀ ਘੜੀ ਭਾਵੇਂ ਅਕਾਲੀ ਦਲ ਨਾਲ ਗਲਵਕੜੀ ਪਾ ਲਈ ਹੋਵੇ ਪਰ ਪੰਜਾਬ ਦੀਆਂ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਰ ਹੀ ਸਿਆਸੀ ਦ੍ਰਿਸ਼ ਉਭਰ ਕੇ ਨਜ਼ਰ ਆਉਂਦਾ ਲਗਦਾ ਹੈ।

Share this Article
Leave a comment