ਕੈਪਟਨ ਅਮਰਿੰਦਰ ਸਿੰਘ ਅੱਜ BJP ‘ਚ ਹੋਣਗੇ ਸ਼ਾਮਿਲ

Rajneet Kaur
3 Min Read

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸਵੇਰੇ 11 ਵਜੇ ਭਾਜਪਾ ਵਿੱਚ ਸ਼ਾਮਲ ਹੋ ਜਾਣਗੇ। ਇਸ ਦੇ ਲਈ ਕੈਪਟਨ ਅਮਰਿੰਦਰ ਸਿੰਘ ਐਤਵਾਰ ਨੂੰ ਹੀ ਦਿੱਲੀ ਪਹੁੰਚ ਗਏ ਸਨ।  ਸੋਮਵਾਰ ਨੂੰ ਕੈਪਟਨ ਆਪਣੇ ਦਰਜਨਾਂ ਸਮੱਰਥਕਾਂ ਨਾਲ ਦਿੱਲੀ ’ਚ ਭਾਜਪਾ ਦੇ ਹੈੱਡਕੁਆਰਟਰ ’ਚ ਅਧਿਕਾਰਤ ਰੂਪ ’ਚ ਭਾਜਪਾ ਦੀ ਮੈਂਬਰਸ਼ਿਪ ਹਾਸਲ ਕਰਨਗੇ। ਕੈਪਟਨ ਦੇ ਨਾਲ ਉਨ੍ਹਾਂ ਦਾ ਬੇਟਾ ਰਣਇੰਦਰ ਸਿੰਘ, ਬੇਟੀ ਜੈ ਇੰਦਰ ਕੌਰ ਹਨ । ਇਸ ਤੋਂ ਇਲਾਵਾ ਉਨ੍ਹਾਂ ਨਾਲ ਸ੍ਰੀ ਮੁਕਤਸਰ ਸਾਹਿਬ ਤੋਂ ਸਾਬਕਾ ਵਿਧਾਇਕ ਕਰਣ ਕੌਰ, ਭਦੌੜ ਤੋਂ ਸਾਬਕਾ ਵਿਧਾਇਕ ਨਿਰਮਲ ਸਿੰਘ ਵੀ ਭਾਜਪਾ ਵਿੱਚ ਸ਼ਾਮਿਲ ਹੋਣਗੇ । ਇਸ ਵੀ ਕਿਆਸਰਾਈਆਂ ਹਨ ਕਿ ਇਨ੍ਹਾਂ ਤੋਂ ਇਲਾਵਾ 6 ਤੋਂ 7 ਸਾਬਕਾ ਵਿਧਾਇਕ ਵੀ ਕੈਪਟਨ ਅਮਰਿੰਦਰ ਸਿੰਘ ਨਾਲ ਭਾਜਪਾ ਵਿੱਚ ਸ਼ਾਮਲ ਹੋਣਗੇ । ਅੱਜ ਅਧਿਕਾਰਕ ਤੌਰ ‘ਤੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਦਾ ਭਾਜਪਾ ਵਿੱਚ ਰਲੇਵਾਂ ਹੋਣ ਜਾ ਰਿਹਾ ਹੈ।

ਦੱਸ ਦੇਈਏ ਕਿ ਭਾਜਪਾ ਪੰਜਾਬ ਵਿੱਚ ਪਾਰਟੀ ਦੇ ਪੁਨਰਗਠਨ ਦੀ ਤਿਆਰੀ ਵਿੱਚ ਹੈ, ਕਿਉਂਕਿ ਮੌਜੂਦਾ ਸਮੇਂ ਵਿੱਚ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਾਰਜਕਾਲ ਖਤਮ ਹੋਣ ਵਾਲਾ ਹੈ। ਅਜਿਹੇ ਵਿੱਚ ਪੰਜਾਬ ਲੋਕ ਕਾਂਗਰਸ ਦਾ ਭਾਜਪਾ ਵਿੱਚ ਰਲੇਵਾਂ ਹੋਣ ਤੋਂ ਬਾਅਦ ਪਾਰਟੀ ਕੈਪਟਨ ਅਤੇ ਉਨ੍ਹਾਂ ਦੇ ਕਰੀਬੀਆਂ ਨੂੰ ਪੰਜਾਬ ਵਿੱਚ ਅਹਿਮ ਜ਼ਿੰਮੇਵਾਰੀਆਂ ਸੌਂਪ ਸਕਦੀ ਹੈ।

80 ਸਾਲਾ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਰੂਪ ’ਚ ਇਹ ਤੀਜੀ ਪਾਰਟੀ ਹੋਵੇਗੀ। 1980 ’ਚ ਕੈਪਟਨ ਪਹਿਲੀ ਵਾਰ ਲੋਕ ਸਭਾ ਚੋਣ ਜਿੱਤੇ ਸਨ। 1984 ’ਚ ਸਾਕਾ ਨੀਲਾ ਤਾਰਾ ਦੇ ਵਿਰੋਧ ’ਚ ਉਨ੍ਹਾਂ ਨੇ ਨਾ ਸਿਰਫ਼ ਲੋਕ ਸਭਾ ਤੋਂ ਬਲਕਿ ਕਾਂਗਰਸ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਮੂਲੀਅਤ ਕਰ ਲਈ ਸੀ। 1985 ’ਚ ਉਹ ਤਲਵੰਡੀ ਸਾਬੋ ਤੋਂ ਚੋਣ ਜਿੱਤੇ। ਬਾਅਦ ’ਚ ਉਹ ਦੁਬਾਰਾ ਕਾਂਗਰਸ ’ਚ ਸ਼ਾਮਲ ਹੋ ਗਏ। 2002 ਤੋਂ ਲੈ ਕੇ 2007 ਤਕ ਉਹ ਪੰਜਾਬ ਦੇ ਮੁੱਖ ਮੰਤਰੀ ਰਹੇ। ਇਸ ਤੋਂ ਬਾਅਦ ਕਾਂਗਰਸ ਨੂੰ ਲਗਾਤਾਰ ਦੋ ਵਾਰ ਵਿਧਾਨ ਸਭਾ ਚੋਣਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ। 2017 ’ਚ ਇਕ ਵਾਰ ਮੁੜ  ਕੈਪਟਨ ਦੀ ਅਗਵਾਈ ’ਚ ਕਾਂਗਰਸ ਨੇ ਪੰਜਾਬ ’ਚ ਸਰਕਾਰ ਬਣਾਈ। ਸਤੰਬਰ 2021 ’ਚ ਕਾਂਗਰਸ ਨੇ ਕੈਪਟਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਲੋਕ ਕਾਂਗਰਸ ਦਾ ਗਠਨ ਕੀਤਾ। 2022 ਦੀਆਂ ਚੋਣਾਂ ’ਚ ਉਨ੍ਹਾਂ ਆਪਣੀ ਪਾਰਟੀ ਤੋਂ ਚੋਣ ਲੜੀ। ਹਾਲਾਂਕਿ ਕੈਪਟਨ ਸਮੇਤ ਉਨ੍ਹਾਂ ਦੀ ਪਾਰਟੀ ਦਾ ਕੋਈ ਵੀ ਨੇਤਾ ਚੋਣ ਜਿੱਤ ਨਹੀਂ ਸਕਿਆ। ਉਦੋਂ ਤੋਂ ਹੀ ਕੈਪਟਨ ਦੀ ਪਾਰਟੀ ਦਾ ਭਾਜਪਾ ’ਚ ਰਲ਼ੇਵਾਂ ਹੋਣ ਦੀ ਚਰਚਾ ਚੱਲ ਰਹੀ ਸੀ ਜੋ ਕਿ ਹੁਣ 19 ਸਤੰਬਰ ਨੂੰ ਪੂਰੀ ਹੋਣ ਜਾ ਰਹੀ ਹੈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment