ਰੂਪਨਗਰ : ਆਮ ਆਦਮੀ ਪਾਰਟੀ ਦੇ ਜਿਸ ਵਿਧਾਇਕ ਅਮਰਜੀਤ ਸਿੰਘ ਸੰਦੋਆ ਦਾ ਮਾਈਨਿੰਗ ਮਾਫੀਆ ਵਾਲਿਆਂ ਨਾਲ ਝਗੜਾ ਹੋਣ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਸੰਦੋਆ ਦਾ ਪੱਤਰਕਾਰ ਸੰਮੇਲਣ ਕਰਕੇ ਦੱਬ ਕੇ ਬਚਾਅ ਕੀਤਾ ਸੀ, ਪਾਰਟੀ ਛੱਡਦਿਆਂ ਹੀ ਉਹ ਸੰਦੋਆ ਹੁਣ ਸੁਖਪਾਲ ਖਹਿਰਾ ਦੇ ਨਿਸ਼ਾਨੇ ‘ਤੇ ਆ ਗਏ ਹਨ। ਖਹਿਰਾ ਨੇ ‘ਆਪ’ ਦੇ ਇਸ ਵਿਧਾਇਕ ਖਿਲਾਫ ਵੱਡਾ ਬਿਆਨ ਦਿੰਦਿਆਂ ਕਿਹਾ ਹੈ, ਕਿ ਸੰਦੋਆ ਤਾਂ ਗੁੰਡਾ ਟੈਕਸ ਵਸੂਲਦੇ ਹਨ। ਗੱਲ ਇੱਥੇ ਹੀ ਮੁੱਕ ਜਾਂਦੀ ਤਾਂ ਸ਼ਾਇਦ ਇਸ ਨੂੰ ਇੱਕ ਸਿਆਸੀ ਬਿਆਨ ਕਹਿ ਕੇ ਵਿਸਾਰ ਦਿੱਤਾ ਜਾਂਦਾ, ਪਰ ਇਸ ‘ਤੇ ਜਦੋਂ ਪੱਤਰਕਾਰ ਨੇ ਖਹਿਰਾ ਨੂੰ ਉਨ੍ਹਾਂ ਦਾ ਪੁਰਾਣਾ ਬਿਆਨ ਯਾਦ ਕਰਵਾਉਣਾ ਚਾਹਿਆ ਤਾਂ ਸੁਖਪਾਲ ਸਿੰਘ ਖਹਿਰਾ ਉਲਟਾ ਪੱਤਰਕਾਰ ‘ਤੇ ਹੀ ਭੜਕ ਗਏ, ਤੇ ਕਹਿਣ ਲੱਗੇ ਕਿ ਬਹਿਸ ਨਾ ਕਰੋ।
ਹੋਇਆ ਇੰਝ ਕਿ ਸੁਖਪਾਲ ਸਿੰਘ ਖਹਿਰਾ ਇੱਥੇ ਰੂਪਨਗਰ ਦੇ ਪੁਰਖਾਲੀ ਇਲਾਕੇ ‘ਚ ਬਸਪਾ ਦੇ ਉਮੀਦਵਾਰ ਵਿਕਰਮ ਸਿੰਘ ਸੋਢੀ ਦੇ ਹੱਕ ‘ਚ ਚੋਣ ਰੈਲੀ ਕਰਨ ਆਏ ਸਨ। ਜਿਹੜੇ ਰੈਲੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਇੱਕ ਪੱਤਰਕਾਰ ਨੇ ਸਵਾਲ ਕਰ ਲਿਆ ਕਿ ਜਿਸ ਵੇਲੇ ਤੁਸੀਂ ਆਮ ਆਦਮੀ ਪਾਰਟੀ ‘ਚ ਸੀ ਤਾਂ ਤੁਸੀਂ ਅਮਰਜੀਤ ਸਿੰਘ ਸੰਦੋਆ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਐਮ ਐਲ ਏ ਬਿਨਾਂ ਗੰਨਮੈਨਾਂ ਤੋਂ ਰਹਿਣਗੇ, ਤੇ ਲੋਕਾਂ ਨੂੰ ਸੌਖੇ ਮਿਲਣਗੇ, ਪਰ ਅਜਿਹਾ ਨਹੀਂ ਹੋਇਆ, ਇਸ ਬਾਰੇ ਤੁਸੀਂ ਕੀ ਕਹੋਗੇ? ਇਸ ‘ਤੇ ਜਵਾਬ ਦਿੰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਕੇਜਰੀਵਾਲ ਦਾ ਭਾਂਡਾ ਭੰਨ੍ਹਿਆਂ ਜਾ ਚੁਕਾ ਹੈ, ਤੇ ਜਿਹੜੀਆਂ ਗੱਲਾਂ ਪਹਿਲਾਂ ਕਹੀਆਂ ਗਈਆਂ ਸਨ ਉਹ ਅਸੀਂ ਨਹੀਂ ਕਹੀਆਂ ਸਨ। ਉਹ ਕੇਜਰੀਵਾਲ ਦਾ ਫੰਡਾ ਸੀ। ਸੁਖਪਾਲ ਖਿਹਰਾ ਅਨੁਸਾਰ ਕੇਜਰੀਵਾਲ ਹੁਣ ਬਿਕਰਮ ਸਿੰਘ ਮਜੀਠੀਆ ਤੋਂ ਮਾਫੀ ਮੰਗਣ ਉਪਰੰਤ ਜਿਸ ਢੰਗ ਨਾਲ ਕਾਂਗਰਸ ਦੀਆਂ ਮਿਨਤਾਂ ਤਰਲੇ ਕੱਢ ਰਹੇ ਹਨ, ਜਿਸ ਢੰਗ ਨਾਲ ਸਾਰੇ ਲੋਕ ਉਨ੍ਹਾਂ ਨੂੰ ਛੱਡ ਕੇ ਜਾ ਰਹੇ ਹਨ, ਉਹ ਸਾਬਤ ਕਰਦਾ ਹੈ ਕਿ ਉਹ ਆਪਣੇ ਮੁੱਦਿਆਂ ਨੂੰ ਤਿਲਾਂਜਲੀ ਦੇ ਚੁਕੇ ਹਨ।
ਉਨ੍ਹਾਂ ਕਿਹਾ ਕਿ ਸਾਡੀ ਗਾਰੰਟੀ ਹੈ ਕਿ ਸਾਡੇ ਉਮੀਦਵਾਰ ਜਿਹੋ ਜਿਹੇ ਅੱਜ ਹਨ, ਉਹੋ ਜਿਹੇ ਹੀ ਲੋਕਾਂ ਦੀ ਕਚਿਹਰੀ ਵਿੱਚ ਬਾਅਦ ਵਿੱਚ ਵੀ ਮਿਲਣਗੇ, ਤੇ ਇਹ ਪਰਖ ਦਾ ਸਮਾਂ ਜਰੂਰ ਆਵੇਗਾ। ਇੰਨਾ ਸੁਣਦੇਸਾਰ ਹੀ ਪੱਤਰਕਾਰ ਨੇ ਅੱਗੋਂ ਜਦੋਂ ਖਹਿਰਾ ਨੂੰ ਯਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਕਿ ਖਹਿਰਾ ਸਾਬ੍ਹ ਗਾਰੰਟੀ ਤਾਂ ਤੁਸੀਂ ਉਦੋਂ ਵੀ ਦਿੱਤੀ ਸੀ ਤੇ ਸੰਦੋਆ ਸਾਬ੍ਹ ਵੇਲੇ ਵੀ ਕਿਹਾ ਸੀ, ਇਸ ਤੋਂ ਪਹਿਲਾਂ ਕਿ ਪੱਤਰਕਾਰ ਆਪਣਾ ਸਵਾਲ ਪੂਰਾ ਕਰਦਾ ਸੁਖਪਾਲ ਖਹਿਰਾ ਨੇ ਵਿੱਚੋਂ ਕੱਟਦਿਆਂ ਕਿਹਾ ਕਿ “ਮੈਂ ਨਹੀਂ ਦਿੱਤੀ ਗਾਰੰਟੀ, ਮੈਂ ਕੋਈ ਨਹੀਂ ਕਿਹਾ” ਤੇ ਫਿਰ ਕਹਿ ਦਿੱਤਾ,”ਸੰਦੋਆ ਤਾਂ ਗੁੰਡਾ ਟੈਕਸ ਲੈਂਦਾ ਹੈ” ਇਸ ਗੱਲ ‘ਤੇ ਪੱਤਰਕਾਰ ਨੇ ਅੱਗੋਂ ਫਿਰ ਕਹਿ ਦਿੱਤਾ ਕਿ, “ਤਾਂ ਹੀ ਕਿਹਾ ਹੈ, ਕਿ ਉਦੋਂ ਵੀ ਤੁਸੀਂ ਆਏ ਸੀ, ਤੇ ਉਦੋਂ ਵੀ ਕਿਹਾ ਸੀ”, ਇਸ ਦੌਰਾਨ ਖਹਿਰਾ ਪੱਤਰਕਾਰ ‘ਤੇ ਭੜਕ ਪਏ ਤੇ ਕਹਿਣ ਲੱਗੇ, “ਤੁਸੀਂ ਬਹਿਸ ਕਿਉਂ ਕਰਦੇ ਹੋਂ ਐਦਾਂ ਦੀ, ਤੁਸੀਂ ਮੇਰਾ ਪੱਖ ਲੈਣ ਆਏ ਹੋ ਜਾਂ ਬਹਿਸ ਕਰਨ?”
ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਕੋਈ ਆਗੂ ਕਿਸੇ ਪੱਤਰਕਾਰ ਵੱਲੋਂ ਸਵਾਲ ਪੁੱਛੇ ਜਾਣ ‘ਤੇ ਭੜਕ ਗਿਆ ਹੋਵੇ। ਜਿਸ ਵੇਲੇ ਸਿਆਸਤਦਾਨ ਪੱਤਰਕਾਰ ਦੇ ਕਿਸੇ ਸਵਾਲ ਵਿੱਚ ਆਪਣੇ ਆਪ ਨੂੰ ਫਸਿਆ ਮਹਿਸੂਸ ਕਰਦਾ ਹੈ ਤਾਂ ਉਦੋਂ ਉਹ ਅਕਸਰ ਭੜਕ ਕੇ ਪੱਤਰਕਾਰ ਨੂੰ ਉੱਚਾ ਬੋਲਦਾ ਹੈ ਤਾਂ ਕਿ ਉਹ ਜਨਤਕ ਤੌਰ ‘ਤੇ ਉਸ ਸਿਆਸਤਦਾਨ ਨੂੰ ਕੋਈ ਅਜਿਹਾ ਸਵਾਲ ਨਾ ਕਰੇ ਜਿਸ ਦਾ ਜਵਾਬ ਉਸ ਕੋਲ ਨਾ ਹੋਵੇ। ਪਰ ਮਾਹਰਾਂ ਅਨੁਸਾਰ ਅਜਿਹੇ ਸਿਆਸਤਦਾਨ ਅਕਸਰ ਇਹ ਭੁੱਲ ਜਾਂਦੇ ਹਨ ਕਿ ਪੱਤਰਕਾਰ ਇੱਕ ਪੱਤਰਕਾਰ ਹੋਣ ਦੇ ਨਾਲ ਨਾਲ ਇਸ ਦੇਸ਼ ਦਾ ਨਾਗਰਿਕ ਹੈ ਜਿਹੜਾ ਆਪਣੀ ਡਿਊਟੀ ਕਰਨ ਦੇ ਨਾਲ ਵੋਟ ਦਾ ਅਧਿਕਾਰ ਵੀ ਰੱਖਦਾ ਹੈ। ਉਹ ਵੋਟ ਜਿਸ ਰਾਹੀਂ ਚੁਣ ਕੇ ਜਦੋਂ ਇਹ ਸਿਆਸਤਦਾਨ ਸੱਤਾ ਦੀਆਂ ਕੁਰਸੀਆਂ ‘ਤੇ ਬੈਠਦੇ ਹਨ, ਤਾਂ ਫਿਰ ਇਹੋ ਵੋਟਰ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਟੈਕਸ ਭਰਦੇ ਹਨ, ਤਾਂ ਕਿ ਚੁਣੀ ਹੋਈ ਸਰਕਾਰ ਦੇ ਨੁੰਮਾਇਦੇ ਸੂਬੇ ਤੇ ਦੇਸ਼ ਦਾ ਵਿਕਾਸ ਕਰਵਾ ਸਕਣ, ਪਰ ਜਦੋਂ ਉਸ ਨਾਗਰਿਕ ਨੂੰ ਇਹ ਲੱਗਣ ਲੱਗ ਪੈਂਦਾ ਹੈ ਕਿ ਜਿਸ ਸਿਆਸਤਦਾਨ ਦੇ ਵੱਡੇ ਵੱਡੇ ਵਾਅਦੇ ਦੇਖ ਕੇ ਉਸ ਨੇ ਵੋਟ ਪਾਈ ਸੀ, ਉਹ ਹੁਣ ਉਨ੍ਹਾਂ ਵਾਅਦਿਆਂ ‘ਤੇ ਖਰਾ ਨਹੀਂ ਉਤਰ ਰਿਹਾ ਤਾਂ ਫਿਰ ਉਸੇ ਵੋਟਰ ਨੂੰ ਸਵਿਧਾਨ ਅਜਿਹੇ ਸਿਆਸਤਦਾਨਾਂ ਕੋਲੋਂ ਸਵਾਲ ਪੁੱਛਣ ਦਾ ਅਧਿਕਾਰ ਵੀ ਦਿੰਦਾ ਹੈ, ਕਿ ਪਹਿਲਾਂ ਝੂਠ ਕਿਉਂ ਬੋਲਿਆ ਸੀ? ਪਰ ਅਫਸੋਸ ਇੱਥੇ ਵੋਟ ਦੀ ਨਹੀਂ ਅੱਜ ਕੱਲ੍ਹ ਦਬਕਿਆਂ ਦੀ ਸਿਆਸਤ ਚੱਲਣ ਲੱਗ ਪਈ ਹੈ, ਤੇ ਇਹ ਦਬਕੇ ਜਦੋਂ ਪੱਤਰਕਾਰਾਂ ਨੂੰ ਵੀ ਪੈਣ ਲੱਗ ਪੈਣ ਤਾਂ ਫਿਰ ਲੋਕਤੰਤਰ ਦਾ ਰੱਬ ਹੀ ਰਾਖਾ ਹੈ।