ਚੱਕ ਤੇ ਫੱਟੇ, ਜਗਤਾਰ ਹਵਾਰਾ ਜੇਲ੍ਹ ‘ਚ ਬੈਠਾ ਦਵਾਏਗਾ ਬਰਗਾੜੀ ਮੋਰਚੇ ਵਾਲਿਆਂ ਨੂੰ ਇੰਨਸਾਫ

Prabhjot Kaur
4 Min Read

ਸਿੱਖ ਬੰਦੀ ਦਿਲਬਾਗ ਸਿੰਘ ਦੀ ਰਿਹਾਈ ਨੂੰ ਬਰਗਾੜੀ ਮੋਰਚੇ ਦੀ ਸਫਲਤਾ ਨਹੀਂ ਮੰਨਦੇ ਹਵਾਰਾ ਦੇ ਸਾਥੀ

ਅੰਮ੍ਰਿਤਸਰ: ਸਰਬੱਤ  ਖਾਲਸਾ ਵੱਲੋਂ ਥਾਪੇ ਗਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਆਉਣ ਵਾਲੇ ਸਮੇਂ ਦੌਰਾਨ ਜੇਲ੍ਹ ਅੰਦਰ ਬੈਠਿਆਂ ਹੀ ਬਰਗਾੜੀ ਮੋਰਚੇ ਦੀ ਕਮਾਨ ਸੰਭਾਲਣ ਜਾ ਰਹੇ ਹਨ। ਇਹ ਮੋਰਚਾ ਆਉਂਦੀ 20 ਫਰਵਰੀ ਤੋਂ ਪੰਜਾਬ ਦੀਆਂ ਜੇਲ੍ਹਾਂ ਬਾਹਰ ਲਾਉਣ ਦਾ ਐਲਾਨ ਕੀਤਾ ਗਿਆ ਹੈ। ਜਗਤਾਰ ਸਿੰਘ ਹਵਾਰਾ ਵੱਲੋਂ ਬਣਾਈ ਗਈ 5 ਮੈਂਬਰੀ ਕਮੇਟੀ ਨੇ ਸਰਕਾਰ ਨੂੰ ਮੰਗਾਂ ਮੰਨਣ ਲਈ 15 ਫਰਵਰੀ ਤੱਕ ਦਾ ਸਮਾਂ ਦਿੱਤਾ ਹੈ ਜੇਕਰ ਇਸ ਦੌਰਾਨ ਸਰਕਾਰ ਨੇ ਬੰਦੀ ਸਿੰਘਾਂ ਦੀ ਰਿਹਾਈ ਨਾ ਕੀਤੀ ਤਾਂ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਜੇਲ੍ਹਾਂ ਦੇ ਬਾਹਰ ਇਹ ਮੋਰਚਾ ਸ਼ੁਰੂ ਕੀਤਾ ਜਾਵੇਗਾ।

ਦੱਸ ਦਈਏ ਕਿ ਹਵਾਰਾ ਵੱਲੋਂ ਥਾਪੀ ਗਈ 5 ਮੈਂਬਰੀ ਕਮੇਟੀ ਵਿੱਚ ਭਾਈ ਨਰੈਣ ਸਿੰਘ ਚੌੜਾ, ਐਡਵੋਕੇਟ ਅਮਰ ਸਿੰਘ ਚਾਹਲ, ਪ੍ਰੋ: ਬਲਜਿੰਦਰ ਸਿੰਘ, ਮਾਸਟਰ ਸੰਤੋਖ ਸਿੰਘ ਆਦਿ ਮੈਂਬਰ ਸ਼ਾਮਲ ਹਨ ਜਿਨ੍ਹਾਂ ਵੱਲੋਂ ਸਰਕਾਰ ਅੱਗੇ ਕੁੱਲ 3 ਮੰਗਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਬੇਅਦਬੀ ਦੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ, ਬਹਿਬਲ ਕਲਾਂ ਗੋਲੀ ਕਾਂਡ ਵਿੱਚ ਪਿਛਲੀ ਸਰਕਾਰ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਡੀਜੀਪੀ ਸਣੇ ਬਾਕੀ ਦੇ ਪੁਲਿਸ ਅਧਿਕਾਰੀਆਂ ਤੇ ਹੋਰ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਤੋਂ ਇਲਾਵਾ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਪ੍ਰਮੁੱਖ ਹਨ। ਇਨ੍ਹਾਂ ਤਿੰਨਾਂ ਮੰਗਾਂ ਨੂੰ ਮਨਾਉਣ ਲਈ ਹੀ ਪਿਛਲਾ ਬਰਗਾੜੀ ਮੋਰਚਾ ਲਾਇਆ ਗਿਆ ਸੀ, ਪਰ ਉਸ ਵੇਲੇ ਮੋਰਚਾ ਦੇ ਮੋਢੀਆਂ ਵੱਲੋਂ ਮੰਗਾਂ ਪੂਰੀਆਂ ਹੋਣ ਤੋਂ ਪਹਿਲਾਂ ਹੀ ਮੋਰਚਾ ਖਤਮ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਮੋਢੀਆਂ ਨੂੰ ਕਈ ਤਰ੍ਹਾਂ ਦੇ ਇਲਜ਼ਾਮਾਂ ਦਾ ਸਾਹਮਣਾ ਕਰਨਾ ਪਿਆ ਤੇ ਬਾਅਦ ਵਿੱਚ ਜਗਤਾਰ ਸਿੰਘ ਹਵਾਰਾ ਨੇ ਇਸ ਤੇ ਸਖਤ ਨਾਰਾਜ਼ਗੀ ਜ਼ਾਹਰ ਕਰਦਿਆਂ ਮੋਰਚੇ ਦੀ ਸਾਰੀ ਕਮਾਂਡ ਜੇਲ੍ਹ ਅੰਦਰੋਂ ਹੀ ਆਪਣੇ ਹੱਥ ਵਿੱਚ ਲੈ ਲਈ ਸੀ।

ਪੰਜ ਮੈਂਬਰੀ ਕਮੇਟੀ ਵੱਲੋਂ ਇਸ ਵਾਰ ਮੋਰਚੇ ਨੂੰ 3 ਪੜਾਵਾਂ ਵਿੱਚ ਲਾਉਣ ਦਾ ਐਲਾਨ ਕੀਤਾ ਹੈ। ਜਿਸ ਤਹਿਤ ਜੇਕਰ 15 ਫਰਵਰੀ ਤੱਕ ਸਰਕਾਰ ਨੇ ਮੋਰਚੇ ਦੀਆਂ ਮੰਗਾਂ ਨਾ ਮੰਨੀਆਂ ਤਾਂ 20 ਫਰਵਰੀ ਤੋਂ ਪਹਿਲੇ ਪੜਾਅ ਤਹਿਤ ਜੇਲ੍ਹਾਂ ਅੰਦਰ ਬੰਦ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਜੇਲ੍ਹਾਂ ਦੇ ਬਾਹਰ ਧਰਨੇ ਪ੍ਰਦਰਸ਼ਣ ਦਾ ਦੌਰ ਸ਼ੁਰੂ ਕੀਤਾ ਜਾਵੇਗਾ। ਜਿਸ ਤਹਿਤ 20 ਫਰਵਰੀ ਨੂੰ ਪਹਿਲਾਂ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਬਾਹਰ, ਉਸ ਤੋਂ ਬਾਅਦ ਬੁੜੈਲ ਜੇਲ੍ਹ, ਤੇ ਫਿਰ ਨਾਭਾ ਦੀ ਮੈਕਸੀਮਮ ਸਕਿਉਰਟੀ ਜੇਲ੍ਹ ਦੇ ਬਾਹਰ ਧਰਨੇ ਲਾਏ ਜਾਣਗੇ।

- Advertisement -

ਕਮੇਟੀ ਵੱਲੋਂ ਕੀਤੀ ਗਈ ਮੰਗ ਵਿੱਚ ਬੇਅਦਬੀ ਕਾਂਡ ਵਿੱਚ ਡੇਰਾ ਸਿਰਸਾ ਮੁਖੀ ‘ਤੇ ਪਰਚਾ ਦਰਜ਼ ਕਰਕੇ ਸੌਦਾ ਸਾਧ ਅਤੇ ਉਸ ਦੇ ਸਹਿਯੋਗੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਵੀ ਸ਼ਾਮਲ ਹੈ। ਕਮੇਟੀ ਮੈਂਬਰਾਂ ਅਨੁਸਾਰ ਸਿੱਖ ਬੰਦੀ ਦਿਲਬਾਗ ਸਿੰਘ ਦੀ ਰਿਹਾਈ ਨੂੰ ਬਰਗਾੜੀ ਮੋਰਚੇ ਦੀ ਸਫਲਤਾ ਨਹੀਂ ਮੰਨਿਆਂ ਜਾ ਸਕਦਾ ਕਿਉਂਕਿ ਉਸ ਦੀ ਰਿਹਾਈ ਵਿੱਚ ਤਾਂ ਕੋਈ ਰੁਕਾਵਟ ਹੀ ਨਹੀਂ ਸੀ। ਇਸ ਮੌਕੇ ਕਮੇਟੀ ਨੇ ਭਾਈ ਧਿਆਨ ਸਿੰਘ ਮੰਡ ਸਬੰਧੀ ਬੋਲਦਿਆਂ ਕਿਹਾ ਕਿ ਮੰਡ ਦੀ ਨਿਯੁਕਤੀ ਸਰਬੱਤ ਖਾਲਸਾ ਨੇ ਕੀਤੀ ਸੀ ਲਿਹਾਜ਼ਾ ਸਰਬੱਤ ਖਾਲਸਾ ਹੀ ਉਨ੍ਹਾ ਦੀ ਜਵਾਬ ਤਲਬੀ ਕਰੇਗਾ ਤੇ ਸਰਬੱਤ ਖਾਲਸਾ ਵੱਲੋਂ ਹੀ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ।

 

Share this Article
Leave a comment