ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਹੈ, ਕਿ ਭਾਰਤੀ ਫੌਜ ਦੇ ਸਾਬਕਾ ਮੁਖੀ ਅਤੇ ਹਲਕਾ ਖਡੂਰ ਸਾਹਿਬ ਤੋਂ ਉਨ੍ਹਾਂ ਦੇ ਉਮੀਦਵਾਰ ਜਨਰਲ ਜੇ ਜੇ ਸਿੰਘ ਦੀ ਕੁਰਬਾਨੀ ਬੀਬੀ ਪਰਮਜੀਤ ਕੌਰ ਖਾਲੜਾ ਦੇ ਪਰਿਵਾਰ ਤੋਂ ਕਿਸੇ ਗੱਲੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ, ਕਿ ਜਨਰਲ ਜੇ ਜੇ ਸਿੰਘ ਵੀ ਦੇਸ਼ ਦੀ ਰੱਖਿਆ ਲਈ ਦੁਸ਼ਮਣ ਦੀਆਂ ਗੋਲੀਆਂ ਦਾ ਸਾਹਮਣਾ ਕਰ ਚੁਕੇ ਹਨ। ਬ੍ਰਹਮਪੁਰਾ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ, ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਜਨਰਲ ਜੇ ਜੇ ਸਿੰਘ ਦੀ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰੀ ਵਾਪਸ ਨਹੀਂ ਲਈ ਜਾਵੇਗੀ। ਉਨ੍ਹਾਂ ਕਿਹਾ, ਕਿ ਉਨ੍ਹਾਂ ਦੀ ਪਾਰਟੀ ਦੀ ਗੱਲਬਾਤ ਸੁਖਪਾਲ ਖਹਿਰਾ ਧੜ੍ਹੇ ਨਾਲ ਗੱਠਜੋੜ ਕਰਨ ਲਈ 8 ਵਾਰ ਹੋ ਚੁੱਕੀ ਹੈ, ਤੇ ਪੀਡੀਏ ਨਾਲ ਹੋਈਆਂ ਇਨ੍ਹਾਂ ਅੱਠਾਂ ਬੈਠਕਾਂ ਦੌਰਾਨ ਕਦੇ ਵੀ ਨਾ ਤਾਂ ਖਹਿਰਾ ਤੇ ਨਾ ਹੀ ਉਨ੍ਹਾਂ ਦੇ ਸਾਥੀਆਂ ਨੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਏ ਜਾਣ ਦਾ ਜ਼ਿਕਰ ਕੀਤਾ ਸੀ, ਤੇ ਇਸ ਦੌਰਾਨ ਜਦੋਂ ਉਨ੍ਹਾਂ ਨੇ ਜਨਰਲ ਜੇ ਜੇ ਸਿੰਘ ਨੂੰ ਖਡੂਰ ਸਾਹਿਬ ਤੋਂ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਤਾਂ ਹੁਣ ਪੰਜਾਬ ਜ਼ਮਹੂਰੀ ਗੱਠਜੋੜ ਵਾਲੇ ਸਾਡੇ ਉਮੀਦਵਾਰ ਦੀ ਉਮੀਦਵਾਰੀ ਵਾਪਸ ਲੈਣ ਲਈ ਕਹਿ ਰਹੇ ਹਨ, ਜੋ ਕਿ ਸੰਭਵ ਨਹੀਂ ਹੈ।
ਉੱਧਰ ਦੂਜੇ ਪਾਸੇ ਜਨਰਲ ਜੇ ਜੇ ਸਿੰਘ ਦਾ ਕਹਿਣਾ ਹੈ, ਕਿ ਉਨ੍ਹਾਂ ਦੇ ਇਸ ਹਲਕੇ ਵਿੱਚ ਆਉਣ ਨਾਲ ਉਨ੍ਹਾਂ ਲੋਕਾਂ ਨੂੰ ਡਰ ਸਤਾਉਣ ਲੱਗ ਪਿਆ ਹੈ, ਜਿਹੜੇ ਗੁਆਂਢੀ ਮੁਲਕ ਪਾਕਿਸਤਾਲ ਦੀ ਸ਼ਹਿ ਨਾਲ ਗਲਤ ਹਰਕਤਾਂ ਕਰਨ ਲੱਗੇ ਹੋਏ ਸਨ।