ਚੰਡੀਗੜ੍ਹ : ਬੀਤੀ 2 ਜੂਨ ਨੂੰ ਹਰਸਿਮਰਤ ਬਾਦਲ ਨੇ ਆਪਣੇ ਟਵਿੱਟਰ ਹੈਂਡਲ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਹੁੰ ਖਾਂਦਿਆਂ ਦੀ ਤਸਵੀਰ ਪਾ ਕੇ ਮੁੱਖ ਮੰਤਰੀ ਨੂੰ ਇਸ ਗੱਲ ਦੀ ਟਿੱਚਰ ਕੀਤੀ ਸੀ ਕਿ ਤੁਹਾਡੇ ਰਾਜ਼ ਵਿੱਚ ਨਸ਼ਿਆਂ ਨਾਲ ਮਰਨ ਵਾਲਿਆਂ ਦੀ ਗਿਣਤੀ ਸਭ ਨਾਲੋਂ ਵੱਧ ਹੈ ਤੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਸਹੁੰ ਖਾ ਕੇ 4 ਹਫਤਿਆਂ ‘ਚ ਨਸ਼ਾ ਬੰਦ ਕਰਵਾਉਣ ਦੀ ਬਜਾਏ ਪ੍ਰਧਾਨ ਮੰਤਰੀ ਨੂੰ ਰਾਸ਼ਟਰੀ ਡਰੱਗ ਨੀਤੀ ਬਣਾਉਣ ਲਈ ਚਿੱਠੀ ਲਿਖ ਰਹੇ ਹੋ। ਇਹ ਗੱਲ ਕੈਪਟਨ ਨੂੰ ਇੰਨੀ ਚੁਭੀ ਕਿ ਉਨ੍ਹਾਂ ਨੇ ਇੱਕ ਲੰਮਾ ਚੌੜਾ ਪ੍ਰੈਸ ਬਿਆਨ ਜਾਰੀ ਕਰਕੇ ਹਰਸਿਮਰਤ ਸਮੇਤ ਬਾਕੀ ਬਾਦਲਾਂ ਨੂੰ ਇਥੋਂ ਤੱਕ ਕਹਿ ਦਿੱਤਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵੇਲੇ ਫੈਲੇ ਨਸ਼ਿਆਂ ਦੇ ਨੈਟਵਰਕ ਕਾਰਨ ਸੂਬੇ ਦੇ ਨੌਜਵਾਨਾਂ ਦੀ ਜ਼ਿੰਦਗੀ ਤਬਾਹ ਹੋ ਗਈ। ਜਿਹੜਾ ਕਿ ਪਿਛਲੀ ਸਰਕਾਰ ਨੇ ਨਸ਼ਾ ਤਸਕਰਾਂ ਨੂੰ ਸੂਬੇ ਅੰਦਰ ਆਪਣੇ ਪੈਰ ਪਸਾਰਨ ਦੀ ਖੁਲ੍ਹ ਦੇਣ ਕਾਰਨ ਹੋਇਆ ਹੈ ।ਉਨ੍ਹਾਂ ਇਸ ਪ੍ਰੈਸ ਬਿਆਨ ਰਾਹੀਂ ਬਾਦਲਾਂ ਨੂੰ ਇਥੋਂ ਤੱਕ ਧਮਕਾ ਦਿੱਤਾ ਕਿ ਮੇਰੇ ਮੰਤਰੀ ਤਾਂ ਪਹਿਲਾਂ ਹੀ ਬਾਦਲਾਂ ਦੇ ਖੂਨ ਦੇ ਪਿਆਸੇ ਹਨ ਤੇ ਤੁਹਾਨੂੰ ਬਾਦਲਾਂ ਨੂੰ ਜੇਲ੍ਹ ਭੇਜਣਾ ਲੋਚਦੇ ਹਨ। ਇਸ ਲਈ ਝੂਠ ਨਾ ਬੋਲੋ । ਤੁਸੀਂ ਅਜਿਹਾ ਕਰਕੇ ਮੈਨੂੰ ਆਪਣੇ ਮੰਤਰੀਆਂ ਦੀ ਗੱਲ ਮੰਨਣ ਨੂੰ ਮਜਬੂਰ ਕਰ ਰਹੇ ਹੋ, ਕਿਉਂਕਿ ਤੁਸੀਂ ਨਸ਼ਿਆਂ ਦੇ ਮਾਮਲੇ ‘ਚ ਕੀਤੇ ਗਏ ਆਪਣੇ ਪਾਪਾਂ ਦੀ ਹੀ ਸਜ਼ਾ ਭੁਗਤਣ ਜਾ ਰਹੇ ਹੋ।
ਇਸ ਤੋਂ ਬਾਅਦ ਮੁੱਖ ਮੰਤਰੀ ਨੇ ਇਥੋਂ ਤੱਕ ਕਹਿ ਦਿੱਤਾ ਕਿ ਆਮ ਲੋਕਾਂ ਵਾਂਗ ਕਾਂਗਰਸ ਦੇ ਵਿਧਾਇਕਾਂ ਨੇ ਵੀ ਬਾਦਲਾਂ ਦੇ ਸ਼ਾਸਨ ਦਾ ਸੇਕ ਝੱਲਿਆ ਹੈ ਅਤੇ ਉਨ੍ਹਾਂ ਲੋਕਾਂ ਨੂੰ ਵੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੀ ਤਬਾਹੀ ‘ਤੇ ਗੁੱਸਾ ਹੈ ਜਿਸ ਕਰਕੇ ਉਨ੍ਹਾਂ ਦਾ ਪ੍ਰਤੀਕਰਮ ਆਉਣਾ ਸੁਭਾਵਿਕ ਹੈ ਕਿ ਵੱਖ-ਵੱਖ ਅਪਰਾਧਾਂ ਦੇ ਸੂਤਰਧਾਰ ਕਿਤੇ ਬਚ ਨਾ ਨਿਕਲਣ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਕਿਸੇ ਦੋਸ਼ੀ ਨੂੰ ਵੀ ਸਜ਼ਾ ਤੋਂ ਬਚ ਨਿਕਲਣ ਦੀ ਇਜਾਜ਼ਤ ਨਹੀਂ ਦੇਣਗੇ, ਭਾਵੇਂ ਉਹ ਪਿਛਲੀ ਸਰਕਾਰ ਵਿੱਚ ਕਿੱਡੇ ਵੀ ਵੱਡੇ ਅਹੁਦੇ ‘ਤੇ ਕਿਉਂ ਨਾ ਰਹਿ ਚੁੱਕਿਆ ਹੋਵੇ।
ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕਿਹਾ,”ਤੁਸੀਂ ਆਪਣੇ ਗੁਨਾਹਾਂ ਦੀ ਸਜ਼ਾ ਭੁਗਤਣ ਜਾ ਰਹੇ ਹੋ ਤੇ ਅਜਿਹੇ ਮਨਘੜਤ ਅਤੇ ਆਧਾਰਹੀਣ ਦੋਸ਼ਾਂ ਨਾਲ ਤੁਸੀਂ (ਹਰਮਿਸਰਤ) ਜਾਂ ਬਾਕੀ ਬਾਦਲ ਕੁਨਬਾ ਲੋਕਾਂ ਦੇ ਗੁੱਸੇ ਜਾਂ ਉਨ੍ਹਾਂ ਦੇ ਨੱਕ ਥੱਲੇ ਹੋਏ ਜੁਰਮਾਂ ਲਈ ਕਾਨੂੰਨ ਦੇ ਸ਼ਿਕੰਜੇ ਤੋਂ ਬਚ ਨਹੀਂ ਸਕੇਗਾ।
ਕੈਪਟਨ ਦਾ ਇਹ ਬਿਆਨ ਨਵਜੋਤ ਸਿੱਧੂ ਵਲੋਂ ਨਸ਼ਿਆਂ ਦੇ ਮੁੱਦੇ ਬਾਦਲਾਂ ‘ਤੇ ਲਾਏ ਦੋਸ਼ਾਂ ਵਰਗਾ ਹੀ ਹੈ। ਮਾਹਰਾਂ ਅਨੁਸਾਰ ਕੁੱਲ ਮਿਲਾ ਕੇ ਆਖ਼ਰਕਾਰ ਮੁੱਖ ਮੰਤਰੀ ਨੂੰ ਨਵਜੋਤ ਸਿੱਧੂ ਵਲੋਂ ਦਿੱਤੇ ਗਏ ਬਿਆਨ ਦੇ ਹੱਕ ਵਿੱਚ ਖੜ੍ਹਨਾ ਹੀ ਪਿਆ, ਫਿਰ ਭਾਂਵੇ ਇਹ ਉਸ ਵੇਲੇ ਹੀ ਕਿਉਂ ਨਾ ਹੋਇਆ ਹੋਵੇ ਜਦੋਂ ਹਰਸਿਮਰਤ ਨੇ ਉਨ੍ਹਾਂ ਦੀ ਫੋਟੋ ਟਵਿੱਟਰ ਤੇ ਪਾ ਕੇ ਕੈਪਟਨ ਨੂੰ ਟਿੱਚਰ ਕੀਤੀ ਹੈ। ਚਲੋ ਜਸਵਿੰਦਰ ਭਲੇ ਵਾਲੇ ਪੋਲੇ ਅਤੇ ਠੋਲੇ ਵਾਲੀ ਉਦਾਹਰਣ ਦੇ ਚੱਕਰਾਂ ਚ ਨਾ ਪਓ। ਅੱਗੇ ਦੇਖੋ ਕੀ ਹੁੰਦੈ।