ਜਿਹੜੇ ਸਿਆਸੀ ਆਗੂ ਕਦੇ ਬਾਬੇ ਦੇ ਪੈਰੀਂ ਪੈਂਦੇ ਸੀ ਅੱਜ ਉਨ੍ਹਾਂ ਨੇ ਕੀਤੀ ਤੋਂ ਤੋਬਾ!

Prabhjot Kaur
3 Min Read

ਚੰਡੀਗੜ੍ਹ : ਪੰਜਾਬੀ ਦਾ ਇੱਕ ਬੜਾ ਹੀ ਹਰਮਨ ਪਿਆਰਾ ਗੀਤ “ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜਗੇ” ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ ਪਰ ਅੱਜ ਉਸ ਦੀ ਜ਼ਿੰਦਾ ਮਿਸਾਲ ਵੀ ਤੁਸੀ ਪ੍ਰਤੱਖ ਦੇਖ ਸਕਦੇ ਹੋ। ਕਹਿੰਦੇ ਨੇ ਜਿੰਨਾਂ ਸਮਾਂ ਕਿਸੇ ਦੀ ਜੇਬ ਭਾਰੀ ਹੁੰਦੀ ਹੈ ਉਨਾਂ ਸਮਾਂ ਤਾਂ ਹਰ ਕੋਈ ਆਪਣਾ ਹੁੰਦਾ ਹੈ ਪਰ ਪਤਾ ਉਦੋਂ ਲੱਗਦਾ ਹੈ ਜਦੋਂ ਮੁਸੀਬਤ ਪੈਂਦੀ ਹੈ। ਕੁਝ ਅਜਿਹਾ ਹੀ ਹੋਇਆ ਬਲਾਤਕਾਰੀ ਤੇ ਕਾਤਲ ਡੇਰਾ ਮੁਖੀ ਰਾਮ ਰਹੀਮ ਨਾਲ ਵੀ । ਜਿਹੜੇ ਸਿਆਸੀ ਆਗੂ ਕਦੇ ਵੋਟਾਂ ਲੈਣ ਲਈ ਉਸ ਅੱਗੇ ਨੱਕ ਰਗੜਿਆ ਕਰਦੇ ਸਨ ਅੱਜ ਉਨ੍ਹਾਂ ਨੂੰ ਜਦੋਂ ਪੱਕਾ ਹੋੋਗਿਆ ਕਿ ਸੁਨਾਰਿਆ ਜੇਲ੍ਹ ਅੰਦਰ ਬਾਬੇ ਨੂੰ ਲੱਗੇ 20 ਸਾਲ ਦੇ ਵੀਜ਼ੇ(ਸਜ਼ਾ) ਤੋਂ ਬਾਅਦ ਹੁਣ ਪੀਆਰ(ਉਮਰ ਕੈਦ) ਮਿਲ ਗਈ ਹੈ ਤਾਂ ਕੀ ਆਪਣੇ ਤੇ ਕੀ ਬਗਾਨੇ ਸਾਰੇ ਉਸ ਤੋਂ ਬਿਲਕੁਲ ਹੀ ਪਾਸਾ ਵੱਟਦੇ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਸਾਧਵੀਆਂ ਨਾਲ ਕੀਤੇ ਬਲਾਤਕਾਰ ਦੇ ਮਾਮਲੇ ‘ਚ ਸਜ਼ਾ ਭੁਗਤ ਰਹੇ ਗੁਰਮੀਤ ਰਾਮ ਰਹੀਮ ਨੂੰ ਹੁੁਣ ਪੱਤਰਕਾਰ ਛੱਤਰਪਤੀ ਦੇ ਕਤਲ ਵਾਲੇ ਮਾਮਲੇ ‘ਚ ਅਦਾਲਤ ਵੱਲੋਂ ਤਾ-ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਿੱਥੇ ਡੇਰਾ ਪ੍ਰੇਮੀਆਂ ਨੂੰ ਇਸ ਦਾ ਦੁੱਖ ਹੈ ਉੱਥੇ ਦੂਜੇ ਪਾਸੇ ਸਿਆਸੀ ਆਗੂ ਜੋ ਡੇਰਾ ਮੁਖੀ ਦੀ ਮਦਦ ਨਾਲ ਸੱਤਾ ਦੀਆਂ ਕੁਰਸੀਆਂ ‘ਤੇ ਬੈਠੇ ਸਨ ਅੱਜ ਉਹ ਲੋਕ ਵੀ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਪਰਿਵਾਰ ਨੂੰ ਇੰਨਸਾਫ ਮਿਲਣ ਤੇ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਹਨ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਰਾਮ ਰਹੀਮ ਨੇ ਸਮਾਜ ਭਲਾਈ ਦੇ ਵੀ ਬਹੁਤ ਸਾਰੇ ਕੰਮ ਕੀਤੇ ਸਨ ਅਤੇ ਇਨ੍ਹਾਂ ਕੰਮਾਂ ਦਾ ਹਵਾਲਾ ਦੇ ਕੇ ਹੀ ਉਸ ਨੇ ਰਹਿਮ ਦੀ ਅਪੀਲ ਵੀ ਕੀਤੀ ਸੀ ਪਰ ਮਾਹਿਰਾਂ ਦਾ ਤਰਕ ਹੈ ਇਹ ਕੰਮ ਵੀ ਉਸ ਨੇ ਆਪਣੇ ਕੁਕਰਮਾਂ ਤੇ ਪਰਦਾ ਪਾਉਣ ਲਈ ਹੀ ਕਰਵਾਏ ਹੋ ਸਕਦੇ ਹਨ।

ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਿਹੜੇ ਸਿਆਸੀ ਆਗੂ ਡੇਰਾ ਮੁਖੀ ਲਈ ਹਰ ਮਦਦ ਦਾ ਵਾਅਦਾ ਕਰਕੇ ਆਏ ਸਨ ਉਹ ਅੱਜ ਬਲਾਤਕਾਰੀ ਤੇ ਕਾਤਿਲ ਬਾਬੇ ਨੂੰ ਝੂਠੇ ਵਾਅਦਿਆਂ ਦੇ ਇਸ ਮੈਦਾਨ ‘ਚ ਇਕੱਲਿਆਂ ਹੀ ਛੱਡ ਕੇ ਭੱਜਦੇ ਨਜ਼ਰ ਆ ਰਹੇ ਹਨ। ਇੱਥੇ ਦੱਸ ਦਈਏ ਕਿ ਵੋਟਾਂ ਦੀ ਮੰਗਣ ਬਾਬੇ ਕੋਲ  ਗਏ ਕੁੱਲ 44 ਸਿਆਸੀ ਲੀਡਰਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਧਾਰਮਿਕ ਸਜ਼ਾ ਵੀ ਦਿੱਤੀ ਗਈ ਸੀ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਉਨ੍ਹਾਂ ਵਿੱਚੋਂ ਇੱਕ ਸੀ ਜਿੰਨ੍ਹਾਂ ਨੂੰ ਤਨਖ਼ਾਹ ਲਾਈ ਗਈ ਸੀ। ਇਸ ਤੋਂ ਇਲਾਵਾ ਅਕਾਲੀ ਦਲ ਦੇ 29 , ਕਾਂਗਰਸ ਦੇ 14 ਅਤੇ ਆਮ ਆਦਮੀ ਪਾਰਟੀ ਦਾ 1 ਆਗੂ ਵੀ ਵੋਟਾਂ ਮੰਗਣ ਲਈ ਬਾਬੇ ਅੱਗੇ ਹੱਥ-ਪੈਰ ਜੋੜ ਕੇ ਆ ਚੁੱਕਿਆ ਹੈ। ਜਿੰਨ੍ਹਾਂ ਨੇ ਅੱਜ ਬਾਬੇ ਦੇ ਹੱਕ ਵਿੱਚ ਝੂਠਾ ਹੀ ਹਾਅ-ਦਾ-ਨਾਅਰਾ ਨਹੀਂ ਮਾਰਿਆ। ਕਿਉਂ ਫਿਰ ਦੇਖ ਲਿਆ ਨਾ ਉਕਤ ਗੀਤ ਦਾ ਜ਼ਿੰਦਾ ਸਬੂਤ?

Share this Article
Leave a comment