ਚੰਡੀਗੜ੍ਹ : ਕੋਟਕਪੁਰਾ ਕਲਾਂ ਗੋਲੀ ਕਾਂਡ ਨੂੰ ਲੈ ਕੇ ਹਰ ਦਿਨ ਨਵੇਂ ਖੁਲਾਸੇ ਹੋ ਰਹੇ ਹਨ ਕਦੇ ਕੋਈ ਐਸ ਐਸ ਪੀ ਅੰਦਰ ਕੀਤਾ ਜਾ ਰਿਹਾ ਹੈ, ਤੇ ਕਦੇ ਕੋਈ ਆਈ ਜੀ, ਕਦੇ ਕੋਈ ਸਬ ਇੰਸਪੈਕਟਰ ਹਾਈ ਕੋਰਟ ਤੋਂ ਅਗਾਊਂ ਜਮਾਨਤਾਂ ਲੈ ਰਿਹਾ ਹੈ ਤੇ ਕਦੇ ਕੋਈ ਡੀਜੀਪੀ। ਪਰ ਇਨ੍ਹਾਂ ਮਾਮਲਿਆਂ ਦੀ ਜਾਂਚ ਕਰਨ ਵਾਲੀ ਐਸਆਈਟੀ ਹੈ, ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਚੜ੍ਹੀ ਆ ਰਹੀ ਹੈ। ਇਸ ਜਾਂਚ ਟੀਮ ਵੱਲੋਂ ਜੋ ਵੀ ਸੀਨੀਅਰ ਅਧਿਕਾਰੀ ਉਨ੍ਹਾਂ ਦੇ ਸ਼ੱਕ ਦੇ ਰਡਾਰ ‘ਤੇ ਆਇਆ ਉਸ ਨੂੰ ਪੁੱਛਗਿੱਛ ਤੋਂ ਬਾਅਦ ਜਾਂ ਤਾਂ ਗ੍ਰਿਫਤਾਰ ਕਰ ਲਿਆ ਤੇ ਜਾਂ ਉਹ ਗ੍ਰਿਫਤਾਰੀ ਤੋਂ ਡਰਦਾ ਮਾਰਾ ਭੱਜਿਆ ਫਿਰ ਰਿਹਾ ਹੈ । ਜਿਸ ਦੇ ਚਲਦਿਆਂ ਹੁਣ ਐਸਆਈਟੀ ਦੇ ਸ਼ੱਕ ਦੀ ਸੂਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਵੀ ਆਣ ਖੜ੍ਹੀ ਹੈ। ਦੋਸ਼ ਲੱਗ ਰਹੇ ਹਨ ਕਿ ਕੋਟਕਪੁਰਾ ਗੋਲੀ ਕਾਂਡ ‘ਚ ਪੁਲਿਸ ਵੱਲੋਂ ਗੋਲੀਬਾਰੀ ਲਈ ਜਿਹੜੀ ਰਾਈਫਲ ਵਰਤੀ ਗਈ ਸੀ ਉਹ ਸੁਖਬੀਰ ਬਾਦਲ ਦੇ ਇੱਕ ਕਰੀਬੀ ਵਕੀਲ ਦੋਸਤ ਦੀ ਸੀ।
ਦੱਸ ਦਈਏ ਕਿ ਕੋਟਕਪੁਰਾ ਗੋਲੀ ਕਾਂਡ ‘ਚ ਪੁਲਿਸ ਵੱਲੋਂ ਸਿੱਖ ਸੰਗਤਾਂ ‘ਤੇ ਫਾਇਰਿੰਗ ਕਰਨ ਤੋਂ ਬਾਅਦ ਕੇਸ ਨੂੰ ਇੱਕ ਨਵਾਂ ਮੋੜ ਦੇਣ ਲਈ ਇੱਕ ਕਰਾਸ ਐਫ ਆਈ ਆਰ ਦਰਜ਼ ਕੀਤੀ ਗਈ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਪੁਲਿਸ ਨੇ ਗੋਲੀ ਤਾਂ ਚਲਾਈ, ਕਿਉਂਕਿ ਪ੍ਰਦਰਸ਼ਨਕਾਰੀਆਂ ਨੇ 12 ਬੋਰ ਦੀ ਰਾਈਫਲ ਨਾਲ ਐਸ ਐਸ ਪੀ ਚਰਨਜੀਤ ਸ਼ਰਮਾਂ ਦੀ ਗੱਡੀ ‘ਤੇ ਗੋਲੀ ਚਲਾਈ ਸੀ। ਉਸ ਵੇਲੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਸੀ ਕਿ ਪੁਲਿਸ ਵੱਲੋਂ ਆਪਣੀ ਰੱਖਿਆ ਲਈ ਇਹ ਫਾਇਰਿੰਗ ਕੀਤੀ ਗਈ ਸੀ। ਪਰ ਇਸ ਬਾਰੇ ਐਸ ਆਈ ਟੀ ਨੇ ਜਦੋਂ ਜਾਂਚ ਦੌਰਾਨ ਸਮੇਂ ਦੇ ਐਸਐਸਪੀ ਚਰਨਜੀਤ ਸ਼ਰਮਾਂ ਦੇ ਡਰਾਇਵਰ ਗੁਰਨਾਮ ਸਿੰਘ ਤੋਂ ਪੁੱਛਗਿੱਛ ਕੀਤੀ, ਤਾਂ ਉਹ ਆਪਣੇ ਬਿਆਨ ਤੋਂ ਪਲਟ ਗਿਆ, ਤੇ ਕਹਿਣ ਲੱਗਾ ਕਿ ਕਿਸੇ ਪ੍ਰਦਰਸ਼ਨਕਾਰੀ ਨੇ ਉਨ੍ਹਾਂ ਦੀ ਜਿਪਸੀ ‘ਤੇ ਕੋਈ ਫਾਇਰ ਨਹੀਂ ਕੀਤਾ। ਇਸ ਤੋਂ ਬਾਅਦ ਐਸਆਈਟੀ ਗੁਰਨਾਮ ਸਿੰਘ ਨੂੰ ਤੁਰੰਤ ਫੜ੍ਹ ਕੇ ਅਦਾਲਤ ਵਿੱਚ ਲੈ ਗਈ ਜਿੱਥੇ ਜਾਂਚ ਅਧਿਕਾਰੀਆਂ ਨੇ ਜੱਜ ਦੇ ਸਾਹਮਣੇ ਸੀਆਰਪੀਸੀ ਦੀ ਧਾਰਾ 164 ਤਹਿਤ ਗੁਰਨਾਮ ਸਿੰਘ ਦਾ ਉਹ ਬਿਆਨ ਕਲਮਬੱਧ ਕਰਵਾ ਦਿੱਤਾ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਜਿਪਸੀ ‘ਤੇ ਕੋਈ ਗੋਲੀਬਾਰੀ ਨਹੀਂ ਹੋਈ। ਦੋਸ਼ ਇਹ ਵੀ ਲੱਗੇ ਕਿ ਇਸ ਦੇ ਉਲਟ ਉਸ ਵੇਲੇ ਪੁਲਿਸ ਵੱਲੋਂ ਆਪਣੀਆ ਹੀ ਜਿਪਸੀਆਂ ‘ਤੇ ਫਾਇਰਿੰਗ ਕਰਕੇ 200 ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ਼ ਕਰ ਲਿਆ ਸੀ।
ਇਸ ਦੇ ਉਲਟ ਐਸਆਈਟੀ ਦਾ ਇਹ ਦਾਅਵਾ ਹੈ ਕਿ ਜਾਂਚ ਦੌਰਾਨ ਸਾਹਮਣੇ ਇਹ ਆਇਆ ਹੈ ਕਿ ਉਸ ਵੇਲੇ ਪੁਲਿਸ ਵੱਲੋਂ ਫਾਇਰਿੰਗ ਲਈ ਜਿਸ ਦੁਨਾਲੀ ਬੰਦੂਕ ਦੀ ਵਰਤੋਂ ਕੀਤੀ ਗਈ, ਉਹ ਫਰੀਦਕੋਟ ਦੇ ਹਰਿੰਦਰ ਨਗਰ ਇਲਾਕੇ ‘ਚ ਰਹਿਣ ਵਾਲੇ ਇੱਕ ਵਕੀਲ ਦੀ ਸੀ ਜੋ ਕਿ ਸੁਖਬੀਰ ਬਾਦਲ ਦਾ ਬਹੁਤ ਕਰੀਬੀ ਦੋਸਤ ਮੰਨਿਆ ਜਾਂਦਾ ਹੈ। ਇਸ ਸਬੰਧੀ ਜਾਂਚ ਲਈ ਐਸਆਈਟੀ ਵੱਲੋਂ ਵਕੀਲ ਦੇ ਘਰ ਬੀਤੇ ਕੱਲ੍ਹ ਛਾਪਾ ਵੀ ਮਾਰਿਆ ਗਿਆ ਪਰ ਜਾਂਚ ਟੀਮ ਅਨੁਸਾਰ ਵਕੀਲ ਘਰ ਨਹੀਂ ਮਿਲਿਆ। ਦੋਸ਼ ਹੈ ਕਿ ਇਸ ਵਕੀਲ ਨੇ ਹੀ ਐਸਪੀ ਬਿਕਰਮ ਸਿੰਘ ਨੂੰ ਆਪਣੀ ਬੰਦੂਕ ਗੋਲੀਆਂ ਚਲਾਉਣ ਲਈ ਦਿੱਤੀ ਸੀ। ਹੁਣ ਇਨ੍ਹਾਂ ਦੋਸ਼ਾਂ ‘ਚ ਕਿੰਨੀ ਸੱਚਾਈ ਹੈ, ਇਹ ਤਾਂ ਬਾਕੀ ਲੋਕਾਂ ਦੇ ਫੜ੍ਹੇ ਜਾਣ ਜਾਂ ਜਾਂਚ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ, ਪਰ ਇੰਨਾਂ ਜਰੂਰ ਹੈ ਕਿ ਐਸਆਈਟੀ ਵੱਲੋਂ ਇਸ ਮਾਮਲੇ ਵਿੱਚ ਲਗਾਤਾਰ ਕਸੇ ਜਾ ਰਹੇ ਸ਼ਿਕੰਜੇ ਦਾ ਨਤੀਜਾ ਇਹ ਨਿੱਕਲਿਆ ਹੈ ਕਿ ਵਕੀਲ ਦੇ ਘਰ ਹੋਈ ਛਾਪਾਮਾਰੀ ਮਗਰੋਂ ਹੁਣ ਫਰੀਦਕੋਟ ਦਾ ਇੱਕ ਸਾਬਕਾ ਵਿਧਾਇਕ ਵੀ ਦਹਿਸ਼ਤ ਦਾ ਮਾਰਿਆ ਰੂਪੋਸ਼ ਹੋ ਗਿਆ ਹੈ।