ਚੀਫ ਖਾਲਸਾ ਦੀਵਾਨ ਇਤਰਾਜ਼ਯੋਗ ਵੀਡੀਓ ਕਾਰਨ ਮੁੜ ਚਰਚਾ ‘ਚ, ਦੀਵਾਨ ਦੇ ਮੈਂਬਰ ਦੀ ਮੁੱਢਲੀ ਮੈਂਬਰਸ਼ਿਪ ਖਾਰਜ਼

Prabhjot Kaur
3 Min Read

ਅੰਮ੍ਰਿਤਸਰ : ਇੰਝ ਜਾਪਦਾ ਹੈ ਕਿ ਜਿਵੇਂ ਅਸ਼ਲੀਲਤਾ ਚੀਫ ਖਾਲਸਾ ਦੀਵਾਨ ਨਾਮਕ ਸਿੱਖ ਸੰਸਥਾ ਦੇ ਪਿੱਛੇ ਹੱਥ ਧੋਹ ਕੇ ਪੈ ਗਈ ਹੈ। ਪਹਿਲਾਂ ਇਸ ਸੰਸਥਾ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਬਾਰੇ ਇੱਕ ਅਜਿਹੀ ਵੀਡੀਓ ਵਾਇਰਲ ਹੋਈ ਜਿਸ ਬਾਰੇ ਇਹ ਦਾਅਵਾ ਕੀਤਾ ਗਿਆ ਕਿ ਚੱਢਾ ਇੱਕ ਸਕੂਲ ਦੀ ਪ੍ਰਿਸੀਪਲ ਨਾਲ ਇਤਰਾਜ਼ਯੋਗ ਹਾਲਤ ਵਿੱਚ ਕੈਮਰੇ ਰਾਹੀਂ ਫੜੇ ਗਏ ਹਨ। ਉਸ ਵੀਡੀਓ ਕਾਰਨ ਨਾ ਸਿਰਫ ਚੱਢਾ ਨੂੰ ਆਪਣੀ ਚੀਫ ਖਾਲਸਾ ਦੀਵਾਨ ਦੀ ਪ੍ਰਧਾਨਗੀ ਗਵਾਉਣੀ ਪਈ ਬਲਕਿ ਉਸ ਤੋਂ ਬਾਅਦ ਘਟੀਆਂ ਘਟਨਾਵਾਂ ਦੌਰਾਨ ਚਰਨਜੀਤ ਸਿੰਘ ਚੱਢਾ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਨੇ ਆਤਮ ਹੱਤਿਆ ਤੱਕ ਕਰ ਲਈ ਸੀ। ਉਹ ਮਾਮਲਾ ਅਜੇ ਸ਼ਾਂਤ ਵੀ ਨਹੀਂ ਹੋਇਆ ਕਿ ਹੁਣ ਇਹ ਸੰਸਥਾ ਇਤਰਾਜ਼ਯੋਗ ਤਸਵੀਰਾਂ ਕਾਰਨ ਇੱਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸੰਸਥਾ ਦੇ ਆਪਸੀ ਸੰਪਰਕ ਲਈ ਬਣਾਏ ਗਏ ਵਟਸਐਪ ਗਰੁੱਪ ਸੀਕੇਡੀ ਅਪਡੇਟਸ, ਵਿੱਚ ਬਹੁਤ ਸਾਰੀਆਂ ਅਸ਼ਲੀਲ ਤਸਵੀਰਾਂ ਪਾ ਦਿੱਤੀਆਂ ਗਈਆਂ। ਜਿਸ ‘ਤੇ ਗਰੁੱਪ ਅੰਦਰ ਮੌਜੂਦ ਮੈਂਬਰਾਂ ਵੱਲੋਂ ਜੋਰਦਾਰ ਵਿਰੋਧ ਕਰਨ ਤੋਂ ਬਾਅਦ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਅਜਿਹੀਆਂ ਤਸਵੀਰਾਂ ਵਟਸਐਪ ਗਰੁੱਪ ਵਿੱਚ ਪਾਉਣ ਵਾਲੇ ਚੀਫ ਖਾਲਸਾ ਦੀਵਾਨ ਦੇ ਮੈਂਬਰ ਦੀ ਮੁੱਢਲੀ ਮੈਂਬਰਸਿਪ ਖਾਰਜ਼ ਕਰ ਦਿੱਤੀ।

ਦੱਸ ਦਈਏ ਕਿ ਚੀਫ ਖਾਲਸਾ ਦੀਵਾਨ ਵੱਲੋਂ ਬਣਾਏ ਗਏ ਸੀਕੇਡੀ ਨਾਮਕ ਵਟਸਐਪ ਗਰੁੱਪ 147 ਮੈਂਬਰ ਹਨ, ਜਿਨ੍ਹਾਂ ਵਿੱਚ ਕੁਝ ਗਿਣਤੀ ਮਹਿਲਾ ਮੈਂਬਰਾਂ ਦੀ ਵੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਕੁਝ ਮੈਂਬਰਾਂ ਨੇ ਮੀਡੀਆ ਨੂੰ ਦੱਸਿਆ ਕਿ ਇਹ ਤਸਵੀਰਾਂ ਵਟਸਐਪ ਗਰੁੱਪ ‘ਚ ਬੀਤੀ ਕੱਲ੍ਹ ਦੁਪਿਹਰ ਸਮੇਂ ਪਾਈਆਂ ਗਈਆਂ ਸਨ, ਜਿਸ ਨੂੰ ਦੇਖਦੇ ਸਾਰ ਗਰੁੱਪ ਮੈਂਬਰਾਂ ਨੇ ਅਜਿਹਾ ਕਰਨ ਵਾਲੇ ਮੈਂਬਰ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਸੰਸਥਾ ਦੇ ਮੈਂਬਰਾਂ ਨੇ ਇਸ ਗਰੁੱਪ ਅੰਦਰ ਪਾਈਆਂ ਗਈਆਂ ਤਸਵੀਰਾਂ ਅਤੇ ਗਰੁੱਪ ਮੈਂਬਰਾਂ ਵੱਲੋਂ ਭੇਜੇ ਗਏ ਵਿਰੋਧ ਵਾਲੇ ਮੈਸੇਜਾਂ ਦੇ ਸਕਰੀਨ ਸ਼ੌਟ ਮਾਰ ਕੇ ਰੱਖ ਲਏ ਤੇ ਮਾਮਲਾ ਵਧਦਾ ਦੇਖ ਪ੍ਰਧਾਨ ਨਿਰਮਲ ਸਿੰਘ ਨੂੰ ਹਰਕਤ ਵਿੱਚ ਆਉਣਾ ਪਿਆ।

ਨਿਰਮਲ ਸਿੰਘ ਅਨੁਸਾਰ ਇਹ ਇੱਕ ਬੇਹੱਦ ਨਿੰਦਣਯੋਗ ਹਰਕਤ ਹੈ ਤੇ ਇਸੇ ਲਈ ਉਨ੍ਹਾਂ ਨੇ ਦੀਵਾਨ ਦੇ ਮੈਂਬਰ ਰਮਿੰਦਰ ਸਿੰਘ ਸੰਧੂ ਨੂੰ ਪਹਿਲਾਂ ਉਸ ਵਟਸਐਪ ਗਰੁੱਪ ਵਿੱਚੋਂ ਬਾਹਰ ਕੱਢਿਆ ਤੇ ਉਸ ਦੇ ਨਾਲ ਹੀ ਉਸ ਦੀ ਚੀਫ ਖਾਲਸਾ ਦੀਵਾਨ ਵਾਲੀ ਮੈਂਬਰਸ਼ਿੱਪ ਵੀ ਖਾਰਜ਼ ਕਰ ਦਿੱਤੀ। ਦੀਵਾਨ ਦੇ ਪ੍ਰਧਾਨ ਅਨੁਸਾਰ ਇਹ ਕਾਰਵਾਈ ਇਸ ਸਿੱਖ ਸੰਸਥਾ ਦੇ ਅਕਸ਼ ਨੂੰ ਢਾਹ ਲਾਉਣ ਦੇ ਬਰਾਬਰ ਹੈ ਤੇ ਅਜਿਹੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਤਾਂ ਜੋ ਭਵਿੱਖ ਵਿੱਚ ਹੋਰਾਂ ਨੂੰ ਇਸ ਤੋਂ ਸਬਕ ਮਿਲੇ। ਨਿਰਮਲ ਸਿੰਘ ਨੇ ਦਾਅਵਾ ਕੀਤਾ ਕਿ ਰਮਿੰਦਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਇਹ ਤਸਵੀਰਾਂ ਉਨ੍ਹਾਂ ਦੇ ਕਿਸੇ ਪਰਿਵਾਰਕ ਮੈਂਬਰ ਨੇ ਗਲਤੀ ਨਾਲ ਇਸ ਗਰੁੱਪ ਵਿੱਚ ਭੇਜ ਦਿੱਤੀਆਂ ਹਨ, ਜਿਸ ਬਾਰੇ ਉਹ ਅਣਜਾਣ ਸਨ। ਉਨ੍ਹਾਂ ਕਿਹਾ ਕਿ ਰਮਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਕਾਰਵਾਈ ਲਈ ਉਸ ਨੂੰ ਅਫਸੋਸ ਹੈ।

 

- Advertisement -

Share this Article
Leave a comment