ਕਵੀ ਦਰਸ਼ਨ ਸਿੰਘ ਅਵਾਰਾ – ਦੇਸ਼ ਭਗਤੀ ਦੀਆਂ ਕਵਿਤਾਵਾਂ ਦੇ ਸਨ ਰਚੇਤਾ

TeamGlobalPunjab
3 Min Read

-ਅਵਤਾਰ ਸਿੰਘ

ਉਘੇ ਲੇਖਕ ਤੇ ਕਵੀ ਦਰਸ਼ਨ ਸਿੰਘ ਅਵਾਰਾ ਦਾ ਜਨਮ 30 ਦਸੰਬਰ 1906 ਨੂੰ ਪਿੰਡ ਕਾਲਾ ਗੁਜਰਾਂ ਜ਼ਿਲਾ ਜੇਹਲਮ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਭਾਈ ਅਤਰ ਸਿੰਘ ਦਾ ਸਿੱਖ ਪਰਿਵਾਰ ਇਲਾਕੇ ਵਿੱਚ ਬੇਹਦ ਸਤਿਕਾਰ ਕੀਤਾ ਜਾਂਦਾ ਸੀ।

ਉਨ੍ਹਾਂ ਦੇ ਦਾਦਾ ਦਾਦੀ ਮਹਾਂਭਾਰਤ ਤੇ ਰਮਾਇਣ ਦੀਆਂ ਕਥਾਵਾਂ ਸੁਣਨ ਲਈ ਹਰਿਦੁਆਰ ਚਲੇ ਜਾਂਦੇ ਸਨ। ਜਦ ਉਹ 1912 ਵਿੱਚ ਕੁੰਭ ਦੇ ਮੇਲੇ ‘ਤੇ ਗਏ ਤਾਂ ਹੈਜੇ ਨਾਲ ਦੋਹਾਂ ਦੀ ਉਥੇ ਮੌਤ ਹੋ ਗਈ ਸੀ।

1923 ਵਿੱਚ ਦਰਸ਼ਨ ਸਿੰਘ ਨੇ ਦਸਵੀਂ ਪਾਸ ਕੀਤੀ। ਉਸ ਸਮੇਂ ਹੀ ਉਨ੍ਹਾਂ ਨੂੰ ਕਵਿਤਾ ਲਿਖਣ ਦਾ ਸ਼ੌਕ ਹੋ ਗਿਆ ਤੇ ਉਹ ਦਰਸ਼ਨ ਸਿੰਘ ਦਲਜੀਤ ਦੇ ਨਾਂ ਹੇਠ ਲਿਖਦੇ ਸਨ। ਉਨ੍ਹਾਂ ਦੀ ਫਰਵਰੀ 1924 ਵਿੱਚ ਪਹਿਲੀ ਕਿਤਾਬ ‘ਬਿਜਲੀ ਦੀ ਕੜਕ’ ਛਪੀ ਜਿਸ ਵਿੱਚ ਧਾਰਮਿਕ ਤੇ ਅੰਗਰੇਜ਼ ਵਿਰੋਧੀ ਕਵਿਤਾਵਾਂ ਸਨ ਜਿਸ ਕਾਰਨ ਸਰਕਾਰ ਨੇ ਇਹ ਕਿਤਾਬ ਜ਼ਬਤ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਪਰ ਉਹ ਹੱਥ ਨਾ ਆਏ।

- Advertisement -

ਉਹ ਸਟੇਜਾਂ ‘ਤੇ ਦੇਸ਼ ਭਗਤੀ ਦੀਆਂ ਕਵਿਤਾਵਾਂ ਬੜੇ ਜੋਸ਼ ਨਾਲ ਪੜ੍ਹਦੇ ਸਨ। ਉਨ੍ਹਾਂ ਦੀ ਅਵਾਰਾ ਤਖਲਸ਼ ਨਾਲ ਪਹਿਲੀ ਲਿਖੀ ਕਿਤਾਬ ‘ਬਗਾਵਤ’ ਸੀ ਜਿਸ ਦੇ ਕਈ ਐਡੀਸ਼ਨ ਛਪੇ।

ਇਸ ਵਿੱਚ 16 ਲੰਮੀਆਂ ਕਵਿਤਾਵਾਂ ਸਨ। ਇਸ ਵਿੱਚ ਛਪੀ ਕਵਿਤਾ ‘ਔਹ ਦੇਸ ਤੂੰ ਮੈਨੂੰ ਦਸ ਵੀਰਾ’ ਦਾ ਪਹਿਲਾ ਬੰਦ, ਜਿਥੇ ਘਰ ਵਿੱਚ ਘੁੱਪ ਹਨੇਰਾ ਹੈ, ਪਰ ਮੰਦਰੀਂ ਦੀਵੇ ਬਲਦੇ ਨੇ। ਭੰਗ ਭੁੱਜਦੀ ਹੈ ਘਰ ਗੁਆਂਢੀ ਦੇ, ਖਨਗਾਹੀਂ ਕੁੱਤੇ ਪਲਦੇ ਨੇ। ਮੋਇਆਂ ਦੀ ਪੂਜਾ ਹੁੰਦੀ ਹੈ, ਪਰ ਜਿਉਂਦੇ ਕੌੜੇ ਲੱਗਦੇ ਨੇ। ਓ ਦੇਸ਼ ਦੱਸ ਤੂੰ ਮੈਨੂੰ ਦੱਸ ਵੀਰਾ, ਬਰਬਾਦ ਨਾ ਹੋਵੇ ਤੇ ਕੀ ਹੋਵੇ।

ਉਨ੍ਹਾਂ ਦੇ ਤਿੰਨ ਵਿਆਹ ਹੋਏ ਸਨ। ਤੀਜੀ ਪਤਨੀ ਦੇ ਤਿੰਨ ਲੜਕੇ ਰਾਜਸਥਾਨ ਵਿੱਚ ਚਲੇ ਗਏ। 1941 ਵਿੱਚ ਉਨ੍ਹਾਂ ਦੀ ਕਿਤਾਬ ‘ਮੈਂ ਬਾਗੀ ਹਾਂ’ ਛਪੀ ਜਿਸ ਵਿੱਚ ਮਜ਼ਹਬਪ੍ਰਸਤੀ ਵਿਚਲੇ ਅਡੰਬਰਾਂ, ਰਾਜਸੀ ਚੇਤਨਾ, ਦੇਸ਼ ਭਗਤੀ, ਸਮਾਜਿਕ, ਆਰਥਿਕ ਸਮਾਨਤਾ ਬਾਰੇ ਕਵਿਤਾ ਦਾ ਰੰਗ ਬਖੇਰਿਆ ਹੈ।

ਤੀਜਾ ਕਾਵਿ ਸੰਗ੍ਰਿਹ ‘ਇਨਕਲਾਬ ਦੀ ਰਾਹ’ ਜੋ 1944 ਵਿੱਚ ਛਪਿਆ ਜਿਸਦਾ ਮੁਖਬੰਦ ਨਵਤੇਜ ਸਿੰਘ ਪ੍ਰੀਤਲੜੀ ਨੇ ਲਿਖਿਆ। ਦੇਸ਼ ਦੀ ਵੰਡ ਉਪਰੰਤ ਅਵਾਰਾ ਪਹਿਲਾਂ ਦਿੱਲੀ ਤੇ ਫਿਰ ਪੱਕੇ ਪਟਿਆਲੇ ਆਣ ਵੱਸੇ। ਇਥੇ ਜਦੀ ਕਿੱਤਾ ਬਜਾਜੀ ਦਾ ਨਾ ਚੱਲ ਸਕਿਆ। ਉਨ੍ਹਾਂ ਨੂੰ ਭਾਸ਼ਾ ਵਿਭਾਗ ਵਿੱਚ ਖੋਜ ਸਹਾਇਕ ਦੀ ਨੌਕਰੀ ਮਿਲ ਗਈ।

1952 ਵਿੱਚ ‘ਗੁਸਤਾਖੀਆਂ’ 1952 ਵਿਚ ‘ਹਲਚਲ’ 1972 ਵਿੱਚ ‘ਚੋਟਾਂ’ ਤੇ ਫਿਰ ‘ਅਵਾਰਗੀਆ’ ਜੋ 224 ਰੁਬਾਈਆਂ ਦੇ ਅਧਾਰਤ ਸੀ, ਦੋ ਨਾਵਲ ‘ਪ੍ਰਦੇਸੀ ਸੱਜਣ ਆਏ’, ‘ਸਵਰਗ ਨਰਕ’ ਤੇ ਇਕ ਕਹਾਣੀ ਸੰਗ੍ਰਿਹ ਛਪੇ।ਉਨਾਂ ਦਾ ਤਿੰਨ ਹਜ਼ਾਰ ਮੁਹਾਵਰੇ ਤੇ ਤਿੰਨ ਹਜ਼ਾਰ ਅਖਾਣ ਵਾਲਾ ਮੁਹਾਵਰਾ ਕੋਸ਼ ਛਪਿਆ।
ਮਗਰੋਂ ਤੀਹ ਹਜ਼ਾਰ ਮੁਹਾਵਰਿਆਂ ਦਾ ਖਰੜਾ ਪੰਜਾਬੀ ਯੂਨੀਵਰਸਿਟੀ ਨੂੰ ਦਿਤਾ ਜੋ ਛਪ ਨਾ ਸਕਿਆ।ਜਿਸ ਕਾਰਨ ਉਹ ਮਾਨਸਿਕ ਰੋਗੀ ਬਣ ਗਏ।1978 ਵਿੱਚ ਉਨ੍ਹਾਂ ਦੀ ਹਾਲਤ ਬਹੁਤ ਤਰਸਯੋਗ ਸੀ। 10 ਦਸੰਬਰ 1982 ਨੂੰ ਇਹ ਮਹਾਨ ਇਨਕਲਾਬੀ ਕਵੀ ਇਸ ਫਾਨੀ ਦੁਨੀਆ ਤੋਂ ਅਲਵਿਦਾ ਆਖ ਗਿਆ। ‘ਬਗਾਵਤ’ ਵਿੱਚ ਅਜਾਦੀ ਦੀ ਕਵਿਤਾ ਬਹੁਤ ਪ੍ਰਚਲਿਤ ਹੋਈ। #

- Advertisement -
Share this Article
Leave a comment