ਘਰ ਘਰ ‘ਚੋਂ ਲੱਭਕੇ ਨੌਕਰੀ ਖਤਮ ਕਰਨ ‘ਤੇ ਤੁਲੀ ਕੈਪਟਨ ਸਰਕਾਰ ? ਦੇਖੋ ਨਵਾਂ ਫੈਸਲਾ, ਨੌਕਰੀ ਦੇਣ ਦੀ ਥਾਂ ਖੋਹਣ ਵਾਲਾ ਇਸ਼ਤਿਹਾਰ ਜਾਰੀ

Prabhjot Kaur
4 Min Read

ਚੰਡੀਗੜ੍ਹ : ਹੁਸਨ ਦੀ ਗੱਲ ਜਦੋਂ-ਜਦੋਂ ਵੀ ਤੁਰਦੀ ਹੈ ਤਾਂ ਲੋਕ ਅਕਸਰ ਆਲਮਗੀਰ ਖ਼ਾਨ ਕੈਫ਼ ਦਾ ਇਹ ਸ਼ੇਅਰ, ” ਅੱਛੀ ਸੂਰਤ ਭੀ ਕਿਆ ਬੁਰੀ ਸ਼ੈਅ ਹੈ, ਜਿਸਨੇ ਭੀ ਡਾਲੀ ਬੁਰੀ ਨਜ਼ਰ ਡਾਲੀ”, ਸੁਣਾਉਂਦੇ ਆਮ ਦਿਖਾਈ ਦੇ ਜਾਣਗੇ, ਪਰ ਜਿਸ ਤਰ੍ਹਾਂ ਸੱਤਾ ਪ੍ਰਾਪਤੀ ਲਈ ਸਿਆਸਤਦਾਨਾਂ ਝੂਠ ਦਾ ਸਹਾਰਾ ਲੈ ਰਹੇ ਨੇ ਉਹ ਚੀਜ਼ ਸ਼ਾਇਰਾਂ ਨੂੰ ਉਕਤ ਸ਼ੇਅਰ ਬਦਲ ਕੇ, “ਸੱਤਾ ਪ੍ਰਾਪਤੀ ਭੀ ਕਿਆ ਬੁਰੀ ਸ਼ੈਅ ਹੈ, ਜਿਸਨੇ ਭੀ ਬੋਲਾ ਝੂਠ ਹੀ ਬੋਲਾ”, ਦੇ ਰੂਪ ‘ਚ ਲਿਖਣ ਲਈ ਪ੍ਰੇਰਿਤ ਕਰ ਰਹੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਕੀ ਅਕਾਲੀ ਕੀ ਭਾਜਪਾਈ ਤੇ ਕੀ ਕਾਂਗਰਸੀ ਸੱਤਾ ਪ੍ਰਾਪਤੀ ਲਈ ਵੋਟਾਂ ਤੋਂ ਪਹਿਲਾਂ ਲੋਕਾਂ ਨਾਲ ਅਜਿਹੇ ਵਾਅਦੇ ਕਰ ਰਹੇ ਹਨ ਜਿਨ੍ਹਾਂ ਬਾਰੇ ਜਾਂ ਤਾਂ ਸੱਤਾ ਹਾਸਲ ਕਰਨ ਤੋਂ ਬਾਅਦ ਗੋਲ-ਮੋਲ ਘੁੰਮਾ ਕੇ ਮਤਲਬ ਗ਼ਲਤ ਕੱਢ ਦਿੱਤਾ ਜਾਂਦਾ ਹੈ ਜਾਂ ਫਿਰ ਸ਼ਰੇਆਮ ਮੂਰਖ ਬਣਾਉਣ ਵਾਲਾ ਅਜਿਹਾ ਕੁਝ ਕੀਤਾ ਜਾਂਦਾ ਹੈ ਕਿ ਲੋਕਾਂ ਨੂੰ ਇਹ ਪਤਾ ਹੁੰਦਿਆਂ ਕਿ ਅਸੀਂ ਮੂਰਖ ਬਣ ਗਏ ਹਨ, ਕੁਝ ਨਹੀਂ ਕਰ ਪਾਉਂਦੇ। ਅਜਿਹਾ ਹੀ ਇੱਕ ਕੰਮ ਕਾਂਗਰਸ ਪਾਰਟੀ ਨੇ ਵੀ ਕੀਤਾ ਹੈ ਜੋਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬੀਆਂ ਨਾਲ ਵਾਅਦਾ ਤਾਂ ਘਰ ਘਰ ਰੋਜ਼ਗਾਰ ਦਾ ਕਰ ਕੇ ਸੱਤਾ ਚ ਆਏ ਸਨ ਪਰ ਕੰਮ ਅਜਿਹਾ ਕਰ ਰਹੇ ਹਨ ਕਿ ਲੋਕ ਕਹਿਣ ਨੂੰ ਮਜਬੂਰ ਹੋ ਗਏ ਨੇ ਕਿ ਘਰ ਘਰ ‘ਚੋਂ ਨੌਕਰੀ ਲੱਭਕੇ ਖਤਮ ਕਰਨ ‘ਤੇ ਤੁਲ ਗਈ ਹੈ ਕੈਪਟਨ ਸਰਕਾਰ ।

ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਵੱਲੋਂ ਸਾਲ 2016 ਦੌਰਾਨ ਭਰਤੀ ਕੀਤੇ ਗਏ 2005 ਈਟੀਟੀ ਅਧਿਆਪਕਾਂ ਵਿੱਚੋਂ 18 ਅਧਿਆਪਕਾਂ ਦੀਆਂ ਸੇਵਾਵਾਂ ਖਤਮ ਕਰਨ ਦਾ ਮਨ ਬਣਾ ਲਿਆ ਹੈ। ਇਸ ਸਬੰਧੀ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਵੱਲੋਂ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਜਿਲ੍ਹੇ ਦੇ ਸਿੱਖਿਆ ਅਧਿਕਾਰੀਆਂ (ਐਸਿ) ਨੂੰ ਇੱਕ ਪੱਤਰ ਜਾਰੀ ਕਰਕੇ ਕਿਹਾ ਹੈ ਕਿ ਜਿਨ੍ਹਾਂ ਅਧਿਆਪਕਾਂ ਨੂੰ ਨੌਕਰੀ ‘ਚੋਂ ਕੱਢਣਾ ਹੈ ਉਹ ਅੰਮ੍ਰਿਤਸਰ,ਤਰਨਤਾਰਨ ਅਤੇ ਗੁਰਦਾਸਪੁਰ ਨਾਲ ਸਬੰਧਤ ਹਨ ਤੇ ਉਨ੍ਹਾਂ ਦੀ ਭਰਤੀ ਬਣਦੀਆਂ ਅਸਾਮੀਆਂ ਤੋਂ ਵੱਧ ਕਰ ਲਈ ਗਈ ਸੀ। ਪੱਤਰ ਵਿੱਚ ਸਾਫ ਤੌਰ ‘ਤੇ ਲਿਖਿਆ ਗਿਆ ਹੈ ਕਿ 30 ਜੁਲਾਈ 2016 ਨੂੰ 2005 ਈਟੀਟੀ ਅਧਿਆਪਕਾਂ ਦੀ ਭਰਤੀ ਕੀਤੀ ਜਾਣੀ ਸੀ ਜਿਸ ਸਬੰਧੀ ਇਸਤਿਹਾਰ ਵੀ ਦਿੱਤਾ ਗਿਆ ਸੀ ਤੇ ਇਸ ਇਸਤਿਹਾਰ ਮੁਤਾਬਿਕ ਬੀਸੀ ਕੈਟਾਗਿਰੀ ਦੀਆਂ ਅਸਾਮੀਆਂ ‘ਤੇ ਕੀਤੀ ਜਾਣ ਵਾਲੀ ਭਰਤੀ ਬਣਦੀਆਂ ਅਸਾਮੀਆਂ ਤੋਂ 18 ਅਧਿਆਪਕ ਵੱਧ ਭਰਤੀ ਕਰ ਲਏ ਗਏ। ਜਿਨ੍ਹਾਂ ਦੀਆਂ ਸੇਵਾਵਾਂ ਯੋਗ ਵਿਧੀ ਅਪਣਾ ਕੇ ਖਤਮ ਕੀਤੀਆਂ ਜਾਣੀਆਂ ਹਨ। ਪੱਤਰ ਵਿੱਚ ਜਿਨ੍ਹਾਂ ਅਧਿਆਪਕਾਂ ਦੀਆਂ ਸੇਵਾਵਾਂ ਖਤਮ ਕੀਤੀਆਂ ਜਾਣੀਆਂ ਹਨ ਉਨ੍ਹਾਂ ਬਾਰੇ ਦਿੱਤੇ ਗਏ ਵੇਰਵੇ ਅਨੁਸਾਰ ਮੁਕਤਾ ਦੇਵੀ, ਸਨੋਜ ਕੁਮਾਰ, ਵੀਰਪਾਲ ਕੌਰ, ਰਮਨਦੀਪ ਕੌਰ, ਨਰਿੰਦਰ ਕੌਰ, ਅੰਜ਼ੁ ਬਾਲਾ, ਪ੍ਰਭਦੀਪ ਕੌਰ, ਪ੍ਰਿੰਅਕਾ ਰਾਣੀ,ਪ੍ਰਿਅੰਕਾ ਦੇਵੀ, ਮੁਹੰਮਦ ਅਮਜਦ, ਮਨੀਸ਼ ਰਾਣੀ, ਵਸ਼ੂਦਾ ਗੋਸਵਾਮੀ, ਹਰਪ੍ਰੀਤ ਕੌਰ, ਗਗਨਦੀਪ, ਗਗਨਦੀਪ ਕੌਰ, ਮਨਦੀਪ ਕੌਰ, ਕੁਲਵੀਰ ਕੌਰ ਤੇ ਗਗਨਦੀਪ ਕੌਰ ਦੇ ਨਾਮ ਸ਼ਾਮਲ ਹਨ।

ਇਹ ਖ਼ਬਰ ਜਿਉਂ ਹੀ ਅਧਿਆਪਕਾਂ ਤੱਕ ਪਹੁੰਚੀ ਤਾਂ ਉਨ੍ਹਾਂ ਦੇ ਪ੍ਰਧਾਨ ਅਸ਼ਵਨੀ ਅਵੱਸਥੀ ਨੇ ਕਿਹਾ ਕਿ ਈਟੀਟੀ ਅਧਿਆਪਕ ਆਪਣਾ 2 ਸਾਲ ਦਾ ਪਰਖ ਸਮਾਂ ਪੂਰਾ ਕੀਤੇ ਜਾਣ ਤੋਂ ਬਾਅਦ ਹੁਣ ਰੈਗੁਲਰ ਸੇਵਾਵਾਂ ਨਭਾਉਂਦੇ ਆ ਰਹੇ ਹਨ ਤੇ ਹੁਣ ਉਨ੍ਹਾਂ ਨੂੰ ਇਹ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਜੋ ਕਿ ਗੈਰ-ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਵੀ ਅਜਿਹੇ ਨਿਯਮ ਤੈਅ ਕੀਤੇ ਗਏ ਹਨ ਕਿ ਤਹਿ ਅਸਾਮੀਆਂ ਤੋਂ 10 ਫੀਸਦੀ ਘੱਟ ਜਾਂ 10 ਫੀਸਦੀ ਵੱਧ ਭਰਤੀ ਕੀਤੀ ਜਾ ਸਕਦੀ ਹੈ। ਲਿਹਾਜ਼ਾ ਸਰਕਾਰ ਨੂੰ ਇਨ੍ਹਾਂ ਅਧਿਆਪਕਾਂ ਪ੍ਰਤੀ ਨਿਰਮਾਈ ਵਾਲਾ ਰਵੱਈਆ ਅਪਣਾਉਣਾ ਚਾਹੀਦਾ ਹੈ।

 

- Advertisement -

Share this Article
Leave a comment