DSGMC ਨੇ ਪਰਮਜੀਤ ਸਰਨਾ ਨੂੰ ਤਨਖਾਹੀਆ ਕਰਾਰ ਦੇਣ ਲਈ ਜਥੇਦਾਰ ਨੂੰ ਕੀਤੀ ਅਪੀਲ

Prabhjot Kaur
3 Min Read

ਅੰਮ੍ਰਿਤਸਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਅਪੀਲ ਕੀਤੀ ਹੈ ਕਿ ਸਿੱਖ ਕੌਮ ਦੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਸਤੇ ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਨੂੰ ਤੁਰੰਤ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰਕੇ ਤਨਖਾਹੀਆ ਕਰਾਰ ਦਿੱਤਾ ਜਾਵੇ।

ਜਥੇਦਾਰ ਸਾਹਿਬ ਨੂੰ ਲਿਖੇ ਪੱਤਰ ਵਿਚ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਪਰਮਜੀਤ ਸਿੰਘ ਸਰਨਾ ਵਲੋਂ ਕੌਮ ਨੂੰ ਗੁਮਰਾਹ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪਰਮਜੀਤ ਸਿੰਘ ਸਰਨਾ ਸਾਬਕਾ ਪ੍ਰਧਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਧਾਨ, ਅਕਾਲੀ ਦਲ ਬਾਦਲ (ਦਿੱਲੀ ਇਕਾਈ) ਨੇ ਆਪਣੇ ਦਿੱਲੀ ਕਮੇਟੀ ਦੀ ਪ੍ਰਧਾਨਗੀ ਦੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੋਤੀ ਦਿੰਦੇ ਹੋਏ ਕੌਮ ਨੂੰ ਗੁੰਮਰਾਹ ਅਤੇ ਸੰਗਤਾਂ ਨੂੰ ਸ਼ਸ਼ੋਪੰਜ ਵਿਚ ਪਾਉਂਦੇ ਆਏ ਹਨ ਜਿਵੇਂ ਕਿ ਦੋ-ਦੋ ਸੰਗਰਾਦਾਂ, ਦੋ-ਦੋ ਗੁਰਪੁਰਬ ਅਤੇ ਦਸਮ ਗ੍ਰੰਥ ਆਦਿ ਦੇ ਸਬੰਧ ਵਿਚ।ਇਹਨਾਂ ਨੇ ਹੁਣ ਇਕ ਨਵੇਂ ਵਿਵਾਦ ਨੂੰ ਜਨਮ ਦੇਣ ਦੀ ਕੌਝੀ ਕੋਸ਼ਿਸ਼ ਕੀਤੀ ਹੈ।

ਉਹਨਾਂ ਕਿਹਾ ਕਿ ਪਰਮਜੀਤ ਸਿੰਘ ਸਰਨਾ ਸੋਸ਼ਲ ਮੀਡੀਆ ‘ਤੇ ਵਾਰ-ਵਾਰ ਕਹਿ ਰਹੇ ਹਨ ਕਿ ਬਾਬਾ ਬਘੇਲ ਸਿੰਘ ਜੀ ਨੇ ਗੁੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਕੋਈ ਵੀ ਮਸੀਤ ਢਾਹ ਕੇ ਗੁਰਦੁਆਰਾ ਸਾਹਿਬ ਦੀ ਉਸਾਰੀ ਨਹੀਂ ਕੀਤੀ। ਜਦ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਵੁਚ ਸੰਸਥਾ ਦੁਆਰਾ ਪ੍ਰਕਾਸ਼ਿਤ ਕਿਤਾਬ ‘ਸ਼ਹੀਦੀ ਜੀਵਨ’ (ਲੇਖਕ ਗੁਰਬਖ਼ਸ਼ ਸਿੰਘ ‘ਸ਼ਮਸ਼ੇਰ’ ਝੁਬਾਲੀਆ) ਸਾਲ 2018 ਦੇ ਪੰਨਾ ਨੰਬਰ 32 ’ਤੇ ਸਾਫ਼-ਸਾਫ਼ ਲਿਖਿਆ ਹੈ ਕਿ ਬਾਬਾ ਬਘੇਲ ਸਿੰਘ ਜੀ ਨੇ ਮਸੀਤ ਢਾਹ ਕੇ ਗੁੰਬਦਦਾਰ ਮੰਦਰ ਬਣਵਾ ਕੇ ਗੁਰਦੁਆਰਾ ਕਾਇਮ ਕੀਤਾ।

ਉਹਨਾਂ ਕਿਹਾ ਕਿ ਪਰਮਜੀਤ ਸਿੰਘ ਸਰਨਾ, ਨੋਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸਿਕ ਸਥਾਨ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਇਤਿਹਾਸ ਨੂੰ ਵਿਗਾੜ ਰਹੇ ਹਨ ਅਤੇ ਬਾਬਾ ਬਘੇਲ ਸਿੰਘ ਜੀ ਦੁਆਰਾ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਤੇ ਸੰਗਤਾਂ ਨੂੰ ਗੁਮਰਾਹ ਕਰਨ ਦਾ ਗੁਨਾਹ ਕਰ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਸਮੇਂ ਸਿਰ ‘ਤੇ ਨਕੇਲ ਨਾ ਕੱਸੀ ਗਈ ਤਾਂ ਆਉਣ ਵਾਲੀ ਪਨੀਰੀ ਨੂੰ ਸਾਡੇ ਸਿੱਖ ਇਤਿਹਾਸ ਪ੍ਰਤੀ ਭਰਮ ਪੈਦਾ ਹੋ ਜਾਣਗੇ।

- Advertisement -

ਉਹਨਾਂ ਕਿਹਾ ਕਿ ਪੰਥ ਦੇ ਹਿਤ ਨੂੰ ਮੁੱਖ ਰੱਖਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਜੀ ਪਾਸ ਨਿਮਰਤਾ ਸਹਿਤ ਮੰਗ ਕਰਦੀ ਹੈ ਕਿ ਉਪਰੋਕਤ ਦੋਸ਼ਾਂ ਨੂੰ ਦੇਖਦੇ ਹੋੋਏ ਪਰਮਜੀਤ ਸਿੰਘ ਸਰਨਾ ਨੂੰ ਅਕਾਲ ਤਖ਼ਤ ’ਤੇ ਸੱਦ ਕੇ ਤਨਖਾਹੀਆ ਕਰਾਰ ਦਿੰਦੇੇ ਹੋਏ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment