ਚੰਡੀਗੜ੍ਹ: ਕੋਰੋਨਾਵਾਇਰਸ ਦੇ ਇੱਕ ਸ਼ੱਕੀ ਮਰੀਜ਼ ਨੂੰ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਹੈ। ਮਰੀਜ਼ 28 ਤੋਂ 30 ਸਾਲਾ ਨੌਜਵਾਨ ਦੱਸਿਆ ਜਾ ਰਿਹਾ ਹੈ ਅਤੇ ਉਹ ਟਰਾਈਸਿਟੀ ਦਾ ਰਹਿਣ ਵਾਲਾ ਹੈ। ਹਾਲ ਹੀ ਵਿੱਚ ਉਹ 10 ਫਰਵਰੀ ਨੂੰਸਿੰਗਾਪੁਰ ਤੋਂ ਪਰਤਿਆ ਸੀ ਤੇ ਉਸ ਵਿੱਚ ਕੋਰੋਨਾ ਵਾਇਰਸ ਨਾਲ ਮਿਲਦੇ – ਜੁਲਦੇ ਲੱਛਣ ਮਿਲੇ ਸਨ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਹਾਲਾਂਕਿ ਨੌਜਵਾਨ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਉਸਨੂੰ ਪੀਜੀਆਈ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਉਸ ਦੇ ਸੈਂਪਲ ਵੀ ਜਾਂਚ ਲਈ ਭੇਜ ਦਿੱਤੇ ਗਏ ਹਨ।
ਇਸ ਤੋਂ ਪਹਿਲਾਂ ਮੋਹਾਲੀ ਦੇ ਇੱਕ ਹੋਰ ਮਰੀਜ਼ ਨੂੰ ਵੀ ਪੀਜੀਆਈ ਵਿੱਚ ਦਾਖਲ ਕਰਾਇਆ ਗਿਆ ਸੀ। ਹਾਲਾਂਕਿ ਉਸ ਮਰੀਜ਼ ਦੀ ਰਿਪੋਰਟ ਨੈਗੇਟਿਵ ਆਈ ਸੀ। ਪੀਜੀਆਈ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿੰਗਾਪੁਰ ਤੋਂ ਪਰਤੇ ਨੌਜਵਾਨ ਨੂੰ ਨਿਗਰਾਨੀ ਵਿੱਚ ਰੱਖਿਆ ਗਿਆ ਹੈ। ਉਸ ਵਿੱਚ ਕੁਝ ਜ਼ਿਆਦਾ ਗੰਭੀਰ ਲੱਛਣ ਨਹੀਂ ਹਨ ਪਰ ਫਿਰ ਵੀ ਸਾਵਧਾਨੀ ਜ਼ਰੂਰੀ ਹੈ। ਫਿਲਹਾਲ ਹਾਲੇ ਤੱਕ ਪੀਜੀਆਈ ਵਿੱਚ ਹਾਲੇ ਤੱਕ ਸਿਰਫ ਸ਼ੱਕੀ ਮਰੀਜ਼ ਆਏ ਹਨ। ਪਰ ਫਿਰ ਵੀ ਲੋਕਾਂ ਨੂੰ ਸਾਵਧਾਨੀ ਵਰਤਨ ਦੀ ਜ਼ਰੂਰਤ ਹੈ।
ਕੋਰੋਨਾ ਦੇ ਲੱਛਣ
ਇਸ ਦੇ ਸੰਕਰਮਣ ਨਾਲ ਬੁਖਾਰ, ਜ਼ੁਖਾਮ, ਸਾਹ ਲੈਣ ਵਿੱਚ ਤਕਲੀਫ, ਨੱਕ ਵਗਣਾ ਅਤੇ ਗਲੇ ਵਿੱਚ ਖਰਾਸ਼ ਵਰਗੀ ਸਮੱਸਿਆ ਹੁੰਦੀ ਹੈ। ਇਹ ਵਾਇਰਸ ਇੱਕ ਵਿਅਕਤੀ ਤੋਂ ਦੂੱਜੇ ਵਿੱਚ ਫੈਲਦਾ ਹੈ, ਇਸ ਲਈ ਇਸ ਨੂੰ ਲੈ ਕੇ ਬਹੁਤ ਸਾਵਧਾਨੀ ਵਰਤਣ ਦੀ ਲੋੜ ਹੈ। ਇਹ ਵਾਇਰਸ ਦਸੰਬਰ ਵਿੱਚ ਸਭ ਤੋਂ ਪਹਿਲਾਂ ਚੀਨ ਵਿੱਚ ਸਾਹਮਣੇ ਆਇਆ ਸੀ। ਹੁਣ ਤੱਕ ਉੱਥੇ 1600 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 60,000 ਤੋਂ ਜ਼ਿਆਦਾ ਸੰਕਰਮਿਤ ਦੱਸੇ ਜਾ ਰਹੇ ਹਨ।