ਦਿੱਲੀ ਚੋਣਾਂ ’ਚ ਅਕਾਲੀ ਲੀਡਰਸ਼ਿੱਪ ਡਿੱਗੀ ਮੂਧੇ ਮੂੰਹ! ਸਿੱਖ ਵੋਟਰਾਂ ਨੇ ਆਪ ਦਾ ਪੱਲਾ ਫੜਿਆ

TeamGlobalPunjab
5 Min Read

ਜਗਤਾਰ ਸਿੰਘ ਸਿੱਧੂ

 

ਚੰਡੀਗੜ੍ਹ : ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜੇ ਦਸਦੇ ਹਨ ਕਿ ਇਨ੍ਹਾਂ ਚੋਣਾਂ ਵਿੱਚ ਦਹਾਕਿਆਂ ਤੋਂ ਪੰਥਕ ਹਿੱਤਾਂ ਦੀ ਦਾਅਵੇਦਾਰੀ ਕਰਨ ਵਾਲਾ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲਾ ਅਕਾਲੀ ਦਲ ਅਤੇ ਕੁਝ ਹੋਰ ਪੰਥਕ ਧਿਰਾਂ ਬੁਰੀ ਤਰ੍ਹਾਂ ਮੂਧੇ ਮੂੰਹ ਡਿੱਗੀਆਂ ਹਨ। ਆਮ ਤੌਰ ‘ਤੇ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਨੇ ਇਨ੍ਹਾਂ ਤੱਥਾਂ ਨੂੰ ਅਣਗੌਲਿਆਂ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਕਾਬਜ਼ ਅਕਾਲੀ ਦਲ ਦੀ ਲੀਡਰਸ਼ਿਪ ਦੀ ਦਿੱਲੀ ਦੇ ਸਿੱਖ ਭਾਈਚਾਰੇ ਅਤੇ ਪੰਜਾਬੀ ਭਾਈਚਾਰੇ ਨੇ ਕਿਉਂ ਉਮੀਦਾਂ ‘ਤੇ ਫੇਰਿਆ ਪਾਣੀ? ਸਥਿਤੀ ਇਹ ਬਣ ਗਈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਰਾਜੌਰੀ ਗਾਰਡਨ ਤੋਂ ਜਿੱਤੇ ਸਨ ਪਰ ਇਸ ਵਾਰ ਇਸ ਹਲਕੇ ਵਿੱਚ ਸ਼ਾਨ ਨਾਲ ਆਪ ਦਾ ਉਮੀਦਵਾਰ ਜਿੱਤਿਆ  ਹੈ। ਰਾਜੌਰੀ ਗਾਰਡਨ ਵਿੱਚ 60 ਹਜ਼ਾਰ ਸਿੱਖ ਵੋਟਰ ਹਨ। ਇਸ ਤਰ੍ਹਾਂ ਮੀਡੀਆ ਅੰਦਰ ਲਗਾਤਾਰ ਚਰਚਾ ਵਿੱਚ ਰਹਿਣ ਵਾਲਾ ਅਤੇ ਪਾਕਿਸਤਾਨ ਵਿਰੁੱਧ ਹਰ ਮੌਕੇ ‘ਤੇ ਬਿਆਨ ਦੇਣ ਵਾਲਾ ਪ੍ਰਧਾਨ ਸਿਰਸਾ ਆਪਣਾ ਜੱਦੀ ਹਲਕਾ ਵੀ ਨਹੀਂ ਬਚਾ ਸਕਿਆ।

ਉਂਝ ਜੇਕਰ ਸਮੁੱਚੇ ਤੌਰ ‘ਤੇ ਨਜ਼ਰ ਮਾਰੀ ਜਾਵੇ ਤਾਂ ਭਾਜਪਾ ਨੇ ਚਾਰ ਸਿੱਖ ਚੇਹਰੇ ਚੋਣਾਂ ਵਿੱਚ ਖੜ੍ਹੇ ਕੀਤੇ ਸਨ ਇਨ੍ਹਾਂ ਵਿੱਚ ਤਿੰਨ ਹਲਕੇ ਅਜਿਹੇ ਹਨ ਜਿੱਥੇ ਕਿ 20 ਫੀਸਦੀ ਤੋਂ ਵਧੇਰੇ ਸਿੱਖ ਵੋਟਰ ਹਨ। ਇਨ੍ਹਾਂ ਚਾਰਾਂ ਹਲਕਿਆਂ ਵਿੱਚ ਭਾਜਪਾ ਦੇ ਸਿੱਖ ਭਾਈਚਾਰੇ ਦੇ ਉਮੀਦਵਾਰ ਬੁਰੀ ਤਰ੍ਹਾਂ ਹਾਰੇ ਹਨ।  ਜੰਗਪੁਰਾ ਤੋਂ ਇਮਪ੍ਰੀਤ ਸਿੰਘ ਬਖਸੀ, ਰਜਿੰਦਰ ਨਗਰ ਤੋਂ ਆਰ ਪੀ ਸਿੰਘ ਹਰੀ ਨਗਰ ਤੋਂ ਤੇਜਿੰਦਰ ਸਿੰਘ ਬੱਗਾ ਅਤੇ ਤੇਮਾਰਪੁਰ ਤੋਂ ਸੁਰਿੰਦਰ ਸਿੰਘ ਬਿੱਟੂ ਹਾਰਨ ਵਾਲਿਆਂ ਵਿੱਚ ਸ਼ਾਮਲ ਹਨ। ਇਹ ਸਾਰੇ 16 ਹਜ਼ਾਰ ਤੋਂ 24 ਹਜ਼ਾਰ ਤੱਕ ਵੋਟਾਂ ਦੇ ਵੱਡੇ ਫਰਕ ਨਾਲ ਹਾਰੇ ਹਨ। ਇਨ੍ਹਾਂ ਚਾਰਾਂ ਉਮੀਦਵਾਰਾਂ ਨੂੰ ਆਪ ਦੇ ਵਿਧਾਇਕਾਂ ਨੇ ਹਰਾਇਆ ਹੈ। ਹਾਲ ਤਾਂ ਇਹ ਹੈ ਬਣ ਗਿਆ ਹੈ ਕਿ 1984 ਦੇ ਕਤਲੇਆਮ ਦੇ ਮੁੱਦੇ ‘ਤੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਦਾ ਦਾਅਵਾ ਕਰਨ ਵਾਲੀ ਅਕਾਲੀ ਅਤੇ ਭਾਜਪਾ ਦੀ ਲੀਡਰਸ਼ਿੱਪ ਨੂੰ 84 ਦੇ ਕਤਲੇਆਮ ਦੇ ਪੀੜਤ ਇਲਾਕਿਆਂ ਵਿੱਚ ਵੀ ਮੂੰਹ ਦੀ ਖਾਣੀ ਪਈ। ਇਨ੍ਹਾਂ ਖੇਤਰਾਂ ਵਿੱਚ ਹਰੀ ਨਗਰ ਤਿਲਕ ਨਗਰ, ਜੰਗਪੁਰਾ, ਸ਼ਾਰਦਾ ਅਤੇ ਕਾਲਕਾ ਜੀ ਹਲਕੇ ਆਉਂਦੇ ਹਨ। ਇਨ੍ਹਾਂ ਹਲਕਿਆਂ ਵਿੱਚ ਵੀ ਭਾਜਪਾ ਦੇ ਉਮੀਦਵਾਰ ਹਾਰੇ ਹਨ ਅਤੇ ਆਪ ਦੀ ਜਿੱਤ ਹੋਈ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਦੋ ਸਿੱਖ ਚੇਹਰੇ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰੇ ਅਤੇ ਦੋਹਾਂ ਨੇ ਸ਼ਾਨ ਨਾਲ ਜਿੱਤ ਹਾਸਲ ਕੀਤੀ। ਜਰਨੈਲ ਸਿੰਘ ਨੇ ਤਿਲਕ ਨਗਰ ਹਲਕੇ ਤੋਂ 28 ਹਜ਼ਾਰ ਤੋਂ ਵਧੇਰੇ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਅਤੇ ਪ੍ਰਹਿਲਾਦ ਸਿੰਘ ਸ਼ਾਹਨੀ ਨੇ ਚਾਂਦਨੀ ਚੌਂਕ ਹਲਕੇ ਤੋਂ 29 ਹਜ਼ਾਰ ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। ਦਿੱਲੀ ਵਿੱਚ ਕੁੱਲ 12 ਲੱਖ ਤੋਂ ਵਧੇਰੇ ਸਿੱਖ ਵੋਟਰ ਹਨ।

- Advertisement -

ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲੇ ਅਕਾਲੀ ਦਲ ਨੂੰ ਪਹਿਲਾਂ ਤਾਂ ਸੀਟਾਂ ਦੀ ਵੰਡ ਵੇਲੇ ਭਾਜਪਾ ਨੇ ਸੀਟਾਂ ਦੇਣ ਤੋਂ ਇਨਕਾਰ ਕਰ ਦਿੱਤਾ।  ਉਸ ਵੇਲੇ ਸਿਰਸਾ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ ਭਾਜਪਾ ਅਕਾਲੀ ਦਲ ‘ਤੇ ਨਾਗਰਿਕਤਾ ਸੋਧ ਐਕਟ ਦੀ ਮੁਕੰਮਲ ਹਮਾਇਤ ਲਈ ਦਬਾਅ ਪਾ ਰਹੀ ਹੈ ਪਰ ਅਕਾਲੀ ਦਲ ਇਸ ਦਬਾਅ ਨੂੰ ਪ੍ਰਵਾਨ ਨਹੀਂ ਕਰਦਾ ਅਤੇ ਚੋਣਾਂ ਦਾ ਬਾਈਕਾਟ ਕਰਦਾ ਹੈ। ਇਸ ਮੁੱਦੇ ‘ਤੇ ਅਕਾਲੀ ਦਲ ਦੀ ਚੰਡੀਗੜ੍ਹ ਵਿਖੇ ਕੋਰ ਕਮੇਟੀ ਦੀ ਮੀਟਿੰਗ ਵਿੱਚ ਚਰਚਾ ਹੋਈ। ਉਸ ਤੋਂ ਇਕ ਦਿਨ ਬਾਅਦ ਅਕਾਲੀ ਦਲ ਨੇ ਦਿੱਲੀ ਚੋਣਾਂ ਵਿੱਚ ਭਾਜਪਾ ਦੀ ਬਗੈਰ ਕਿਸੇ ਸ਼ਰਤ ਦੇ ਹਮਾਇਤ ਦਾ ਐਲਾਨ ਕਰ ਦਿੱਤਾ। ਅਕਾਲੀ ਦਲ ਜ਼ਬਾਨੀ ਮੁਸਲਿਮ ਭਾਈਚਾਰੇ ਨੂੰ ਐਕਟ ਵਿੱਚ ਸ਼ਾਮਲ ਕਰਨ ਲਈ ਤਾਂ ਕਹਿੰਦਾ ਰਿਹਾ ਪਰ ਭਾਜਪਾ ਦੀ ਹਮਾਇਤ ਵਿੱਚ ਝੋਲੀ ਅੱਡ ਕੇ ਵੋਟਾਂ ਮੰਗਣ ਲੱਗਾ। ਵਿਰੋਧੀਆਂ ਨੇ ਦੋਸ਼  ਲਾਇਆ ਕਿ ਹਰਸਿਮਰਤ ਕੌਰ ਬਾਦਲ ਦੀ ਕੇਂਦਰ ਵਿੱਚ ਵਜ਼ਾਰਤ ਬਚਾਉਣ ਲਈ ਅਕਾਲੀ ਦਲ ਭਾਜਪਾ ਦੇ ਹੱਕ ਵਿੱਚ ਤੁਰ ਪਿਆ ਹੈ। ਇਸ ਦਾ ਨਤੀਜਾ ਇਹ ਨਿਕਲਿਆ ਕਿ ਦਿੱਲੀ ਦੇ ਸਿੱਖ ਵੋਟਰਾਂ ਨੇ ਹੀ ਅਕਾਲੀ ਦਲ ਲੀਡਰਸ਼ਿਪ ਦਾ ਕਹਿਣਾ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਦਾ ਇੱਕ ਸਬੂਤ ਇਹ ਹੈ ਕਿ ਰਜਿੰਦਰ ਨਗਰ ਤੋਂ ਭਾਜਪਾ ਦੇ ਉਮੀਦਵਾਰ ਆਰਪੀ   ਸਿੰਘ ਨੇ ਮੀਡੀਆ ਨੂੰ ਕਿਹਾ ਕਿ ਲੋਕਾਂ ਨੇ ਆਪ ਨੂੰ ਵੋਟਾਂ ਪਾਈਆਂ ਹਨ ਅਤੇ ਅਕਾਲੀ ਦਲ ਦੀ ਹਮਾਇਤ ਉਨ੍ਹਾਂ ਲਈ ਕੋਈ ਅਰਥ ਨਹੀਂ ਰਖਦੀ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਫਿਰਕਾਪ੍ਰਸਤੀ ਅਤੇ ਭਾਜਪਾ ਦੀ ਤਰਜ਼ ਵਾਲੇ ਰਾਸ਼ਟਰਵਾਦ ਦੀ ਅੰਨੀ ਹਮਾਇਤ ਨੇ ਅਕਾਲੀ ਲੀਡਰਸ਼ਿਪ ਨੂੰ ਸਿੱਖ ਭਾਈਚਾਰੇ ਤੋਂ ਦੂਰ ਕਰ ਦਿੱਤਾ ਹੈ। ਇਸ ਦਾ ਅਸਰ ਅਕਾਲੀ ਦਲ ‘ਤੇ ਪੰਜਾਬ  ਵਿੱਚ  ਵੀ ਪਵੇਗਾ ਜਿਹੜਾ ਕਿ ਪਹਿਲਾਂ ਹੀ ਪਾਰਟੀ ਦੀ ਅੰਦਰੂਨੀ ਫੁੱਟ ਦਾ ਸ਼ਿਕਾਰ ਹੋ ਚੁੱਕਾ ਹੈ।

Share this Article
Leave a comment