ਕਿਸਾਨ ਕਾਰਪੋਰੇਟ ਜੰਗ : ਦਸ਼ਾ ਅਤੇ ਦਿਸ਼ਾ (ਸ਼ਾਂਤੀ, ਸਵੈ-ਨਿਰਭਰਤਾ, ਸੰਕੋਚ)

TeamGlobalPunjab
7 Min Read

-ਸੁਰਜੀਤ ਸਿੰਘ ਗਿੱਲ

ਤਿੰਨ ਕਾਲੇ ਕਾਨੂੰਨਾਂ ਤੇ ਦੋ ਬਿੱਲਾਂ ਨੂੰ ਰੱਦ ਕਰਾਉਣ ਲਈ ਦੇਸ਼ ਦੇ ਲੱਖਾਂ ਕਿਸਾਨ 26 ਨਵੰਬਰ ਤੋਂ ਕੜਾਕੇ ਦੀ ਠੰਢ ਵਿੱਚ ਸ਼ਾਂਤਮਈ ਧਰਨੇ ਤੇ ਦਿੱਲੀ ਦੀਆਂ ਹੱਦਾਂ ਤੇ ਡਟੇ ਹਨ। ਹਰਿਆਣਾ ਸਰਕਾਰ ਦੀਆਂ ਭੜਕਾਊ ਕਾਰਵਾਈਆਂ ਦੇ ਬਾਵਜੂਦ ਵੀ ਉਹ ਹਿੰਸਕ ਨਹੀਂ ਹੋਏ । ਕਿਸਾਨ ਆਗੂਆਂ ਨੇ ਮੀਟਿੰਗਾਂ ਵਿੱਚ ਵੀ ਸਰਕਾਰੀ ਨੁਮਾਇੰਦਿਆਂ ਨੂੰ ਇਹਨਾਂ ਕਾਨੂੰਨਾਂ ਦੇ ਭੈੜੇ ਨਤੀਜਿਆਂ ਬਾਰੇ ਲਾਜਵਾਬ ਕਰ ਦਿੱਤਾ । ਅੱਜ ਆਮ ਜਨਤਾ ਵੀ ਜਾਗਰੂਕ ਹੈ ਕਿ ਇਹ ਕਾਨੂੰਨ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਹੀ ਉਹਨਾਂ ਨੂੰ ਖੇਤ ਮਜ਼ਦੂਰ ਨਹੀਂ ਬਣਾਉਣਗੇ ਪਰ ਛੋਟੇ ਅਤੇ ਮੱਧਵਰਗੀ ਕਾਰੋਬਾਰੀਆਂ ਨੂੰ ਬੇਰੁਜ਼ਗਾਰ ਕਰਨਗੇ ਅਤੇ ਖਪਤਕਾਰਾਂ ਨੂੰ ਵੀ ਭੁੱਖੇ ਮਾਰਨਗੇ । ਇਸ ਵਿੱਚ ਕੋਈ ਅਸਚਰਜਤਾ ਨਹੀਂ ਕਿ ਆਮ ਜਨਤਾ ਇਹਨਾਂ ਕਾਨੂੰਨਾਂ ਖਿਲਾਫ ਇੱਕਮੁੱਠ ਹੋ ਗਈ ਹੈ। 26 ਜਨਵਰੀ ਨੂੰ ਪੁਲਿਸ ਤੇ ਕਿਸਾਨ ਆਗੂਆਂ ਦੀ ਸਹਿਮਤੀ ਅਨੁਸਾਰ ਦਿੱਲੀ ਵਿੱਚ ਟ੍ਰੈਕਟਰ ਮਾਰਚ ਵੀ ਕੱਢਿਆ ਗਿਆ। ਸ਼ਰਾਰਤੀ ਅਨਸਰਾਂ ਨੇ ਹੁਲੜਬਾਜ਼ੀ ਕੀਤੀ ਲਾਲ ਕਿਲੇ ਵਿੱਚ ਪਹੁੰਚ ਕੇ ਝੰਡਾ ਚੜ੍ਹਾ ਕੇ ਪੁਲਿਸ ਨਾਲ ਝੜਪਾਂ ਹੋਈਆਂ। ਜਿਸ ਵਿੱਚ ਕਈ ਕਿਸਾਨ ਤੇ ਪੁਲਿਸ ਵਾਲੇ ਸਖਤ ਜ਼ਖਮੀ ਹੋ ਗਏ। ਰਿਪੋਰਟਾਂ ਅਨੁਸਾਰ ਇਕ ਕਿਸਾਨ ਦੀ ਮੌਤ ਵੀ ਹੋ ਗਈ। ਇਹ ਸਮੱਸਿਆ ਦਾ ਹੱਲ ਨਹੀਂ ਹੈ।

ਇਸ ਅਰਸੇ ਦੌਰਾਨ ਇੱਕ ਸੌ ਤੋਂ ਵੱਧ ਕਿਸਾਨਾਂ ਨੇ ਆਪਣੀਆਂ ਕੀਮਤੀ ਜਾਨਾਂ ਵੀ ਗੁਆ ਲਈਆਂ। ਇਹਨਾਂ ਵਿੱਚ ਇੱਕ ਧਾਰਮਿਕ ਪ੍ਰਚਾਰਕ ਨੇ ਖੁਦਕੁਸ਼ੀ ਵੀ ਕਰ ਲਈ । ਇਹਨਾਂ ਸਾਰੇ ਸ਼ਹੀਦਾਂ ਅੱਗੇ ਸਾਡਾ ਸਿਰ ਝੁਕਦਾ ਹੈ । ਪਰ ਅੱਗੇ ਤੋਂ ਸੁਚੇਤ ਰਹਿਣ ਦੀ ਲੋੜ ਹੈ । ਭਾਵਨਾਵਾਂ ਦੇ ਹੜ੍ਹ ਵਿੱਚ ਵਹਿ ਕੇ ਖੁਦਕੁਸ਼ੀ ਕਰਨਾ ਕਿਸੇ ਵੀ ਦਲੀਲ ਤੇ ਖਰਾ ਨਹੀਂ ਉਤਰਦਾ ਅਤੇ ਨਾ ਹੀ ਕੋਈ ਧਰਮ ਇਸਦੀ ਇਜਾਜ਼ਤ ਦਿੰਦਾ ਹੈ।

ਬੇਸ਼ੱਕ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮੇ ਵਿੱਚ ਫੁਰਮਾਇਆ ਹੈ ਕਿ ਕਿਸੇ ਵਸੀਲੇ ਵੀ ਇਨਸਾਫ ਨਾ ਮਿਲੇ ਤਾਂ ਹਥਿਆਰਾਂ ਦੀ ਵਰਤੋਂ ਜਾਇਜ਼ ਹੈ । ਪਰੰਤੂ ਅੱਜਕੱਲ ਦੇ ਤਕਨਾਲੋਜੀ ਯੁਗ ਵਿੱਚ ਸਰਕਾਰੀ ਤੰਤਰ ਕੋਲ ਇੰਨੇ ਆਧੁਨਿਕ ਹਥਿਆਰ ਅਤੇ ਸਾਧਨ ਹਨ ਕਿ ਹਿੰਸਕ ਹੋ ਕੇ ਅਥਾਹ ਨੁਕਸਾਨ ਹੋਵੇਗਾ । ਇਸ ਲਈ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਵੱਲੋਂ ਦਰਸਾਇਆ ਸ਼ਾਂਤੀ ਅਤੇ ਸਬਰ ਦਾ ਰਾਹ ਹੀ ਲੰਬੇ ਜੰਗ ਵਿੱਚ ਠੀਕ ਰਹੇਗਾ । ਬਿਨਾਂ ਹੋਸ਼ ਤੋਂ ਜੋਸ਼ ਵਿੱਚ ਆਏ ਨੌਜਵਾਨ ਬੰਦੂਕਾਂ ਤੇ ਮਸ਼ੀਨ ਗੰਨਾਂ ਨਾਲ ਸਰਕਾਰੀ ਫੌਜਾਂ ਦੇ ਤੋਪਾਂ, ਟੈਂਕਾਂ, ਲੜਾਕੂ ਜਹਾਜ਼ਾਂ ਤੇ ਡਰੋਨਾਂ ਦਾ ਮੁਕਾਬਲਾ ਨਹੀਂ ਕਰ ਸਕਣਗੇ । ਦੂਜੇ ਪਾਸੇ ਸਰਕਾਰ ਸ਼ਾਂਤਮਈ ਅੰਦੋਲਨਕਾਰੀਆਂ ਤੇ ਗੋਲੀ ਚਲਾਉਣ ਦੀ ਹਿੰਮਤ ਵੀ ਨਹੀਂ ਕਰੇਗੀ । ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਿੰਸਕ ਸੰਘਰਸ਼ ਦਾ ਰਾਹ ਸਰਕਾਰ ਨੂੰ ਅੰਦੋਲਨ ਕੁਚਲਣ ਦਾ ਬਹਾਨਾ ਦੇਵੇਗਾ । ਇਸ ਸੰਦਰਭ ਵਿੱਚ ਸ਼ਾਂਤਮਈ ਰਾਹ ਹੀ ਇੱਕ-ਇੱਕ ਸਹੀ ਰਾਹ ਹੈ ਜਿਸ ਉਤੇ ਕਿਸਾਨ ਵਿਉਪਾਰੀ ਤੇ ਖਪਤਕਾਰ ਸਾਲਾਂ ਤੱਕ ਵੀ ਚੱਲ ਸਕਦੇ ਹਨ । ਅੰਤ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ ਜਾਂ ਅਗਲੀਆਂ ਚੋਣਾਂ ਵਿੱਚ ਮੂੰਹ ਦੀ ਖਾਣੀ ਪਏਗੀ।

- Advertisement -

ਲੰਬੇ ਜੰਗ ਵਿੱਚ ਦੋ ਹੋਰ ਲੜਾਈਆਂ ਵੀ ਨਾਲ ਦੀ ਨਾਲ ਲੜਨੀਆਂ ਪੈਣਗੀਆਂ । ਦੂਜੀ ਲੜਾਈ ਵਿੱਚ ਕਾਰਪੋਰੇਟ ਘਰਾਣਿਆਂ ਦੇ ਸਮਾਨ ਤੇ ਇਹਨਾਂ ਨੂੰ ਵੇਚਣ ਵਾਲੇ ਮਾਲਾਂ ਦਾ ਮੁਕੰਮਲ ਬਾਈਕਾਟ ਕਰਨਾ ਪਏਗਾ ਪਰ ਇਹ ਬਾਈਕਾਟ ਤਾਂ ਹੀ ਸੰਭਵ ਹੈ ਜੇ ਕਿਸਾਨ ਸਵੈ-ਨਿਰਭਰ ਹੋ ਕੇ ਆਪਣੇ ਪੈਰਾਂ ਤੇ ਆਪ ਖੜ੍ਹੇ ਹੋਣ । ਹਰ ਕਿਸਾਨ ਆਪਣੇ ਘਰ ਲੋੜੀਂਦੀਆਂ ਚੀਜ਼ਾਂ ਜਿਵੇਂ ਕਿ ਸਭ ਤਰ੍ਹਾਂ ਦੇ ਅਨਾਜ (ਕਣਕ, ਮੱਕੀ, ਬਾਜਰਾ, ਜੁਆਰ ਆਦਿ), ਸਬਜ਼ੀਆਂ, ਫ਼ਲ, ਖੱਦਰ ਦਾ ਕੱਪੜਾ, ਦੁੱਧ ਆਦਿ ਆਪਣੇ ਖੇਤਾਂ ’ਚ ਪੈਦਾ ਕਰੇ ਅਤੇ ਨਾਲ ਹੀ ਸੀਰੀ ਦੇ ਬਰਾਬਰ ਖੇਤਾਂ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰੇ ।
ਇਹ ਲੜਾਈ 4-5 ਸਾਲ ਵਿੱਚ ਸਬਜ਼ੀਆਂ ਦਾਲਾਂ ਤੋਂ ਸ਼ੁਰੂ ਕਰਕੇ, ਪਿੰਡਾਂ ਵਿੱਚ ਗੰਨਾਂ ਪੀੜਨ ਵਾਲੀਆਂ ਘੁਲਾੜੀਆਂ, ਕਪਾਹ ਵੇਲਣੇ, ਰੂੰ ਪਿੰਜਣੇ ਅਤੇ ਖੱਡੀਆਂ ਵਾਪਸ ਲਿਆ ਕੇ ਸਿਰੇ ਲੱਗੇਗੀ । ਆਪਣੀਆਂ ਲੋੜਾਂ ਪੂਰੀਆਂ ਕਰਨ ਤੋਂ ਬਾਅਦ ਜੋ ਜ਼ਮੀਨ ਬਚੇ ਜਾਂ ਠੇਕੇ ਤੇ ਲੈਣੀ ਪਏ ਉਸ ਵਿੱਚ ਵਪਾਰਕ ਫ਼ਸਲਾਂ ਦੀ ਚੋਣ ਮੰਡੀ ਦੀ ਮੰਗ ਮੁਤਾਬਕ ਕੀਤੀ ਜਾਵੇ । ਇਸ ਵਿੱਚ ਕੋਈ ਸਿਆਣਪ ਨਹੀ ਕਿ ਸਾਰੀ ਜ਼ਮੀਨ ਵਿੱਚ ਝੋਨਾ ਬੀਜ ਕੇ ਧਰਤੀ ਦਾ ਪਾਣੀ ਖਤਮ ਕਰਕੇ ਹਰੇ ਭਰੇ ਪੰਜਾਬ ਨੂੰ ਬੰਜਰ ਬਣਾਇਆ ਜਾਵੇ ਅਤੇ ਕੌਡੀਆਂ ਦੇ ਭਾਅ ਵੇਚ ਕੇ ਸਬਜ਼ੀਆਂ, ਚਿੱਟੀ ਖੰਡ ਆਦਿ ਮਹਿੰਗੇ ਭਾਅ ਖਰੀਦੀਆਂ ਜਾਣ ।
ਲੰਬੇ ਜੰਗ ਦੀ ਤੀਜੀ ਲੜਾਈ ਹੋਵੇਗੀ ਕਿ ਵਿਆਹਾਂ, ਮਰਨਿਆਂ ਤੇ ਹੋਰ ਫੰਕਸ਼ਨਾਂ ਤੇ ਫਜੂਲ ਖਰਚੀ ਬਿਲਕੁਲ ਬੰਦ ਕੀਤੀ ਜਾਵੇ । ਮੈਨੂੰ ਅੱਜ ਤੋਂ ਸੱਤਰ ਸਾਲ ਪਹਿਲਾਂ ਆਪਣੇ ਬਚਪਨ ਵਿੱਚ ਵੇਖੇ ਵਿਆਹ ਅੱਜ ਵੀ ਯਾਦ ਹਨ । ਉਸ ਵੇਲੇ 50 ਬੰਦਿਆਂ ਦੀ ਬਰਾਤ ਤੇ 50 ਮਹਿਮਾਨਾਂ ਵਾਲਾ ਵਿਆਹ ਪਿੰਡ ਵਿੱਚ ਕਹਿੰਦਾ ਕਹਾਉਂਦਾ ਵਿਆਹ ਹੁੰਦਾ ਸੀ। ਬਰਾਤੀ ਆਪੋ ਆਪਣੀ ਸ਼ਰਾਬ ਵੀ ਆਪ ਹੀ ਨਾਲ ਲੈ ਕੇ ਜਾਂਦੇ ਸਨ । ਮੁੰਡੇ ਵਾਲੇ ਸਿਰਫ਼ ਜੁਆਈਆਂ ਜਾਂ ਫੁੱਫੜਾਂ ਦੀ ਸੇਵਾ ਹੀ ਕਰਦੇ ਸਨ । ਕੇਵਲ ਇੱਕ ਗੱਡਾ ਰਾਸ਼ਨ ਦਾ ਸ਼ਹਿਰੋਂ ਲਿਆਉਣਾ ਪੈਂਦਾ ਸੀ, ਜਿਸ ਵਿੱਚ 2-3 ਬੋਰੀਆਂ ਖੰਡ ਦੀਆਂ, 7-8 ਪੀਪੇ ਘਿਉ ਦੇ, ਚਾਹ ਪੱਤੀ, ਵੇਸਣ ਮੈਦਾ ਆਦਿ ਸ਼ਾਮਲ ਸਨ । ਆਟਾ ਘਰ ਦੀ ਕਣਕ ਦਾ ਪਿਸਾਇਆ ਜਾਂਦਾ ਸੀ । ਟੈਂਟ, ਰੋਟੀ ਤਿਆਰ ਕਰਨ ਵਾਲੇ ਅਤੇ ਖਾਣ-ਪੀਣ ਵਾਲੇ ਬਰਤਨ ਵੀ ਸਾਂਝੇ ਖਰੀਦ ਕੇ ਗੁਰਦੁਆਰੇ ਰੱਖੇ ਹੁੰਦੇ ਸਨ । ਸ਼ਹਿਰੀ ਹਲਵਾਈ ਸਿਰਫ਼ ਕੁਝ ਖੁਰਚਣੇ ਅਤੇ ਛਾਨਣੀਆਂ ਲੈ ਕੇ ਆ ਜਾਂਦਾ ਸੀ । ਇਸ ਦੇ ਮੁਕਾਬਲੇ ਅੱਜ ਫੋਕੀ ਸ਼ਾਨ ਅਤੇ ਦਿਖਾਵੇ ਲਈ ਮੈਰਿਜ ਪੈਲਸਾਂ ਵਿੱਚ ਚਾਰ ਪੰਜ ਸੌ ਮਹਿਮਾਨ ਬੁਲਾ ਕੇ 3 ਘੰਟਿਆਂ ’ਚ 8-10 ਲੱਖ ਕਰਜ਼ੇ ਤੇ ਲਏ ਰੁਪੇ ਫੂਕ ਕੇ ਘਰ ਆ ਜਾਂਦੇ ਹਨ ਤੇ ਫਾਹਾ ਲੈ ਕੇ ਕਰਜ਼ੇ ਤੋਂ ਛੁਟਕਾਰਾ ਪਾਉਂਦੇ ਹਨ। ਬਾਕੀ ਲੀਡਰਾਂ ਦੀ ਹਾਜ਼ਰੀ ਤੋਂ ਬਿਨਾਂ ਵਿਆਹ ਅਧੂਰਾ ਸਮਝਿਆ ਜਾਂਦਾ ਹੈ । ਪਿਛਲੀਆਂ ਬਰਾਤਾਂ ਜਿੰਨੀ ਤਾਂ ਉਨ੍ਹਾਂ ਨਾਲ ਸਕਿਉਰਿਟੀ ਦੀ ਸਤੌਲ ਹੀ ਆ ਜਾਂਦੀ ਹੈ । ਇਸੇ ਤਰ੍ਹਾਂ ਪੈਟਰੋਲ ਡੀਜ਼ਲ ਦੀ ਵੀ ਵਾਧੂ ਖਪਤ ਤੇ ਵੀ ਕਾਬੂ ਕੀਤਾ ਜਾਵੇ । ਦਸ ਕਿਲੋਮੀਟਰ ਤੱਕ ਆਉਣ ਜਾਣ ਦਾ ਸਫ਼ਰ ਸਾਈਕਲ ਤੇ ਕਰੋ । ਮੋਟਰ ਬਾਈਕ ਇਸ ਤੋਂ ਵੱਧ ਫਾਸਲੇ ਲਈ ਜਾਂ ਦੋ ਸਵਾਰੀਆਂ ਲਈ ਕੱਢੋ । ਕਾਰ ਤਾਂ ਹੀ ਕੱਢੋ ਜੇ ਸਵਾਰੀਆਂ ਤਿੰਨ ਜਾਂ ਇਸ ਤੋਂ ਵੱਧ ਹੋਣ। ਉਪਰੋਕਤ ਤਿੰਨ ਲੜਾਈਆਂ ਅਗਲੇ ਪੰਜ ਸਾਲਾਂ ਤੱਕ ਲੜਕੇ ਹੀ ਲੰਬੇ ਜੰਗ ਵਿੱਚ ਜਿੱਤ ਯਕੀਨੀ ਹੋਵੇਗੀ । ਅੰਤ ਵਿੱਚ ਹੇਠ ਲਿਖੀਆਂ ਸਤਰਾਂ ਨਾਲ ਇਸ ਲੇਖ ਦਾ ਨਿਚੋੜ ਪੇਸ਼ ਹੈ :
ਅੰਨਦਾਤਿਆ ਘਰ ਦੀ ਲੋੜ ਲਈ ਖੇਤਾਂ ’ਚ ਪੈਦਾ ਕਰ
ਦਾਲਾਂ ਸਬਜ਼ੀਆਂ, ਫ਼ਲ, ਗੁੜ, ਸ਼ੱਕਰ, ਬਾਜਰਾ, ਜੁਆਰ, ਮੱਕੀ
ਘਰ ਦੇ ਪਾਲ ਲਵੇਰੇ ਰੱਜ ਕੇ ਛਕ ਦੁੱਧ ਦਹੀਂ ਮੱਖਣ ਘਿਉ ਤੇ ਲੱਸੀ।
ਫਿਰ ਖੇਤ ਜਾ ਕੇ ਸੀਰੀ ਦੇ ਬਰਾਬਰ ਖੁਦ ਫੜ ਕਹੀ ਦੀ ਹੱਥੀ ।
ਫਜ਼ੂਲ ਖਰਚੀ ਤੋਂ ਕਰ ਕਿਨਾਰਾ ਗੱਲ ਮੰਨ ਮੇਰੀ ਪੱਕੀ
ਫੇਰ ਦੇਖੀਂ
ਆਪਣੇ ਫੌਲਾਦੀ ਡੌਲੇ ਆਇਆਂ ਚਿਹਰੇ ‘ਤੇ ਨਿਖਾਰ ।
ਨਾਲੇ ਨੱਚਦੀ ਘਰ ਅਤੇ ਖੇਤਾਂ ’ਚ ਬਹਾਰ ।

ਮੋਬਾਈਲ : 98551-30393

Share this Article
Leave a comment